ਚੰਡੀਗੜ, 6ਸਤੰਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਰੀ ਨਾਲ ਹੀ ਸਹੀ ਮੀਡੀਆ ਨਾਲ ਗੱਲਬਾਤ ਦੌਰਾਨ ਕਬੂਲ ਕਰ ਚੁੱਕੇ ਹਨ ਕਿ ਹਾਲ ਹੀ ਵਿਚ ਪੰਜਾਬ ਵਿਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਪਿੱਛੇ ਆਈਐਸਆਈ ਦਾ ਹੱਥ ਹੈ। ਇਸ ਤਰਾਂ ਉਹਨਾਂ ਨੇ ਤਿੰਨ ਸਾਲ ਪਹਿਲਾ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਦਾ ਸਮਰਥਨ ਕਰ ਦਿੱਤਾ ਹੈ।
ਇਸ ਸੰਬੰਧੀ ਤਿੱਖਾ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ ਉੱਤੇ ਅਕਾਲੀ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਵਿਧਾਨ ਸਭਾ ਦੀ ਦੁਰਵਰਤੋਂ ਕੀਤੀ ਹੈ। ਹੁਣ ਅਚਾਨਕ ਹੀ ਉਸ ਨੂੰ ਸੋਝੀ ਆ ਗਈ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਆਈਐਸਆਈ ਵੱਲੋਂ ਕਰਵਾਈਆਂ ਗਈਆਂ ਹਨ।
ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਮਰਿੰਦਰ ਨੇ ਖੁਦ ਹੀ ਇਹ ਜਾਣਕਾਰੀ ਦਿੱਤੀ ਹੈ ਕਿ ਰਾਇਸ਼ੁਮਾਰੀ 2020 ਇਕੱਤਰਤਾ ਸਿੱਖਸ ਫਾਰ ਜਸਟਿਸ ਦੁਆਰਾ ਕਰਵਾਈ ਗਈ ਸੀ, ਜਿਸ ਵਾਸਤੇ ਆਈਐਸਆਈ ਨੇ ਪੈਸੇ ਲਗਾਏ ਸਨ। ਉਹਨਾਂ ਅੱਗੇ ਦੱਸਿਆ ਕਿ ਪਰੰਤੂ ਅਜੀਬ ਗੱਲ ਹੈ ਕਿ ਉਹ ਆਪਣੇ ਸਾਥੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਇਕੱਤਰਤਾ ਦੇ ਮੁੱਖ ਆਯੋਜਕਾਂ ਅਤੇ ਗਰਮ ਖ਼ਿਆਲੀ ਬਲਜੀਤ ਸਿੰਘ ਦਾਦੂਵਾਲ ਨਾਲ ਨੇੜਤਾ ਵਾਲੀ ਗੱਲ ਛੁਪਾ ਗਏ। ਜਦਕਿ ਦਾਦੂਵਾਲ ਨੂੰ ਕੈਪਟਨ ਨੇ ‘ਸ਼ਰਾਰਤੀ ਤੱਤ’ ਕਰਾਰ ਦਿੱਤਾ ਹੈ। ਸਰਦਾਰ ਗਰੇਵਾਲ ਨੇ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਬਾਜਵਾ ਨੂੰ ਤਰੰਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਰਾਸ਼ਟਰ-ਵਿਰੋਧੀ ਗਤੀਵਿਧੀਆਂ ਲਈ ਉਸ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਜੇਕਰ ਉਹ (ਅਮਰਿੰਦਰ) ਆਈਐਸਆਈ ਦੀ ਸ਼ਮੂਲੀਅਤ ਬਾਰੇ ਜਾਣਦੇ ਸਨ ਤਾਂ ਉਹਨਾਂ ਨੇ ਇੰਨੀ ਅਹਿਮ ਜਾਣਕਾਰੀ ਸੰਬੰਧੀ ਸਦਨ ਨੂੰ ਕਿਉਂ ਹਨੇਰੇ ਵਿਚ ਰੱਖਿਆ ਅਤੇ ਸਦਨ ਦੇ ਵਿਸ਼ੇਸ਼ ਅਧਿਕਾਰ ਦਾ ਉਲੰਘਣ ਕੀਤਾ। ਸਰਦਾਰ ਗਰੇਵਾਲ ਨੇ ਕਿਹਾ ਕਿ ਰਾਇਸ਼ੁਮਾਰੀ 2020 ਸਮਾਗਮ ਕਰਵਾਉਣ ਵਾਸਤੇ ਆਯੋਜਕਾਂ ਦੀ ਮੱਦਦ ਕਰਨ ਵਿਚ ਪਾਕਿਸਤਾਨੀ ਫੌਜ ਦੇ ਲੈਫਟੀਨੈਂਟ ਜਨਰਲ ਨੇ ਵਿਸ਼ੇਸ਼ ਤੌਰ ਤੇ ਮੱਦਦ ਕੀਤੀ ਸੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਇਸ ਦੇ ਬਾਵਜੂਦ ਅਮਰਿੰਦਰ ਸਿੰਘ ਅਕਾਲੀਆਂ ਨੂੰ ਇਸ ਮਾਮਲੇ ਵਿਚ ਫਸਾਉਣ ਲਈ ਪੂਰੀ ਵਾਹ ਲਾ ਰਿਹਾ ਹੈ। ਆਈਐਸਆਈ ਦੇ ਪਾਪਾਂ ਦੀ ਸਜ਼ਾ ਅਕਾਲੀ ਕਿਉਂ ਭੁਗਤਣ? ਅਮਰਿੰਦਰ ਦਾ ਇਹ ਆਪਾ ਵਿਰੋਧਾਭਾਸ ਕਿਸੇ ਨੂੰ ਸਮਝ ਨਹੀਂ ਆਉਂਦਾ। ਉਹਨਾਂ ਕਿਹਾ ਕਿ ਕਾਂਗਰਸ ਦੇ ਬਾਜਵਾ ਰਾਹੀਂ ਗਰਮਖ਼ਿਆਲੀਆਂ ਖਾਸ ਕਰਕੇ ਐਸਐਫਜੇ ਨਾਲ ਸੰਬੰਧ ਪੂਰੀ ਤਰ•ਾਂ ਸਾਬਿਤ ਹੋ ਚੁੱਕੇ ਹਨ। ਅਜਿਹੇ ਸਨਸਨੀਖੇਜ਼ ਖੁਲਾਸਿਆਂ ਮਗਰੋਂ ਇਸ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨੂੰ ਸਪੱਸ਼ਟੀਕਰਨ ਦੇਣਾ ਬਣਦਾ ਹੈ।
ਅਕਾਲੀ ਆਗੂ ਨੇ ਪੰਜਾਬ ਸਰਕਾਰ ਵੱਲੋਂ ਬੇਅਦਬੀ ਮਾਮਲਾ ਸੀਬੀਆਈ ਤੋਂ ਲੈ ਕੇ ਪੰਜਾਬ ਪੁਲਿਸ ਨੂੰ ਸੌਂਪੇ ਜਾਣ ਉੱਤੇ ਸੁਆਲ ਉਠਾਉਂਦਿਆਂ ਕਿਹਾ ਕਿ ਪੰਜਾਬ ਪੁਲਿਸ ਕੋਲ ਅੰਤਰਰਾਜੀ ਨੈਟਵਰਕ ਅਤੇ ਅੰਤਰਰਾਸ਼ਟਰੀ ਤਾਰਾਂ ਵਾਲੇ ਮਸਲੇ ਸੁਲਝਾਉਣ ਦੀ ਕੋਈ ਮੁਹਾਰਿਤ ਨਹੀਂ ਹੈ। ਇਸ ਲਈ ਸਪੱਸ਼ਟ ਹੈ ਕਿ ਸਰਕਾਰ ਦੀ ਨੀਅਤ ਇਸ ਮਾਮਲੇ ਦੀ ਜੜ• ਤਕ ਜਾਣ ਦੀ ਨਹੀਂ ਹੈ, ਸਗੋਂ ਪੰਜਾਬੀਆਂ ਨੂੰ ਮੂਰਖ ਬਣਾਉਣ ਅਤੇ ਅਕਾਲੀਆਂ ਨੂੰ ਬਦਨਾਮ ਕਰਨ ਵਾਸਤੇ ਬੇਲੋੜਾ ਤਮਾਸ਼ਾ ਕਰਨ ਦੀ ਹੈ।
ਉਹਨਾਂ ਕਿਹਾ ਕਿ ਇਹ ਗੱਲ ਹੁਣ ਕਿਸੇ ਤੋਂ ਲੁਕੀ ਨਹੀਂ ਹੈ ਕਿ ਵਿਵਾਦਗ੍ਰਸਤ 2020 ਸੰਮੇਲਨ ਤੋਂ ਕੁਝ ਦਿਨ ਪਹਿਲਾ ਬਾਜਵਾ ਐਸਐਫਜੇ ਦੇ ਅਵਤਾਰ ਸਿੰਘ ਪੰਨੂ ਨੂੰ ਮਿਲਿਆ ਸੀ, ਜਦੋਂ ਉਹ ਯੂਰੋਪੀਅਨ ਦੇਸ਼ਾਂ ਵਿਚ ਇਸ ਸਮਾਗਮ ਵਾਸਤੇ ਲੋਕਾਂ ਨੂੰ ਲਾਮਬੰਦ ਕਰ ਰਿਹਾ ਸੀ। ਬਾਜਵਾ ਦੀ ਦਲੀਲ ਇਹ ਹੈ ਕਿ ਪੰਨੂ ਦਾ ਭਰਾ ਉਸ ਦੇ ਹਲਕੇ ਦੀ ਇੱਕ ਅਜ਼ੀਮ ਹਸਤੀ ਹੈ। ਇੱਥੇ ਸੁਆਲ ਇਹ ਹੈ ਕਿ ਜਦੋਂ 2020 ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਉਸ ਸਮੇਂ ਹੀ ਬਾਜਵਾ ਨੇ ਪੰਨੂ ਨੂੰ ਮਿਲਣ ਦੀ ਖੇਚਲ ਕਿਉਂ ਉਠਾਈ?