ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵੱਲੋਂ ਅਧਿਆਪਕ ਪੱਖੀ ਲਏ ਗਏ ਅਹਿਮ ਫੈਸਲਿਆਂ ਲਈ ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਇਕ ਵਫਦ ਨੇ ਅੱਜ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨਾਲ ਮੁਲਾਕਾਤ ਕਰ ਕੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।
ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਤੇ ਸਰਪ੍ਰਸਤ ਰਣਜੀਤ ਸਿੰਘ ਬਾਠ ਦੀ ਅਗਵਾਈ ਵਿੱਚ ਮਿਲੇ ਵਫਦ ਨੇ ਸਿੱਖਿਆ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਲਟਕੀਆਂ ਪਈਆਂ ਕਈ ਮੰਗਾਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਤੁਰੰਤ ਪੂਰੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਨਵੇਂ ਭਰਤੀ ਅਧਿਆਪਕਾਂ ਦੀ ਕਨਫਰਮੇਸ਼ਨ ਅਤੇ 4-9-14 ਦੇ ਕੇਸ ਤੁਰੰਤ ਹੱਲ ਕੀਤੇ ਅਤੇ ਇਨ੍ਹਾਂ ਨੂੰ ਜਲਦੀ ਲਾਗੂ ਕਰਨ ਲਈ ਹੇਠਲੇ ਪੱਧਰ ‘ਤੇ ਸ਼ਕਤੀਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਆਮ ਬਦਲੀਆਂ ਵੀ ਪਾਰਦਰਸ਼ੀ ਢੰਗ ਨਾਲ ਹੋਈਆਂ। ਉਨ੍ਹਾਂ ਇਨ੍ਹਾਂ ਅਹਿਮ ਫੈਸਲਿਆਂ ਦਾ ਸਿਹਰਾ ਸਿੱਖਿਆ ਮੰਤਰੀ ਸਿਰ ਬੰਨ੍ਹਿਆ।
ਸਿੱਖਿਆ ਮੰਤਰੀ ਸ੍ਰੀਮਤੀ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਲੇ ਦਿਸ਼ਾ ਨਿਰਦੇਸ਼ਾਂ ਤਹਿਤ ਸਿੱਖਿਆ ਵਿਭਾਗ ਵੱਲੋਂ ਅਧਿਆਪਕ ਪੱਖੀ ਫੈਸਲੇ ਲਏ ਗਏ ਤਾਂ ਜੋ ਕਿਸੇ ਵੀ ਅਧਿਆਪਕ ਜਾਂ ਮੁਲਾਜ਼ਮ ਨੂੰ ਕਿਸੇ ਵੀ ਕੰਮ ਲਈ ਮੁੱਖ ਦਫਤਰ ਆ ਕੇ ਖੱਜਲ-ਖੁਆਰ ਨਾ ਹੋਣਾ ਪਿਆ।
ਅਧਿਆਪਕ ਯੂਨੀਅਨ ਵੱਲੋਂ ਇਹ ਮੁਲਾਕਾਤ ਚੰਡੀਗੜ੍ਹ ਸਥਿਤ ਸਿੱਖਿਆ ਮੰਤਰੀ ਦੀ ਸਰਕਾਰੀ ਰਿਹਾਇਸ਼ ਵਿਖੇ ਹੋਈ। ਇਸ ਮੌਕੇ ਸਾਬਕਾ ਵਿਧਾਇਕ ਸ੍ਰੀ ਅਸ਼ਵਨੀ ਸੇਖਵੀ ਵੀ ਹਾਜ਼ਰ ਸਨ।
ਅਧਿਆਪਕ ਪੱਖੀ ਫੈਸਲਿਆਂ ਲਈ ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦਾ ਕੀਤਾ ਧੰਨਵਾਦ
Advertisement
Advertisement