ਮਾਨਸਾ, 7 ਮਾਰਚ (ਵਿਸ਼ਵ ਵਾਰਤਾ)- ਅਧਿਆਪਕਾਂ ਦੇ ਹਿੱਤਾਂ ਲਈ ਸੰਘਰਸ਼ਾਂ ਵਿੱਚ ਮੋਹਰੀ ਰਹਿਣ ਵਾਲੇ ਅਧਿਆਪਕਾਂ ਨੇ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਜਨਮ ਭੂਮੀ ਕਿਸ਼ਨਗੜ੍ਹ ਫਰਵਾਹੀ ਤੋਂ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਲਾਇਬ੍ਰੇਰੀਆਂ ਖੋਲ੍ਹਣ ਦੀ ਇੱਕ ਨਿਵੇਕਲੀ ਪਿਰਤ ਪਾਈ ਹੈ। ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੰਜਾਬੀ ਦੇ ਉਘੇ ਸ਼ਾਇਰ ਸੁਰਜੀਤ ਪਾਤਰ ਨੇ ਸਕੂਲਾਂ ਵਿਚ ਲਾਇਬ੍ਰੇਰੀਆਂ ਖੋਲ੍ਹਣ ਦੀ ਮੁਹਿੰਮ ਦਾ ਆਗਾਜ਼ ਕਰਦਿਆਂ ਪੰਜਾਬ ਭਰ ਦੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਦੀਆਂ ਸਾਹਿਤਕ ਰੁਚੀਆਂ ਨੂੰ ਉਜਾਗਰ ਕਰਨ। ਉਨ੍ਹਾਂ ਕਲਾ ਪ੍ਰੀਸ਼ਦ ਵੱਲੋਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਅਧਿਆਪਕਾਂ ਦੀ ਡੱਟਵੀਂ ਹਮਾਇਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਨਵੇਂ ਸੈਸ਼ਨ ਤੋਂ ਪੰਜਾਬ ਦੇ ਉਘੇ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕੀਤਾ ਜਾਵੇਗਾ।
ਪ੍ਰਸਿੱਧ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਨੇ ਕਿਹਾ ਕਿ ਬੱਚਿਆਂ ਨੂੰ ਆਮ ਪੜ੍ਹਾਈ ਦੇ ਨਾਲ-ਨਾਲ ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਵੀ ਪ੍ਰਚੰਡ ਕਰਨ ਦੀ ਲੋੜ ਹੈ, ਜਿਸ ਲਈ ਇੱਕ ਅਧਿਆਪਕ ਹੀ ਸਭ ਤੋਂ ਵੱਡੀ ਪਹਿਲ ਕਦਮੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਅਧਿਆਪਕਾਂ ਵੱਲੋਂ ਕੀਤੀ ਨਿਵੇਕਲੀ ਪਹਿਲ ਕਦਮੀ ਹੋਰਨਾਂ ਜ਼ਿਲ੍ਹਿਆਂ ਲਈ ਮਿਸਾਲ ਬਣੇਗੀ।
ਅਧਿਆਪਕ ਜਥੇਬੰਦੀ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਬੇਸ਼ੱਕ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਕਦੇ ਕਦਾਈ ਕੋਈ ਗ੍ਰਾਂਟ ਸਕੂਲ ਲਾਇਬ੍ਰੇਰੀਆਂ ਲਈ ਆ ਜਾਂਦੀ ਹੈ, ਪਰ ਪ੍ਰਾਇਮਰੀ ਪੱਧਰ ‘ਤੇ ਮਿਆਰੀ ਸਿੱਖਿਆ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ, ਕਿਉਂਕਿ ਪਿਛਲੇ ਲੰਬੇ ਸਮੇਂ ਵਿਦਿਆਰਥੀਆਂ ਦੇ ਲਈ ਸਾਹਿਤਕ ਲਾਇਬ੍ਰੇਰੀਆਂ ਖੋਲ੍ਹਣਾ ਤਾਂ ਦੂਰ ਦੀ ਗੱਲ, ਸਗੋਂ ਸਿਲੇਬਸ ਨਾਲ ਸਬੰਧਤ ਕਿਤਾਬਾਂ ਵੀ ਸਮੇਂ ਸਿਰ ਨਹੀਂ ਆ ਰਹੀਆਂ, ਜਿਸ ਕਰਕੇ ਹੁਣ ਬੱਚਿਆਂ ਦੇ ਹਿੱਤਾਂ ਨੂੰ ਵੇਖਦਿਆਂ ਜ਼ਿਲ੍ਹੇ ਦੇ ਉਦਮੀ ਅਧਿਆਪਕਾਂ ਨੇ ਪ੍ਰਾਇਮਰੀ ਸਕੂਲਾਂ ਦੀ ਸਾਰ ਲੈਣ ਦਾ ਫੈਸਲਾ ਕੀਤਾ ਹੈ।
ਪ੍ਰੋ. ਅਜਮੇਰ ਸਿੰਘ ਔਲਖ ਦੀ ਧਰਮ-ਪਤਨੀ ਅਤੇ ਰੰਗਕਰਮੀ ਸ਼੍ਰੀਮਤੀ ਮਨਜੀਤ ਕੌਰ ਔਲਖ ਨੇ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਅਧਿਆਪਕਾਂ ਦੇ ਸੰਗਠਨ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਖੋਲ੍ਹੀਆਂ ਜਾ ਰਹੀਆਂ 100 ਬਾਲ ਲਾਇਬ੍ਰੇਰੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਮੁਹਿੰਮ ਨਾਲ, ਜਿੱਥੇ ਨਵੀਂ ਪੀੜੀ ਰੰਗਮੰਚ ਦੇ ਉਘੇ ਹਸਤਾਖ਼ਰ ਪ੍ਰੋ. ਅਜਮੇਰ ਸਿੰਘ ਔਲਖ ਦੇ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹੋਵੇਗੀ, ਉਥੇ ਸਕੂਲੀ ਲਾਇਬ੍ਰੇਰੀਆਂ ਵਿਚਲੇ ਸਾਹਿਤ ਨਾਲ ਉਹ ਹੋਰ ਚੇਤਨ ਹੋਣਗੇ।
ਨਹਿਰੂ ਯੁਵਾ ਕੇਂਦਰ ਦੇ ਸਟੇਟ ਲੇਖਾਕਾਰ ਸੰਦੀਪ ਘੰਡ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਸਭਿਆਚਾਰ ਚੇਤਨਾ ਮੰਚ ਦੇ ਡਾਇਰੈਕਟਰ ਹਰਿੰਦਰ ਸਿੰਘ ਮਾਨਸ਼ਾਹੀਆ, ਪ੍ਰਧਾਨ ਸਰਭਜੀਤ ਕੌÎਂਸ਼ਲ, ਮਨਜੀਤ ਸਿੰਘ ਚਹਿਲ, ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਬਲਜਿੰਦਰ ਜੌੜਕੀਆਂ, ਗੁਰਮੇਲ ਕੌਰ ਜੋਸ਼ੀ ਨੇ ਵੀ ਇਸ ਸਾਰਥਕ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਮੁਹਿੰਮ ਪੰਜਾਬ ਭਰ ਵਿੱਚ ਸਾਹਿਤਕ ਰੁਚੀਆਂ ਦਾ ਨਵਾਂ ਮਾਹੌਲ ਸਿਰਜੇਗੀ।
ਮੰਚ ਦੇ ਆਗੂ ਸੁਦਰਸ਼ਨ ਕੁਮਾਰ,ਰਾਜੇਸ਼ ਬੁਢਲਾਡਾ,ਯੋਗਿਤਾ ਜੋਸ਼ੀ,ਗੁਰਪ੍ਰੀਤ ਕੌਰ,ਈਸ਼ਾ ਮੌਗਾ,ਬਲਵਿੰਦਰ ਸਿੰਘ ਬੁਢਲਾਡਾ,ਗੁਰਪ੍ਰੀਤ ਕੌਰ ਚਹਿਲ, ਜਗਜੀਤ ਵਾਲੀਆ ਨੇ ਵੀ ਸੰਬੋਧਨ ਕੀਤਾ।
ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਸਿੱਖਿਆ ਸਹੂਲਤਾਂ ਵਿੱਚ ਪੰਜਾਬ ਦੇ ਸਭ ਤੋਂ ਫਾਡੀ ਜ਼ਿਲ੍ਹੇ ਵਿੱਚ ਸਿੱਖਿਆ ਵਿਕਾਸ ਮੰਚ ਵੱਲੋਂ ਇਸ ਮੁਹਿੰਮ ਦੇ ਪਹਿਲੇ ਪੜਾਅ ਦੌਰਾਨ ਸਰਕਾਰੀ ਸਕੂਲਾਂ ਵਿੱਚ 100 ਲਾਇਬ੍ਰੇਰੀਆਂ ਖੋਲ੍ਹਣ ਦੇ ਨਾਲ-ਨਾਲ ਪੰਜਾਬ ਭਰ ਦੇ ਸਾਹਿਤਕਾਰਾਂ/ਲੇਖਕਾਂ ਨੂੰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨਾਲ ਰੂ-ਬ-ਰੂ ਕੀਤਾ ਜਾਵੇਗਾ ਤਾਂ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਅਤੇ ਚੰਗੇ ਸਹਿਤ ਪ੍ਰਤੀ ਉਤਸ਼ਾਹਤ ਹੋ ਸਕਣ। ਉਹਨਾਂ ਦੱਸਿਆ ਕਿ ਮੰਚ ਵੱਲੋਂ ਜ਼ਿਲ੍ਹੇ ਅੰਦਰ ਸਕੂਲਾਂ ਕਾਲਜਾਂ ਵਿੱਚ ਨਾਟਕ, ਵਿਚਾਰ ਗੋਸ਼ਟੀਆਂ ਅਤੇ ਵਿਦਿਆਰਥੀਆਂ ਦੇ ਸਹਿਤਕ ਸਭਿਆਚਾਰਕ ਮੁਕਾਬਲੇ ਵੀ ਕਰਵਾਏ ਜਾਣਗੇ।
ਸਮਾਗਮ ਦੌਰਾਨ ਜ਼ਿਲ੍ਹੇ ਭਰ ਵਿਚੋਂ ਸੁੰਦਰ ਲਿਖਾਈ ਵਿੱਚੋਂ ਮੋਹਰੀ ਸਥਾਨ ਪ੍ਰਾਪਤ ਕਰਨ ਵਾਲੇ ਖੁਸ਼ਵਿੰਦਰ ਖੁਸ਼ੀ, ਜਸਪ੍ਰੀਤ ਸਿੰਘ ਤੋਂ ਇਲਾਵਾ ਉਹਨਾਂ ਦੇ ਸਕੂਲ ਮੁਖੀ ਕੇਸਰ ਚੰਦ, ਅਧਿਆਪਕ ਬਲਵਿੰਦਰ ਸਿੰਘ, ਅਮਰਿੰਦਰ ਸਿੰਘ ਦਾਤੇਵਾਸ ਅਤੇ ਸਮਾਜ ਸੇਵੀ ਮੇਜਰ ਸਿੰਘ ਲਾਇਨਮੈਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਕਲਾਕਾਰ ਮਨਿੰਦਰ ਸਿੰਘ ਵੱਲੋਂ ਡਾ. ਸੁਰਜੀਤ ਪਾਤਰ ਅਤੇ ਸੁਖਵਿੰਦ ਅੰਮ੍ਰਿਤਾ ਨੂੰ ਉਹਨਾਂ ਦੇ ਸਕੈਚ ਭੇਂਟ ਕਰਦਿਆਂ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਦਾ ਹੱਥ ਲਿਖਤ ਮੈਗਜ਼ੀਨ ਵੀ ਰਿਲੀਜ ਕੀਤਾ ਗਿਆ। ਮੰਚ ਦੇ ਆਗੂ ਸੁਦਰਸ਼ਨ ਕੁਮਾਰ, ਯੋਗਿਤਾ ਜੋਸ਼ੀ, ਗੁਰਪ੍ਰੀਤ ਕੌਰ, ਈਸ਼ਾ ਮੌਗਾ, ਬਲਵਿੰਦਰ ਸਿੰਘ ਬੁਢਲਾਡਾ, ਗੁਰਪ੍ਰੀਤ ਕੌਰ ਚਹਿਲ, ਜਗਜੀਤ ਵਾਲੀਆ, ਰਾਜਵਿੰਦਰ ਖੱਤਰੀਵਾਲਾ, ਅਕਬਰ ਸਿੰਘ ਬੱਪੀਆਣਾ, ਰਣਧੀਰ ਸਿੰਘ ਆਦਮਕੇ, ਬਲਜਿੰਦਰ ਖਿਆਲਾ, ਬਲਵਿੰਦਰ ਸ਼ਰਮਾ, ਮਨਜੀਤ ਕੁਮਾਰ, ਵਿਜੈ ਬਰੇਟਾ, ਗੁਰਵਿੰਦਰ ਮਠਾੜੂ, ਸੁਰਜੀਤ ਪੁਮਾਰ, ਗੁਰਪ੍ਰੀਤ ਕੌਰ ਚਹਿਲ, ਸ਼ਸ਼ੀ ਭੂਸ਼ਣ, ਸਤੀਸ਼ ਕੁਮਾਰ, ਜਗਤਾਰ ਔਲਖ, ਮਨਪ੍ਰੀਤ ਕੌਰ, ਜਗਜੀਵਨ ਸਿੰਘ ਵੀ ਹਾਜਰ ਸਨ।
ਫੋਟੋ ਕੈਪਸ਼ਨ: ਪ੍ਰੋ. ਅਜਮੇਰ ਔਲਖ ਦੀ ਜਨਮ ਭੂਮੀ ਪਿੰਡ ਕਿਸ਼ਨਗੜ੍ਹ ਫਰਵਾਹੀ ਤੋਂ ਲਾਇਬ੍ਰੇਰੀ ਦਾ ਉਦਘਾਟਨ ਕਰਦੇ ਹੋਏ ਸੁਰਜੀਤ ਪਾਤਰ ਤੇ ਹੋਰ।