ਅਕਾਲੀ-ਭਾਜਪਾ ਦਾ ਸਾਂਝਾ ਵਫਦ ਕੱਲ੍ਹ ਭਾਰਤੀ ਮੁੱਖ ਚੋਣ ਕਮਿਸ਼ਨ ਨਾਲ ਕਰੇਗੀ ਮੁਲਾਕਾਤ

689
Advertisement


ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ)-ਭਾਜਪਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦਾ ਇੱਕ ਉੱਚ ਪੱਧਰੀ ਸਾਂਝਾ ਵਫ਼ਦ ਕੱਲ੍ਹ ਦਿੱਲੀ ਵਿਖੇ ਭਾਰਤੀ ਮੁੱਖ ਚੋਣ ਕਮਿਸ਼ਨ ਨੂੰ ਮਿਲੇਗਾ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਖਿਲਾਫ ਦਰਜ ਕੀਤੇ ਝੂਠੇ ਕੇਸਾਂ ਦੀ ਉੱਚ ਪੱਧਰੀ ਜਾਂਚ ਅਤੇ ਉਹਨਾਂ ਖਿਲਾਫ ਐਫਆਈਆਰਜ਼ ਨੂੰ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕਰੇਗਾ। ਇਸ ਵਫਦ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਨੁੰਮਾਇਦਗੀ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਨਰੇਸ਼ ਕੁਮਾਰ ਗੁਜਰਾਲ (ਸਾਰੇ ਲੋਕ ਸਭਾ ਮੈਂਬਰ), ਜਨਰਲ ਸਕੱਤਰ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਕਰਨਗੇ। ਦੂਜੇ ਪਾਸੇ ਭਾਜਪਾ ਵਿਚੋਂ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ,ਸਾਂਸਦ ਸ਼ਵੇਤ ਮਲਿਕ ਅਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਕੁਮਾਰ ਇਸ ਵਫ਼ਦ ਦਾ ਹਿੱਸਾ ਹੋਣਗੇ।
ਇਸ ਬਾਰੇ ਚੰਡੀਗੜ੍ਹ ਵਿਚ ਪਾਰਟੀ ਦੇ ਮੁੱਖ ਦਫਤਰ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ 20 ਅਗਸਤ 2017 ਅਤੇ 21 ਅਗਸਤ 2017 ਨੂੰ ਦੋ ਝੂਠੀਆਂ ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ। ਪਹਿਲੀ 58 ਨੰਬਰ ਐਫਆਈਆਰ 20 ਅਗਸਤ ਨੂੰ ਜ਼ਿਲ੍ਹਾ ਗੁਰਦਾਸਪੁਰ ‘ਚ ਪੈਂਦੇ ਟਿੱਬਰ ਪੁਲਿਸ ਸਟੇਸ਼ਨ ਵਿਚ ਦਰਜ ਕੀਤੀ ਗਈ ਸੀ। ਇਹ ਐਫਆਈਆਰ ਸਾਬਕਾ ਮੰਤਰੀਆਂ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਸ਼ੁਗਰਫੈਡ ਦੇ ਚੇਅਰਮੈਨ ਸੁਖਬੀਰ ਸਿੰਘ ਵੱਲ੍ਹਾ, ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਧੁੱਗਾ ਤੋਂ ਇਲਾਵਾ ਹੋਰ ਪਾਰਟੀ ਆਗੂਆਂ ਪਰਮਬੀਰ ਸਿੰਘ ਲੇਡੀ, ਰਤਨ ਸਿੰਘ, ਰਵਿੰਦਰ ਸਿੰਘ ਰਾਣਾ ਅਤੇ ਤਰਸੇਮ ਸਿੰਘ ਨਿਹੰਗ ਖ਼ਿਲਾਫ ਦਰਜ ਕੀਤੀ ਗਈ ਹੈ। ਦੂਜੀ 57 ਨਬਰ ਐਫਆਈਆਰ 21 ਅਗਸਤ ਨੂੰ ਭੈਣੀ ਮੀਆਂ ਖਾਨ ਪੁਲਿਸ ਸਟੇਸ਼ਨ ਵਿਚ ਦਰਜ ਕੀਤੀ ਗਈ ਸੀ। ਇਸ ਐਫਆਈਆਰ ਵਿਚ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਮਾਸਟਰ ਗੁਰਨਾਮ ਸਿੰਘ, ਕੰਵਲਪ੍ਰੀਤ ਸਿੰਘ, ਪਰਮਬੀਰ ਸਿੰਘ, ਗੁਰਿੰਦਰ ਸਿੰਘ, ਇਕਬਾਲ ਸਿੰਘ ਲਾਡੀ, ਲਾਲ ਸਰਪੰਚ, ਸੁਖਦੇਵ ਸਿੰਘ ਸਰਪੰਚ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਪਾਲਾ ਸਰਪੰਚ ਕਾਹਨੂੰਵਾਲ, ਸਰਬਜੀਤ ਸਿੰਘ, ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਚੰਚਲ ਸਿੰਘ, ਅਮਰਜੀਤ ਸਿੰਘ, ਗੁਰਨਾਮ ਸਿੰਘ, ਹਰਦੀਪ ਸਿੰਘ, ਗੁਰਪ੍ਰਤਾਪ ਸਿੰਘ, ਦਿਲਬਾਗ ਸਿੰਘ, ਗੁਰਮੇਲ ਅਤੇ 250 ਅਣਪਛਾਤੇ ਵਿਅਕਤੀਆਂ ਦੇ ਨਾਂ ਸ਼ਾਮਿਲ ਹਨ।
ਡਾ ਚੀਮਾ ਨੇ ਦੱਸਿਆ ਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਨਿਰਦੇਸ਼ ਉੱਤੇ ਇੱਕ ਡੂੰਘੀ ਸਾਜ਼ਿਸ਼ ਤਹਿਤ ਇਹਨਾਂ ਆਗੂਆਂ ਖਿਲਾਫ ਕੇਸ ਦਰਜ ਕੀਤੇ ਗਏ ਹਨ ਤਾਂ ਕਿ ਗੁਰਦਾਸਪੁਰ ਲੋਕਾ ਸਭਾ ਜ਼ਿਮਨੀ ਚੋਣ ਦੇ ਚੋਣ ਪ੍ਰਚਾਰ ਮੌਕੇ ਇਹਨਾਂ ਨੂੰ ਗਿਰਫਤਾਰ ਕਰ ਲਿਆ ਜਾਵੇ। ਉਹਨਾਂ ਕਿਹਾ ਕਿ ਇਹ ਸਾਰੇ ਆਗੂ ਗੁਰਦੁਆਰਾ ਛੋਟਾ ਘੱਲੂਘਾਰਾ  ਵਿਖੇ ਕਾਂਗਰਸ ਪੱਖੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਵੱਲੋਂ ਕੀਤੀ ਬੇਅਦਬੀ ਦਾ ਮੌਕਾ ਵੇਖਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਲ ਗਏ ਸਨ।
ਡਾਕਟਰ ਚੀਮਾ ਨੇ ਅੱਗੇ ਦੱਸਿਆ ਕਿ ਸਥਾਨਕ ਪੁਲਿਸ ਪ੍ਰਸਾਸ਼ਨ ਨੇ ਇੱਕ ਪਾਸੇ ਤਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ  ਨੂੰ ਆਪਣਾ ਧਾਰਮਿਕ ਫਰਜ਼ ਨਿਭਾਉਣ ਤੋਂ ਰੋਕਣ ਦੀ ਗਲਤੀ ਕੀਤੀ ਸੀ ਅਤੇ ਦੂਜੇ ਪਾਸੇ ਉਹਨਾਂ ਨੇ ਬਿਨਾਂ ਕਿਸੇ ਕਾਨੂੰਨ ਦੀ ਉਲੰਘਣਾ ਹੋਏ ਵੱਡੀ ਗਿਣਤੀ ਵਿਚ ਅਕਾਲੀ ਆਗੂਆਂ ਖਿਲਾਫ ਝੂਠੇ ਕੇਸ ਪਾ ਦਿੱਤੇ ਸਨ।
ਉਹਨਾਂ ਕਿਹਾ ਕਿ ਵਫਦ ਕਮਿਸ਼ਨ ਨੂੰ ਸੱਤਾਧਾਰੀ ਕਾਂਗਰਸ ਪਾਰਟੀ ਦੇ ਨਾਪਾਕ ਇਰਾਦਿਆਂ ਬਾਰੇ ਜਾਣੂ ਕਰਵਾਏਗਾ, ਜਿਸ ਨੇ ਅਕਾਲੀ ਆਗੂਆਂ ਨੂੰ ਚੋਣ ਮੁਹਿੰਮ ਤੋਂ ਦੂਰ ਰੱਖਣ ਲਈ ਉਹਨਾਂ ਵਿਰੁੱਧ ਝੂਠੇ ਕੇਸ ਪਾ ਦਿੱਤੇ ਹਨ ਤਾਂ ਕਿ ਜੇਕਰ ਉਹ ਚੋਣ ਪ੍ਰਚਾਰ ਕਰਨ ਤਾਂ ਉਹਨਾਂ ਨੂੰ ਗਿਰਫਤਾਰ ਕਰ ਲਿਆ ਜਾਵੇ।
ਡਾਕਟਰ ਚੀਮਾ ਨੇ ਕਿਹਾ ਕਿ ਇਹ ਸਾਰੇ ਤੱਥ ਚੋਣ ਕਮਿਸ਼ਨ ਦੇ ਨੋਟਿਸ ਵਿਚ ਲਿਆਂਦੇ ਜਾਣਗੇ ਅਤੇ ਦੋਹਾਂ ਪਾਰਟੀਆਂ ਵੱਲੋਂ ਇੱਕ ਲਿਖਤੀ ਮੈਮੋਰੰਡਮ ਵੀ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ  ਅਸੀਂ ਚੋਣ ਕਮਿਸ਼ਨ ਕੋਲੋਂ ਨਿਰਪੱਖ ਜਾਂਚ ਅਤੇ ਸਾਰੀਆਂ ਐਫਆਈਆਰਜ਼ ਤੁਰੰਤ ਰੱਦ ਕੀਤੇ ਜਾਣ ਦੀ ਮੰਗ ਕਰਾਂਗੇ। ਇਸ ਦੇ ਨਾਲ ਹੀ ਆਪਣੇ ਸਿਆਸੀ ਆਕਾਵਾਂ ਨੁੰ ਖੁਸ਼ ਕਰਨ ਲਈ ਝੂਠੇ ਕੇਸ ਦਰਜ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਦਾਗੀ ਅਧਿਕਾਰੀਆਂ ਦੀ ਤੁਰੰਤ ਗੁਰਦਾਸਪੁਰ ਸੰਸਦੀ ਹਲਕੇ ਤੋਂ ਬਾਹਰ ਬਦਲੀ ਦੀ ਮੰਗ ਵੀ ਕੀਤੀ ਜਾਵੇਗੀ ਤਾਂ ਕਿ ਨਿਰਪੱਖ ਅਤੇ ਅਜ਼ਾਦ ਤਰੀਕੇ ਨਾਲ ਜ਼ਿਮਨੀ ਚੋਣ ਕਰਵਾਈ ਜਾ ਸਕੇ।

Advertisement

LEAVE A REPLY

Please enter your comment!
Please enter your name here