ਚੰਡੀਗੜ੍ਹ (ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਤੋਂ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇਣ ਕਾਰਨ ਨਾਰਾਜ਼ਗੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਹੁਣ ਢੀਂਡਸਾ ਪਰਿਵਾਰ ਨੇ ਵੱਡਾ ਕਦਮ ਚੱਕ ਲਿਆ ਹੈ। ਐਲਾਨ ਕਰ ਦਿੱਤਾ ਹੈ ਕਿ ਉਹ ਸ਼ਿਰੋਮਣੀ ਅਕਾਲੀ ਦਲ ਨਾਲ ਨਹੀਂ ਚਲਣਗੇ। ਉਨ੍ਹਾਂ ਨੇ ਕਿਹਾ ਕਿ ਕਿਹਾ ਸੰਗਰੂਰ ਤੋਂ ਪਰਮਿੰਦਰ ਢੀਂਡਸਾ ਨੂੰ ਟਿਕਟ ਨਾ ਦੇਣ ਕਾਰਨ ਸਾਡੇ ਵਰਕਰਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ,ਅਕਾਲੀ ਹਾਂ ਤੇ ਅਕਾਲੀ ਹੀ ਰਹਾਂਗੇ ! ਹੁਣ ਵਰਕਰ ਅਜਾਦ ਚੋਣ ਲੜਨ ਲਈ ਕਹਿ ਰਹੇ ਹਨ ਤੇ ਅੱਗੇ ਦੀ ਰਣਨੀਤੀ ਜਲਦ ਤੈਅ ਕੀਤੀ ਜਾਵੇਗੀ।
ਦੱਸ ਦਈਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁੱਧਵਾਰ ਸ਼ਾਮੀ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ‘ਤੇ ਪਹੁੰਚੇ। ਦੱਸਿਆ ਜਾਂਦਾ ਹੈ ਕਿ ਦੋਵਾਂ ਆਗੂਆਂ ਦਰਮਿਆਨ ਕਰੀਬ 15 ਮਿੰਟ ਕਮਰਾ ਬੰਦ ਮੀਟਿੰਗ ਹੋਈ। ਪਰ ਬੁੱਧਵਾਰ ਨੂੰ ਹੀ ਢੀਂਡਸਾ ਨੇ ਆਪਦੇ ਸਮਰਥਕਾਂ ਸਣੇ ਕਈ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਨਾਲ ਗੱਲਬਾਤ ਕੀਤੀ ਸੀ ਤੇ ਇਸਤੋਂ ਬਾਅਦ ਢੀਂਡਸਾ ਧੜੇ ਦੇ ਜ਼ਿਆਦਾਤਰ ਆਗੂਆਂ ਨੇ ਵੋਟਾਂ ਵਿੱਚ ਅਕਾਲੀ ਆਗੂਆਂ ਦੀ ਮੁਖਾਲਫਤ ਕਰਨ ਦਾ ਸੁਝਾਅ ਵੀ ਦਿੱਤਾ ਸੀ ਪਰ ਜਾਰੀ ਬਿਆਨ ‘ਚ ਢੀਂਡਸਾ ਨੇ ਅਕਾਲੀ ਸਿਧਾਂਤਾਂ ‘ਤੇ ਖੜ੍ਹੇ ਹੋਣ ਦੀ ਹੀ ਗੱਲ ਕਹੀ ਸੀ। ਇਹ ਵੀ ਦੱਸ ਦਈਏ ਕਿ ਸੁਖਬੀਰ ਬਾਦਲ ਢੀਂਡਸਾ ਪਰਿਵਾਰ ਨੂੰ ਮਨਾਉਣ ਵਿੱਚ ਜੁਟਿਆ ਹੋਇਆ ਸੀ ,ਉੱਥੇ ਹੀ ਵੱਖ-ਵੱਖ ਪਾਰਟੀਆਂ ਵੀ ਢੀਂਡਸਾ ਪਰਿਵਾਰ ਨੂੰ ਆਪਣੇ ਵਿੱਚ ਸ਼ਾਮਿਲ ਕਰਵਾਉਣ ਲਈ ਯਤਨਸ਼ੀਲ ਹਨ।