ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

58


• ਅੰਡਰ 17 ਮੁੱਕੇਬਾਜ਼ੀ ਵਿੱਚ ਪੰਜਾਬ ਨੇ 2 ਸੋਨੇ, 4 ਚਾਂਦੀ ਤੇ 2 ਕਾਂਸੀ ਦੇ ਤਮਗੇ ਜਿੱਤੇ
• ਸਿੱਖਿਆ ਮੰਤਰੀ ਅਰੁਨਾ ਚੌਧਰੀ ਵੱਲੋਂ ਖੇਡ ਵਿੰਗ ਤੇ ਖਿਡਾਰੀਆਂ ਨੂੰ ਮੁਬਾਰਕਬਾਦ
ਚੰਡੀਗੜ, 11 ਦਸੰਬਰ (ਵਿਸ਼ਵ ਵਾਰਤਾ)-ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ 63ਵੀਆਂ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਦੇਹਰਾਦੂਨ ਵਿਖੇ ਕੌਮੀ ਸਕੂਲ ਖੇਡਾਂ ਦੇ ਮੁੱਕੇਬਾਜ਼ੀ ਦੇ ਅੰਡਰ 17 ਵਰਗ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਦੇ ਮੁੱਕੇਬਾਜ਼ਾਂ ਨੇ 2 ਸੋਨੇ, 4 ਚਾਂਦੀ ਤੇ 2 ਕਾਂਸੀ ਦੇ ਤਮਗੇ ਜਿੱਤੇ।
ਸਿੱਖਿਆ ਮੰਤਰੀ ਨੇ ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਦੇ ਬਿਹਤਰ ਪ੍ਰਦਰਸ਼ਨ ਲਈ ਖੇਡ ਵਿੰਗ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਵੀ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਖਿਡਾਰੀਆਂ ‘ਤੇ ਮਾਣ ਹੈ ਜਿਨਾਂ ਨੇ ਕੌਮੀ ਸਕੂਲ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰ ਕੇ ਸੂਬੇ ਦੇ ਨਾਮ ਰੌਸ਼ਨ ਕੀਤਾ ਹੈ। ਉਨਾਂ ਮੁੱਕੇਬਾਜ਼ਾਂ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਉਂਦੇ ਸਮੇਂ ਵਿੱਚ ਇਹ ਖਿਡਾਰੀ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।
ਸਿੱਖਿਆ ਵਿਭਾਗ ਦੇ ਖੇਡ ਵਿੰਗ ਦੇ ਸਟੇਟ ਆਰਗੇਨਾਈਜ਼ਰ ਸ੍ਰੀ ਰੁਪਿੰਦਰ ਰਵੀ ਨੇ ਦੱਸਿਆ ਕਿ ਦੇਹਰਾਦੂਨ ਵਿਖੇ ਅੰਡਰ 17 ਮੁੱਕੇਬਾਜ਼ੀ ਦੇ ਕੁੜੀਆਂ ਦੇ ਮੁਕਾਬਲਿਆਂ ਵਿੱਚ ਪੰਜਾਬ ਦੀ ਤਾਨਿਸ਼ਬੀਰ ਕੌਰ ਸੰਧੂ ਨੇ ਸੋਨੇ, ਸੰਦੀਪ ਕੌਰ, ਚਾਂਦਨੀ ਮਹਿਰਾ ਤੇ ਕੋਮਲਪ੍ਰੀਤ ਕੌਰ ਨੇ ਚਾਂਦੀ ਅਤੇ ਦਿਕਸ਼ਾ ਰਾਜਪੂਤ ਨੇ ਕਾਂਸੀ ਦਾ ਤਮਗਾ ਜਿੱਤਿਆ। ਮੁੰਡਿਆਂ ਦੇ ਵਰਗ ਵਿੱਚ ਕੁਲਦੀਪ ਸਿੰਘ ਨੇ ਸੋਨੇ, ਅਕਾਸ਼ਦੀਪ ਸਿੰਘ ਨੇ ਚਾਂਦੀ ਤੇ ਪ੍ਰਤੀਮ ਨੇ ਕਾਂਸੀ ਦਾ ਤਮਗਾ ਜਿੱਤਿਆ।