ਚੰਡੀਗੜ, 30 ਨਵੰਬਰ (ਵਿਸ਼ਵ ਵਾਰਤਾ) : ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ, ਬਠਿੰਡਾ (ਐਮ.ਆਰ.ਪੀ.ਟੀ.ਯੂ) ਨੇ ਟਰਾਂਸਫਰ ਸਿੱਖਿਆ ਲਈ ਕੈਨੇਡਾ ਦੀ ਥਾਮਸਨ ਰਿਵਰਜ਼ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ ਕੀਤਾ ਹੈ। ਅੱਜ ਇਥੇ ਦੋਵਾਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਨੇ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ਼੍ਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਸਮਝੌਤੇ ‘ਤੇ ਹਸਤਾਖਰ ਕੀਤੇ।
ਤਕਨੀਕੀ ਸਿੱਖਿਆ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਹੋਏ ਸਮਝੌਤੇ ਦੇ ਤਹਿਤ ਪੰਜਾਬ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਕੰਮ ਕਰਨ ਦੇ ਮੌਕੇ ਵੀ ਮਿਲਣਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਨੂੰ ਕੈਨੇਡਾ ਦੀਆਂ ਹੋਰ ਯੂਨੀਵਰਸਿਟੀਆਂ ਅਤੇ ਹੋਰਨਾਂ ਦੇਸ਼ਾਂ ਨਾਲ ਵੀ ਅਜਿਹੇ ਕਰਾਰ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਪੜਨ ਅਤੇ ਕੰਮ ਕਰਨ ਦੇ ਮੌਕੇ ਮਿਲ ਸਕਣ।
ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਐਮ. ਪੀ. ਐਸ ਈਸ਼ਰ ਨੇ ਐਮ.ਓ.ਯੂ. ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੇ ਪੜਾਅ ਵਿਚ ਵਿਦਿਆਰਥੀ ਦੋ ਸਾਲ ਪੰਜਾਬ ਵਿਚ ਪੜਣਗੇ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕੈਨੇਡਾ ਦੀ ਥੌਂਪਸਨ ਰਿਵਰਜ਼ ਯੂਨੀਵਰਸਿਟੀ ਵਿਚ ਡਿਗਰੀ ਪੂਰਾ ਕਰਨ ਦਾ ਮੌਕਾ ਮਿਲੇਗਾ।ਉਨ੍ਹਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਬੀ. ਟੈੱਕ ਕੰਪਿਊਟਰ ਸਾਇੰਸ ਅਤੇ ਬੀ. ਟੈਕ ਆਈ.ਟੀ. ਦੇ ਵਿਦਿਆਰਥੀਆਂ ਵਲੋਂ ਪਹਿਲੇ ਦੋ ਸਾਲ ਵਿਚ ਹਾਸਿਲ ਕੀਤੇ ਅੰਕਾ ਦੇ ਅਧਾਰ ‘ਤੇ ਕੈਨੇਡਾ ਦੀ ਥੌਂਪਸਨ ਰਿਵਰਜ਼ ਯੂਨੀਵਰਸਿਟੀ ਦੇ ਬੀ.ਸੀ.ਐਸ ਕੋਰਸ ਵਿਚ ਦਾਖਲੇ ਦਾ ਲਾਭ ਮਿਲ ਸਕੇਗਾ ਅਤੇ ਉੱਥੇ ਹੀ ਉਨ੍ਹਾਂ ਨੂੰ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ ਕੈਨੇਡਾ ਵਿਚ ਦੋ ਸਾਲ ਦੀ ਪੜਾਈ ਪੂਰੀ ਕਰਨ ਉਪਰੰਤ ਪੰਜਾਬ ਦੇ ਵਿਦਿਆਰਥੀ ਕੈਨੇਡਾ ਵਿਚ ਤਿੰਨ ਸਾਲਾਂ ਲਈ ਵਰਕ ਪਰਮਿਟ ਦੇ ਯੋਗ ਹੋਣਗੇ।
ਵਾਈਸ ਚਾਂਸਲਰ ਨੇ ਅੱਗੇ ਦੱਸਿਆ ਕਿ ਦੂਜੇ ਪੜਾਅ ਵਿਚ ਗਵਰਨਿੰਗ ਬਾਡੀ ਦੀ ਪ੍ਰਵਾਨਗੀ ਨਾਲ, ਹੋਰ ਕੋਰਸਾਂ ਵਿਚ ਅਤੇ ਦੋਹਰਾ / ਸਾਂਝਾ ਡਿਗਰੀਆਂ ਦੇ ਪ੍ਰੋਗਰਾਮਾਂ ਵਿਚ ਵੀ ਅਜਿਹੇ ਪ੍ਰੋਗਰਾਮ ਸ਼ੁਰੂ ਕੀਤੇ ਜਾਣਗੇ।
ਥਾਮਸਨ ਰਿਵਰਜ਼ ਯੂਨੀਵਰਸਿਟੀ ਕਨੇਡਾ ਦੇ ਵਾਈਸ ਪ੍ਰੈਜ਼ੀਡੈਂਟ, ਪ੍ਰਸ਼ਾਸਨ ਅਤੇ ਵਿੱਤ ਸ੍ਰੀ ਮੈਟ ਮਿਲੋਵਿਕ ਅਤੇ ਐਸੋਸੀਏਟ ਵਾਈਸ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਅਪਰੇਸ਼ਨਜ਼ ਬੇਹੂਆ ਚੈਡਵਿਕ ਨੇ ਕਿਹਾ ਕਿ ਇਸ ਸਮਝੌਤੇ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਵਿਚ ਅੰਤਰਰਾਸਟਰੀ ਪੱਧਰ ‘ਤੇ ਨਵੇਂ ਮੌਕੇ ਮਿਲਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਜਸਬੀਰ ਸਿੰਘ ਹੁੰਦਲ ਰਜਿਸਟ੍ਰਾਰ ਐਮ.ਆਰ.ਪੀ.ਟੀ.ਯੂ, ਡਾ. ਬੂਟਾ ਸਿੰਘ ਸਿੱਧੂ ਡੀਨ ਪੀ. ਐਂਡ. ਡੀ ਐਮ.ਆਰ.ਪੀ.ਟੀ.ਯੂ, ਕੈਨੇਡਾ ਤੋਂ ਸ਼੍ਰੀ ਗੁਨਰਾਜ ਗਿੱਲ ਅਤੇ ਸ਼੍ਰੀ ਪ੍ਰਭ ਰੰਧਾਵਾ ਵੀ ਸ਼ਾਮਲ ਸਨ।