ਮੰਤਰੀ ਮੰਡਲ ਵੱਲੋਂ ਪੰਜਾਬ ਡਿਸਟਿਲਰੀ ਰੂਲਜ਼, 1932 ’ਚ ਸੋਧੀ ਪ੍ਰਵਾਨਗੀ

125

ਚੰਡੀਗੜ, 17 ਨਵੰਬਰ:(ਵਿਸ਼ਵ ਵਾਰਤਾ )  ਡਿਸਟਿਲਰੀ ਵਿੱਚ ਉਤਪਾਦਨ ਨੂੰ ਦਰੁਸਤ ਲੀਹ ’ਤੇ ਪਾਉਣ ਦੇ ਉਦੇਸ਼ ਨਾਲ ਇਕ ਮਹੱਤਵਪੂਰਨ ਫੈਸਲੇ ਵਿੱਚ ਪੰਜਾਬ ਮੰਤਰੀ ਮੰਡਲ ਨੇ ਪੰਜਾਬ ਡਿਸਟਿਲਰੀ ਰੂਲਜ਼, 1932 ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸੋਧ ਨਾਲ ਡਿਸਟਿਲਰੀ ਲਾਇਸੈਂਸੀ ਆਬਕਾਰੀ ਕਮਿਸ਼ਨਰ ਵੱਲੋਂ ਦਰਸਾਏ ਗਏ ਸਥਾਨ ’ਤੇ ਫਲੋ ਮੀਟਰ ਲਗਾਏਗਾ ਜਿਸ ਨਾਲ ਐਕਸਟਰਾ ਨਿਊਟਰਲ ਐਲਕੋਹਲ/ਰੈਕਟੀਫਾਈਡ ਸਪਿਰਟ ਦੇ ਉਤਪਾਦਨ ਅਤੇ ਡਿਸਪੈਚ ’ਤੇ ਨਿਗਰਾਨੀ ਕੀਤੀ ਜਾ ਸਕੇਗੀ। ਇਸ ਫੈਸਲੇ ਨਾਲ ਡਿਸਟਿਲਰੀਆਂ ਵਿੱਚ ਉਤਪਾਦਨ ਨੂੰ ਦਰੁਸਤ ਕਰਨ ਅਤੇ ਕਿਸੇ ਵੀ ਲੀਕੇਜ ਨੂੰ ਰੋਕਣ ਵਿੱਚ ਮਦਦ ਮਿਲੇਗੀ ਇਸ ਵੇਲੇ ਸੂਬੇ ਭਰ ਵਿੱਚ 17ਡਿਸਟਿਲਰੀਆਂ ਅਤੇ 22 ਬਾਟਿਗ ਪਲਾਂਟ ਹਨ। ਸਾਰੀਆਂ ਡਿਸਟਿਲਰੀਆਂ ਐਕਸਟਰਾ ਨਿਊਟਰਲ ਐਲਕੋਹਲ (ਈ.ਐਨ.ਏ.) ਦਾ ਉਤਪਾਦਨ ਕਰ ਰਹੀਆਂ ਹਨ ਜੋ ਅੰਗਰੇਜ਼ੀ ਅਤੇ ਦੇਸੀ ਸ਼ਰਾਬ ਦੇ ਉਤਪਾਦਨ ਲਈ ਬੁਨਿਆਦੀ ਕੱਚਾ ਮਾਲ ਹੈ। ਇਹ ਡਿਸਟਿਲਰੀਆਂ ਈ.ਐਨ.ਏ. ਦਾ ਉਤਪਾਦਨ ਕਰਕੇ ਰਾਜ ਵਿੱਚ ਅਤੇ ਰਾਜ ਤੋਂ ਬਾਹਰ ਦੇ ਬਾਟਿਗ ਪਲਾਂਟਾਂ ਨੂੰ ਵੇਚਦੀਆਂ ਹਨ।  ਈ.ਐਨ.ਏ. ਦੇ ਸਾਰੇ ਉਤਪਾਦਨ ਨੂੰ ਨਿਯੰਤਰਣ ਹੇਠ ਲਿਆਉਣ ਲਈ ਕੈਬਨਿਟ ਨੇ ਸਹਿਮਤੀ ਜਿਤਾਈ ਹੈ ਅਤੇ ਇਸ ਨੂੰ ਸੂਬੇ ਦੇ ਹਿੱਤ ਵਿੱਚ ਦੱਸਿਆ ਹੈ ਤਾਂ ਜੋ ਉਤਪਾਦਨ ਇਕਾਈਆਂ ਤੋਂ ਈ.ਐਨ.ਏ./ਆਰ.ਐਸ./ਡੀ.ਨਰਚਰਡ ਸਪੀਰਟ ਦੀ ਲੀਕੇਜ ਨਾ ਹੋਵੇ। ਈ.ਐਨ.ਏ. ਦੀ ਲੀਕੇਜ ਨਾਲ ਮਾਲੀਏ ਅਤੇ ਖਪਤਕਾਰ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਮੰਤਰੀ ਮੰਡਲ ਨੇ ਐਕਸਾਇਜ਼ ਬਾਉਂਡਿਡ ਵੇਅਰ ਰੂਲਜ਼ 1957 ਵਿੱਚ ਵੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ ਲਾਇਸੈਂਸ ਧਾਰਕ ਨੂੰ ਇਹ ਸੁਵਿਧਾ ਦਿੱਤੀ ਗਈ ਹੈ ਕਿ ਉਹ ਕਿਸੇ ਕਾਰਨ ਕਰਕੇ ਆਪਣੀ ਲਾਇਸੈਂਸ ਦੀ ਥਾਂ ਨੂੰ ਕਿਸੇ ਹੋਰ ਥਾਂ ’ਤੇ ਤਬਦੀਲ ਕਰਾਉਣ ਦਾ ਫੈਸਲਾ ਕਰਨਾ ਚਾਹੰੁਦਾ ਹੈ ਤਾਂ ਕਰ ਸਕਦਾ ਹੈ। ਇਹ ਸੋਧ ਉਸ ਨੂੰ ਲਾਇਸੈਂਸ ਦੀ ਥਾਂ ਕਿਸੇ ਹੋਰ ਨਵੇਂ ਥਾਂ ’ਤੇ ਤਬਦੀਲ ਕਰਨ ਦੀ ਆਗਿਆ ਦੇਵੇਗੀ। ਇਸ ਲਈ ਉਸ ਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ।  ਜੇ ਕੋਈ ਨਿਵੇਦਨਕਾਰ ਸਹਿਮਤੀ ਪੱਤਰ (ਐਲ.ਓ.ਆਈ.) ਦੇ ਸਮੇਂ ਦੌਰਾਨ ਆਪਣੀ ਪਲਾਂਟ ਦੀ ਪ੍ਰਸਤਾਵਿਤ ਜਗਾ ਨੂੰ ਕਿਸੇ ਹੋਰ ਜ਼ਿਲੇ/ਸਥਾਨ ’ਤੇ ਤਬਦੀਲ ਕਰਾਉਣਾ ਚਾਹੁੰਦਾ ਹੈ, ਉਹ ਇਸ ਸੋਧ ਦੇ ਹੇਠ ਕਰ ਸਕਦਾ ਹੈ। ਉਸ ਨੂੰ ਵਿੱਤ ਕਮਿਸ਼ਨਰ ਆਬਕਾਰੀ ਦੀ ਅਗਾਊ ਪ੍ਰਵਾਨਗੀ ਨਾਲ ਤਬਦੀਲੀ ਦੀ ਆਗਿਆ ਦਿੱਤੀ ਜਾਵੇਗੀ ਅਤੇ ਉਸ ਨੂੰ ਐਲ.ਓ.ਆਈ. ਦੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਕਿਸੇ ਖਾਸ ਸਮੇਂ ਲਈ ਇਕ ਵਾਰੀ ਅਦਾ ਕੀਤੀ ਗਈ ਐਲ.ਓ.ਆਈ. ਫੀਸ ਇਸ ਤਰਾਂ ਦੇ ਕੇਸਾਂ ਵਿੱਚ ਮੁੜ ਕੇ ਨਹੀਂ ਲਈ ਜਾਵੇਗੀ ਪਰ ਐਲ.ਓ.ਆਈ. ਦੇ ਸਮੇਂ ਦੌਰਾਨ  ਸਮੇਂ ਦੇ ਮਿਆਦ ਵਿੱਚ ਵਾਧੇ ਦੇ ਮਾਮਲੇ ਵਿੱਚ ਨਿਵੇਦਨਕਾਰ ਨੂੰ ਲੋੜੀਂਦੀ ਐਕਸਟੈਂਸ਼ਨ ਫੀਸ ਜਮਾ ਕਰਾਉਣੀ ਹੋਵੇਗੀ।