ਚੰਡੀਗੜ੍ਹ, 14 ਨਵੰਬਰ (ਵਿਸ਼ਵ ਵਾਰਤਾ) : ਚੋਣ ਕਮਿਸ਼ਨ ਵੱਲੋਂ ਫ਼ੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦਾ ਪ੍ਰੋਗਰਾਮ 15 ਨਵੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨਾ 15 ਨਵੰਬਰ ਤੋਂ ਹੀ ਕੀਤੀ ਜਾਵੇਗੀ ਜਿਸ ਨੂੰ ਜ਼ਿਲ੍ਹਾ ਚੋਣ ਅਧਿਕਾਰੀ, ਈ.ਆਰ.ਓ., ਬੀ.ਐਲ.ਓ. ਅਤੇ ਪੋਲਿੰਗ ਸਟੇਸ਼ਨ ‘ਤੇ ਵੇਖਿਆ ਜਾ ਸਕਦਾ ਹੈ। ਵੋਟਰ ਸੂਚੀ ਦਾ ਖਰੜਾ ਮੁੱਖ ਚੋਣ ਅਧਿਕਾਰੀ ਪੰਜਾਬ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੈ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਦਾਅਵੇ ਅਤੇ ਇਤਰਾਜ਼ ਦੇਣ ਲਈ ਫ਼ਾਰਮ ਨੰਬਰ 6, 6-ਏ, 7, 8 ਅਤੇ 8-ਏ ਈ.ਆਰ.ਓ. ਦੇ ਦਫ਼ਤਰਾਂ ਵਿਖੇ 15 ਨਵੰਬਰ, 2017 ਤੋਂ 14 ਦਸੰਬਰ, 2017 ਤੱਕ ਉਨ੍ਹਾਂ ਵੱਲੋਂ ਭਰੇ ਜਾ ਸਕਦੇ ਹਨ, ਜਿਨ੍ਹਾਂ ਦੀ ਉਮਰ 1 ਜਨਵਰੀ, 2018 ਨੂੰ 18 ਸਾਲ ਜਾਂ ਉਸ ਤੋਂ ਵੱਧ ਹੋਵੇ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਇਸੇ ਸਮੇਂ ਅਨੁਮਾਨਤ ਆਬਾਦੀ 2,99,55,749 ਹੈ, ਜਿਸ ਵਿੱਚੋਂ 18 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਅੰਦਾਜ਼ਨ 2,02,41,147 ਵਿਅਕਤੀ ਹਨ। ਵੋਟਰ ਸੂਚੀਆਂ ਦੇ ਖਰੜੇ ਵਿੱਚ ਇਸ ਸਮੇਂ 1,99,95,592 ਵੋਟਰ ਸ਼ਾਮਲ ਹਨ, ਜੋ ਯੋਗ ਆਬਾਦੀ ਦਾ ਲਗਭਗ 98.79% ਬਣਦਾ ਹੈ। ਵੋਟਰ ਸੂਚੀਆਂ ਦੀ ਸੁਧਾਈ ਦੌਰਾਨ 2,00,813 ਨਵੇਂ ਵੋਟਰ ਰਜਿਸਟਰਡ ਹੋਏ ਹਨ ਜਦ ਕਿ 89,139 ਮ੍ਰਿਤਕ ਵੋਟਰਾਂ ਦੇ ਨਾਮ ਹਟਾਏ ਗਏ ਹਨ। ਇਸ ਤੋਂ ਇਲਾਵਾ ਜਾਅਲੀ, ਅਯੋਗ ਜਾਂ ਇੱਕ ਥਾਂ ਤੋਂ ਦੂਸਰੀ ਥਾਂ ਵਸਣ ਵਾਲੇ ਵੋਟਰਾਂ ਨੂੰ ਵੋਟਰ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ।
ਪੰਜਾਬ ਵਿੱਚ 18 ਤੋਂ 19 ਸਾਲ ਉਮਰ ਵਰਗ ਦੇ 11,67,198 ਯੋਗ ਵੋਟਰਾਂ ਦੇ ਮੁਕਾਬਲੇ ਸਿਰਫ਼ 1,77,663 ਰਜਿਸਟਰਡ ਨੌਜਵਾਨ ਵੋਟਰ ਹਨ। ਇਸ ਪਾੜੇ ਨੂੰ ਖ਼ਤਮ ਕਰਨ ਲਈ ਭਾਈਵਾਲ ਸੰਸਥਾਵਾਂ ਅਤੇ ਸਰਕਾਰੀ ਵਿਭਾਗਾਂ ਰਾਹੀਂ ਵਿੱਦਿਅਕ ਸੰਸਥਾਵਾਂ ਵਿੱਚ ਵਿਸ਼ੇਸ਼ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ।
ਚੋਣ ਕਮਿਸ਼ਨ ਵੱਲੋਂ ਆਪਣੇ ਸਾਰੇ ਕਰਮਚਾਰੀਆਂ ਦੀ ਘਰੇਲੂ ਸਿਖਲਾਈ ਨੂੰ ਬੀ.ਐਲ.ਓ. ਪੱਧਰ ਤੱਕ ਯਕੀਨੀ ਬਣਾਇਆ ਗਿਆ ਹੈ ਤਾਂ ਜੋ ਵੋਟਰ ਸੂਚੀਆਂ ਵਿੱਚ ਸੁਧਾਈ ਲਈ ਆਉਣ ਵਾਲੇ ਵੋਟਰਾਂ ਦਾ ਖੱਜਲ-ਖੁਆਰੀ ਰਹਿਤ ਦਾਖ਼ਲਾ ਯਕੀਨੀ ਬਣਾਇਆ ਜਾ ਸਕੇ। ਭਾਰਤੀ ਚੋਣ ਕਮਿਸ਼ਨ ਨੇ ਸਾਰੇ ਵਿਭਾਗਾਂ ਦੇ ਵੋਟਰ ਸੂਚੀਆਂ ਦੀ ਸੁਧਾਈ ਵਿੱਚ ਲੱਗੇ ਅਮਲੇ ਜਿਵੇਂ ਅਫ਼ਸਰਾਂ ਅਤੇ ਹੋਰ ਸਟਾਫ਼, ਦੇ ਤਬਾਦਲੇ ‘ਤੇ ਮੁਕੰਮਲ ਪਾਬੰਦੀ ਲਗਾਈ ਹੈ। ਵੋਟਰ ਸੂਚੀਆਂ ਦਾ ਖਰੜਾ ਕਮਿਸ਼ਨ ਦੀ ਵੈੱਬਸਾਈਟ ‘ਤੇ ਵੇਖਿਆ ਜਾ ਸਕਦਾ ਹੈ, ਜਿਸ ‘ਤੇ ਸਿਰਫ਼ ਨਾਂ ਭਰ ਕੇ ਆਪਣੇ ਨਾਲ ਸਬੰਧਤ ਵੇਰਵੇ ਵੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਵੋਟਰ ਇੱਕ ਮੋਬਾਈਲ ਸੰਦੇਸ਼ 35OPJ2 <SP135> <5P93 N”M25R> ਨੂੰ ਮੋਬਾਈਲ ਨੰਬਰ +917738299899 ‘ਤੇ ਭੇਜ ਕੇ ਆਪਣੇ ਪ੍ਰਸ਼ਨਾਂ ਦਾ ਜਵਾਬ ਹਾਸਲ ਕਰ ਸਕਦੇ ਹਨ ਜਾਂ ਕਮਿਸ਼ਨ ਦੀ ਹੈਲਪਲਾਈਨ-1950 ‘ਤੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਵਧੀਕ ਮੁੱਖ ਚੋਣ ਅਫ਼ਸਰ ਨੇ 15 ਨਵੰਬਰ ਨੂੰ ਸਮੂਹ ਸਿਆਸੀ ਦਲਾਂ ਦੇ ਨੁਮਾਇੰਦਿਆਂ ਨੂੰ ਇਸ ਸੋਧ ਪ੍ਰੋਗਰਾਮ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਵੋਟ ਬਣਾਉਣ ਤੋਂ ਵਾਂਝੇ ਲੋਕਾਂ ਤੱਕ ਵੋਟ ਬਣਾਉਣ ਦਾ ਸੁਨੇਹਾ ਪਹੁੰਚਾਉਣ ਵਿੱਚ ਸਹਿਯੋਗ ਦੇਣ ਲਈ ਮੀਟਿੰਗ ਸੱਦੀ ਹੈ। ਰਾਜ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਵੋਟਰ ਸੂਚੀਆਂ ਦਾ ਖਰੜਾ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਬੂਥ ਪੱਧਰ ‘ਤੇ ਏਜੰਟ ਨਿਯੁਕਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਹ ਏਜੰਟ ਬੀ.ਐਲ.ਓ. ਅਤੇ ਈ.ਆਰ.ਓ. ਦੀ ਸਾਫ਼-ਸੁਥਰੀਆਂ ਵੋਟਰ ਸੂਚੀਆਂ ਤਿਆਰ ਕਰਨ ਵਿੱਚ ਮਦਦ ਕਰ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਚੋਣ ਦਫ਼ਤਰ ਅਤੇ ਵੋਟਰ ਰਜਿਸਟ੍ਰੇਸ਼ਨ ਦਫ਼ਤਰਾਂ ਵਿਖੇ ਸਾਰੇ ਸਿਆਸੀ ਦਲਾਂ ਦੇ ਨੁਮਾਇੰਦਿਆਂ ਦੀਆਂ ਮੀਟਿੰਗਾਂ ਅੱਜ ਅਤੇ ਭਲਕ ਕੀਤੀਆਂ ਜਾਣਗੀਆਂ ਜਿਸ ਦੌਰਾਨ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੇ ਖਰੜੇ ਦੀ ਇੱਕ ਹਾਰਡ ਕਾਪੀ ਅਤੇ ਇੱਕ ਸੀ.ਡੀ. ਦਿੱਤੀ ਜਾਵੇਗੀ। 18 ਅਤੇ 25 ਨਵੰਬਰ, 2017 ਨੂੰ ਸਾਰੇ ਬੀ.ਐੱਲ.ਓਜ਼ ਅਤੇ ਸੁਪਰਵਾਈਜ਼ਰ ਆਪਣੇ ਪੋਲਿੰਗ ਸਟੇਸ਼ਨਾਂ ਦੇ ਖੇਤਰ ਵਿੱਚ ਵੋਟਰ ਸੂਚੀਆਂ ਪੜ੍ਹਨਗੇ ਜਦ ਕਿ 19 ਅਤੇ 26 ਨਵੰਬਰ, 2017 ਨੂੰ ਆਪੋ-ਆਪਣੇ ਪੋਲਿੰਗ ਸਟੇਸ਼ਨਾਂ ‘ਤੇ ਬੀ.ਐਲ.ਓਜ਼ ਵੱਲੋਂ ਫ਼ਾਰਮਾਂ ਪ੍ਰਾਪਤ ਕੀਤੇ ਜਾਣਗੇ। ਬੀ.ਐੱਲ.ਓ. ਵਜੋਂ ਸੇਵਾ ਨਿਭਾਅ ਰਹੇ ਅਧਿਆਪਕ ਸਕੂਲ ਦੇ ਸਮੇਂ ਉਪਰੰਤ ਇਸ ਕਾਰਜ ਵਿੱਚ ਸ਼ਾਮਲ ਹੋਣਗੇ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।
ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਚੋਣ ਅਫ਼ਸਰ ਅਤੇ ਚੋਣ ਅਧਿਕਾਰੀ ਨੂੰ ਹਦਾਇਤ ਕੀਤੀ ਹੈ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਨਾ ਯਕੀਨੀ ਬਣਾਇਆ ਜਾਵੇ। ਭਾਰਤੀ ਚੋਣ ਕਮਿਸ਼ਨ ਵੱਲੋਂ 15 ਤੋਂ 30 ਨਵੰਬਰ, 2017 ਤੱਕ ਵੋਟਰ ਸੂਚੀਆਂ ਦੀ ਵਿਆਪਕ ਜਾਂਚ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਬੀ.ਐੱਲ.ਓ. ਘਰ-ਘਰ ਜਾ ਕੇ ਯੋਗ ਵੋਟਰਾਂ ਦੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਮ੍ਰਿਤਕ ਵਿਅਕਤੀ ਅਤੇ ਦੂਜੀ ਥਾਂ ਜਾ ਕੇ ਵੱਸ ਚੁੱਕੇ ਲੋਕਾਂ ਦੇ ਨਾਮ ਵੋਟਰ ਸੂਚੀਆਂ ਵਿੱਚੋਂ ਹਟਾਉਣ ਸਣੇ ਭਾਸ਼ਾਈ ਗ਼ਲਤੀਆਂ ਨੂੰ ਦੂਰ ਕਰਨ ਦਾ ਕੰਮ ਕਰਨਗੇ। ਬੀ.ਐਲ.ਓ. ਉਕਤ ਕਾਰਜਾਂ ਤੋਂ ਇਲਾਵਾ ਭਵਿੱਖੀ ਵੋਟਰਾਂ ਦੀ ਸੂਚੀ ਬਣਾਉਣ ਅਤੇ ਵਿਦੇਸ਼ਾਂ ਵਿੱਚ ਵਸੇ ਰਜਿਸਟਰਡ ਅਤੇ ਅਣਰਜਿਸਟਰਡ ਵੋਟਰਾਂ ਦੀ ਸ਼ਨਾਖ਼ਤ ਕਰਨਗੇ। ਭਾਰਤੀ ਚੋਣ ਕਮਿਸ਼ਨ ਨੇ ਪੰਜ ਵਿਧਾਨ ਸਭਾ ਹਲਕਿਆਂ 17-ਅੰਮ੍ਰਿਤਸਰ ਕੇਂਦਰੀ, 35-ਜਲੰਧਰ ਕੇਂਦਰੀ, 62-ਆਤਮ ਨਗਰ, 92-ਬਠਿੰਡਾ ਸ਼ਹਿਰੀ ਅਤੇ 115-ਪਟਿਆਲਾ ਵਿੱਚ ਬੀ.ਐਲ.ਓ. ਨੈਟ ਐਪ ਰਾਹੀਂ ਉਕਤ ਜਾਣਕਾਰੀ ਇਕੱਠੀ ਕਰਨ ਦਾ ਪਾਇਲੈਟ ਪ੍ਰਾਜੈਕਟ ਅਰੰਭਿਆ ਹੈ। ਵੋਟਰ ਸੂਚੀ ਦੀ ਸੁਧਾਈ ਯਕੀਨੀ ਬਣਾਉਣ ਲਈ ਏ.ਈ.ਆਰ.ਓ., ਈ.ਆਰ.ਓ., ਵਧੀਕ ਡੀ.ਈ.ਓ. ਅਤੇ ਡੀ.ਈ.ਓ. ਵੱਲੋਂ ਅਚਨਚੇਤ ਚੈਕਿੰਗ ਯਕੀਨੀ ਬਣਾਈ ਜਾਵੇਗੀ ਅਤੇ ਇਸ ਸਬੰਧੀ ਮੁੱਖ ਚੋਣ ਅਧਿਕਾਰੀ ਨੂੰ ਰਿਪੋਰਟ ਭੇਜੀ ਜਾਵੇਗੀ। ਪੰਜਾਬ ਦੇ ਮੁੱਖ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਵੀ ਇਸ ਮੁਹਿੰਮ ਦੀ ਨਿਗਰਾਨੀ ਲਈ ਖੇਤਰ ਦਾ ਦੌਰਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ‘ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਅਨਾਜ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ – ਡਾ ਪੱਲਵੀ ਡਿਪਟੀ ਕਮਿਸ਼ਨਰ ਨੇ ਮਾਲੇਰਕੋਟਲਾ ,ਅਹਿਮਦਗੜ੍ਹ ਦੇ ਗੁਦਾਮਾਂ ਦਾ ਲਿਆ ਜਾਇਜ਼ਾ...