ਬਠਿੰਡਾ ਵਿੱਚ 1.75 ਲੱਖ ਲੀਟਰ ਦੁੱਧ, 20 ਟਨ ਦਹੀ ਤੇ 4 ਟਨ ਪਨੀਰ ਦੀ ਕੀਤੀ ਜਾ ਚੁੱਕੀ ਹੈ ਘਰ-ਘਰ ਸਪਲਾਈ
ਬਠਿੰਡਾ, 31 ਮਾਰਚ ( ਕੁਲਬੀਰ ਬੀਰਾ )- ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਫਿਊ ਕਾਰਨ ਪੈਦਾ ਹੋਏ ਹਲਾਤਾਂ ਨਾਲ ਨਜਿੱਠਣ ਲਈ ਮਿਲਕ ਪਲਾਂਟ ਵੇਰਕਾ ਵਲੋਂ ਦਿਨ-ਰਾਤ ਇੱਕ ਕਰਕੇ ਮਾਲਵੇ ਦੇ 6 ਜ਼ਿਲਿਆਂ ਵਿੱਚ ਦੁੱਧ, ਦਹੀ, ਲੱਸੀ ਤੇ ਪਨੀਰ ਆਦਿ ਦੀ ਨਿਰਵਿਘਨ ਸਪਲਾਈ ਘਰ-ਘਰ ਤੱਕ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਸਬੰਧ ਵਿਚ ਵੇਰਕਾ ਵਲੋਂ ਲਗਭਗ 30 ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਵੇਰਕਾ ਮਿਲਕ ਪਲਾਂਟ ਬਠਿੰਡਾ ਦੇ ਜਨਰਲ ਮੈਨੇਜ਼ਰ ਸ਼੍ਰੀ ਰਾਕੇਸ਼ ਕੁਮਾਰ ਗੁਪਤਾ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵੇਰਕਾ ਮਿਲਕ ਪਲਾਂਟ ਦੇ ਡੀ.ਐੱਮ ਮਾਰਕੀਟਿੰਗ ਸ਼੍ਰੀ ਅਭਿਨਵ ਵਾਟਸ ਨੇ ਦੱਸਿਆ ਕਿ ਵੇਰਕਾ ਵਲੋਂ 23 ਮਾਰਚ ਤੋਂ ਰੋਜ਼ਾਨਾ ਸਵੇਰੇ 5 ਤੋਂ ਲੈ ਕੇ ਸ਼ਾਮ 8 ਵਜੇ ਤੱਕ ਸ਼ਹਿਰ ਤੋਂ ਇਲਾਵਾ ਗੋਨਿਆਣਾ, ਰਾਮਪੁਰਾ, ਭੁੱਚੋਂ, ਤਲਵੰਡੀ ਸਾਬੋ ਵਿਖੇ ਘਰ-ਘਰ ਤੱਕ ਦੁੱਧ, ਦਹੀ, ਲੱਸੀ ਤੇ ਪਨੀਰ ਆਦਿ ਪਹੁੰਚਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ 31 ਮਾਰਚ ਮੰਗਲਵਾਰ ਦੁਪਿਹਰ 12 ਵਜੇ ਤੱਕ ਜ਼ਿਲੇ ਅੰਦਰ 1.75 ਲੱਖ ਲੀਟਰ ਦੁੱਧ, 20 ਟਨ ਦਹੀ ਤੇ 4 ਟਨ ਪਨੀਰ, 15 ਹਜ਼ਾਰ ਲੀਟਰ ਲੱਸੀ ਦੀ ਸਪਲਾਈ ਕੀਤੀ ਜਾ ਚੁੱਕੀ ਹੈ।
ਡੀ.ਐਮ. ਸ਼੍ਰੀ ਵਾਟਸ ਨੇ ਹੋਰ ਦੱਸਿਆ ਕਿ ਬਠਿੰਡਾ ਤੋਂ ਇਲਾਵਾ ਵੇਰਕਾ ਮਿਲਕ ਪਲਾਂਟ ਵਲੋਂ ਫ਼ਰੀਦਕੋਟ, ਫ਼ਾਜਿਲਕਾ, ਸ਼੍ਰੀ ਮੁਕਤਸਰ ਸਾਹਿਬ, ਫ਼ਿਰੋਜ਼ਪੁਰ ਅਤੇ ਮਾਨਸਾ ਜ਼ਿਲਿਆਂ ਵਿੱਚ ਵੀ ਨਿਰਵਿਘਨ ਸਪਲਾਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਔਖੀ ਘੜੀ ਦੇ ਵਿਚ ਵੇਰਕਾ ਮਿਲਕ ਪਲਾਂਟ ਵਲੋਂ ਕਿਸੇ ਵੀ ਨਾਗਰਿਕ ਨੂੰ ਦੁੱਧ, ਦਹੀ, ਪਨੀਰ ਅਤੇ ਲੱਸੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।