ਲੜਕੇ ਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਮੁਕਾਬਲੇ ਕਰਵਾਏ
ਚੰਡੀਗੜ 13 ਮਾਰਚ ਪਿੰਡ ਡੱਡੂਮਾਜਰਾ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ਸੁਸਾਇਟੀ ਵੱਲੋਂ ਹੋਲੇ-ਮਹੱਲੇ ਦੇ ਸਬੰਧ ਵਿੱਚ ਸਾਲਾਨਾ ਖ਼ਾਲਸਾਈ ਖੇਡਾਂ ਕਰਵਾਈਆਂ ਗਈਆਂ ਜਿਨਾਂ ਦਾ ਉਦਘਾਟਨ ਖੇਡ ਵਿਭਾਗ ਚੰਡੀਗੜ ਦੇ ਡਾਇਰੈਕਟਰ ਤੇਜਦੀਪ ਸਿੰਘ ਨੇ ਕੀਤਾ। ਇਸ ਮੌਕੇ ਉਨਾਂ ਨਾਲ ਚੰਡੀਗੜ ਦੇ ਸੀਨੀਅਰ ਸਾਬਕਾ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ, ਡਿਪਟੀ ਡਾਇਰੈਕਟਰ ਪੰਜਾਬ ਲੋਕ ਸੰਪਰਕ ਵਿਭਾਗ ਹਰਜੀਤ ਸਿੰਘ ਗਰੇਵਾਲ, ਸਮੂਹ ਗੁਰਦੁਆਰਾ ਸੰਗਠਨ ਚੰਡੀਗੜ ਦੇ ਚੇਅਰਮੈਨ ਤਾਰਾ ਸਿੰਘ, ਸਕੱਤਰ ਰਘਬੀਰ ਸਿੰਘ, ਗੁਰਦੁਆਰਾ ਸੈਕਟਰ 34 ਦੇ ਪ੍ਰਧਾਨ ਸਾਧੂ ਸਿੰਘ, ਗੁਰਦੁਆਰਾ ਸੈਕਟਰ 22 ਦੇ ਪ੍ਰਧਾਨ ਹਰਜੋਤ ਸਿੰਘ ਸਾਹਨੀ, ਗੁਰਦੁਆਰਾ ਪਿੰਡ ਤੋਗਾਂ ਦੇ ਪ੍ਰਧਾਨ ਗੁਰਦਿਆਲ ਸਿੰਘ ਵੀ ਹਾਜਰ ਸਨ।
ਇਸ ਮੌਕੇ ਡਾਇਰੈਕਟਰ ਤੇਜਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਨਗਰ ਨਿਵਾਸੀਆਂ ਵੱਲੋਂ ਛੋਟੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਵੱਡਾ ਉਪਰਾਲਾ ਹੈ ਜਿਸ ਨਾਲ ਬੱਚਿਆਂ ਦੀ ਊਰਜਾ ਨੂੰ ਸਹੀ ਦਿਸ਼ਾ ਵਿੱਚ ਲਾਇਆ ਜਾ ਸਕਦਾ ਹੈ। ਉਨਾਂ ਪਿੰਡ ਦੇ ਖਿਡਾਰੀਆਂ ਨੂੰ ਚੰਡੀਗੜ ਖੇਡ ਵਿਭਾਗ ਵੱਲੋਂ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਹਰਜੀਤ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਵਿੱਚ ਪਿੰਡ ਵਿੱਚ ਹਰ ਸਾਲ ਟੂਰਨਾਮੈਂਟ ਕਰਵਾਉਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਅਗਲੇ ਸਾਲ ਤੋਂ ਇੰਨਾਂ ਖੇਡਾਂ ਮੌਕੇ ਗੱਤਕਾ ਟੀਮ ਭੇਜਣ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਹਰਦੀਪ ਸਿੰਘ ਬੁਟਰੇਲਾ ਨੇ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।
ਇਨਾਂ ਸਲਾਨਾ ਖ਼ਾਲਸਾਈ ਖੇਡਾਂ ਮੌਕੇ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਸ਼ਾਟਪੁੱਟ, ਲੰਬੀ ਛਾਲ, 800 ਮੀਟਰ ਦੌੜ, 1500 ਮੀਟਰ ਦੌੜ, 200 ਮੀਟਰ ਦੌੜ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਬੀਬੀਆਂ ਦੇ ਚਾਟੀ ਦੌੜ, ਕੁਰਸੀ ਦੌੜ, ਪੈਦਲ ਚਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਵੀ ਹੋਏ।
ਟੂਰਨਾਮੈਂਟ ਦੇ ਜੇਤੂਆਂ ਨੂੰ ਇਨਾਮ ਵੰਡ ਸਮਾਰੋਹ ਮੌਕੇ ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਚਰਨਪਾਲ ਸਿੰਘ ਬਾਗੜੀ, ਸੁਖਜੀਤ ਸਿੰਘ ਸਾਬਕਾ ਸਰਪੰਚ ਹੱਲੋਮਾਜਰਾ, ਪ੍ਰੋਫੈਸਰ ਅਮਰੀਕ ਸਿੰਘ ਆਹਲੂਵਾਲੀਆ, ਬਾਬਾ ਗੁਰਦਿਆਲ ਸਿੰਘ ਸਾਬਕਾ ਸਰਪੰਚ ਖੁੱਡਾ ਅਲੀਸ਼ੇਰ, ਸੁਰਿੰਦਰ ਸਿੰਘ ਪ੍ਰਧਾਨ ਸੀਟੀਯੂ ਨੇ ਜੇਤੂ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਇਨਾਂ ਤੋਂ ਇਲਾਵਾ ਜਗਦੀਸ਼ ਸਿੰਘ ਗੂੜਾ, ਤਰਸੇਮ ਰਾਣਾ, ਦਲਵਿੰਦਰ ਸਿੰਘ ਅਤੇ ਜਸਵੀਰ ਸਿੰਘ ਵੀ ਹਾਜ਼ਰ ਸਨ।