ਮੁੱਖ-ਮੰਤਰੀ ਨਾਲ ਮੀਟਿੰਗ ਨਾ ਹੋਣ ‘ਤੇ ਪ੍ਰਗਟਾਇਆ ਰੋਸ ਪਾਣੀ ਦੀਆਂ ਚੱਪਣੀਆਂ ਦੀ ਪੇਸ਼ਕਸ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਖੇ ਰੋਸ-ਪ੍ਰਗਟਾਉਣ ਪੁੱਜੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਢਿੱਲਵਾਂ ਅਤੇ 9 ਹੋਰ ਅਧਿਆਪਕਾਂ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਸੈਕਟਰ 3 ਦੇ ਥਾਣੇ ਭੇਜਣ ਮਗਰੋਂ ਦੇਰ ਸ਼ਾਮ ਰਿਹਾਅ ਕੀਤਾ । ਬੇਰੁਜ਼ਗਾਰ ਬੀਐੱਡ ਅਧਿਆਪਕ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਨਾ ਹੋਣ ਕਾਰਨ ਆਪਣਾ ਰੋਸ-ਪ੍ਰਗਟਾਉਣ ਇਥੇ ਪੁੱਜੇ ਸਨ। ਉਹਨਾਂ ਆਪਣੇ ਹੱਥਾਂ ਵਿੱਚ ਪਾਣੀ ਦੀਆਂ ਚੱਪਣੀਆਂ ਵੀ ਫੜੀਆਂ ਹੋਈਆਂ ਸਨ। 1 ਮਾਰਚ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਉ ਦੌਰਾਨ ਜਿਲ੍ਹਾ-ਪ੍ਰਸ਼ਾਸਨ ਨੇ 4 ਮਾਰਚ ਨੂੰ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਚੁਕਵਾਇਆ ਸੀ, ਪ੍ਰੰਤੂ ਬਾਅਦ ‘ਚ ਮੀਟਿੰਗ ਲਈ ਮੁੱਖ-ਮੰਤਰੀ ਦਫ਼ਤਰ ਤੋਂ ਸਮਾਂ ਨਹੀਂ ਮਿਲ ਸਕਿਆ, ਜਿਸ ਕਾਰਨ ਬੇਰੁਜ਼ਗਾਰ ਬੀਐੱਡ ਅਧਿਆਪਕਾਂ ‘ਚ ਸਰਕਾਰ ਖ਼ਿਲਾਫ਼ ਰੋਸ ਸੀ। ਰਿਹਾਈ ਉਪਰੰਤ ਸੂਬਾ ਪ੍ਰਧਾਨ ਢਿੱਲਵਾਂ ਨੇ ਦੱਸਿਆ ਕਿ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਪਿਛਲੇ 6 ਮਹੀਨਿਆਂ ਤੋਂ ਸੰਗਰੂਰ ਵਿਖੇ ਪੱਕਾ-ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਹਨ। 5 ਵਾਰ ਲਾਠੀਚਾਰਜ ਦਾ ਸ਼ਿਕਾਰ ਹੋਏ ਹਨ। ਸਿੱਖਿਆ ਵਿਭਾਗ ਨੇ ਪਿਛਲੇ ਦਿਨੀਂ ਪੰਜਾਬੀ ਦੀਆਂ 60, ਹਿੰਦੀ ਦੀਆਂ 40 ਅਤੇ ਸਮਾਜਿਕ ਸਿੱਖਿਆ ਵਿਸ਼ੇ ਦੀਆਂ 52 ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕਰਕੇ ਸਬੰਧਤ ਵਿਸ਼ਿਆਂ ਦੇ ਹਜ਼ਾਰਾਂ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਟੈਸਟ ਪਾਸ ਕਰਨ ਦੇ ਬਾਵਜੂਦ ਨੌਕਰੀ ਉਡੀਕਦਿਆਂ ਹਜ਼ਾਰਾਂ ਉਮੀਦਵਾਰ ਭਰਤੀ ਲਈ ਨਿਰਧਾਰਤ ਉਮਰ-ਸੀਮਾ ਲੰਘਾ ਚੁੱਕੇ ਹਨ ਅਤੇ ਹੁਣ ਉਮਰ-ਹੱਦ 37 ਤੋਂ ਵਧਾ ਕੇ 42 ਸਾਲ ਕਰਨ ਦੀ ਮੰਗ ਕਰ ਰਹੇ ਹਨ। ਉਹਨਾਂ ਕਿਹਾ ਕਿ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਬੇਰੁਜ਼ਗਾਰ ਅਧਿਆਪਕ ਆਗੂਆਂ ਨਾਲ ਮੁਲਾਕਾਤ ਕਰਨ ਦਾ ਵੀ ਸਮਾਂ ਵੀ ਨਹੀਂ ਹੈ।