ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ. ਬਲਜਿੰਦਰ ਕੌਰ ਨੇ ਸਪੀਕਰ ਨੂੰ ਸੌਂਪਿਆ ਮਤਾ
ਦੇਸੀ ਗਊਆਂ ਨੂੰ ਗਊਸ਼ਾਲਾ ਤੇ ਅਮਰੀਕੀ ਗਾਵਾਂ-ਢੱਠੇ ਬੁੱਚੜਖ਼ਾਨੇ ਭੇਜੇ ਜਾਣ- ਅਮਨ ਅਰੋੜਾ
ਆਪਣੇ-ਆਪਣੇ ਵਿਧਾਇਕਾਂ ‘ਤੇ ਮਤੇ ਦੇ ਸਮਰਥਨ ਲਈ ਦਬਾਅ ਪਾਉਣ ਪੰਜਾਬ ਦੇ ਲੋਕ- ਆਪ
ਚੰਡੀਗੜ੍ਹ, 13 ਫਰਵਰੀ 2020
ਸੂਬੇ ਅੰਦਰ ਵਿਕਰਾਲ ਹੁੰਦੀ ਜਾ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਠੋਸ ਹੱਲ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਆਗਾਮੀ ਵਿਧਾਨ ਸਭਾ ਇਜਲਾਸ ‘ਚ ਮਤਾ ਪੇਸ਼ ਕਰ ਰਹੀ ਹੈ। ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮਤਾ ਸੌਂਪ ਦਿੱਤਾ ਹੈ।
ਸਪੀਕਰ ਰਾਣਾ ਕੇਪੀ ਸਿੰਘ ਨਾਲ ਮੁਲਾਕਾਤ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਬੇਕਾਬੂ ਹੋ ਚੁੱਕੀ ਹੈ, ਕਿਉਂਕਿ ਸਮੇਂ ਸਮੇਂ ਦੀਆਂ ਕਾਂਗਰਸੀ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਇਸ ਸਮੱਸਿਆ ਦੇ ਹੱਲ ਲਈ ਲੋੜੀਂਦੇ ਠੋਸ ਕਦਮ ਹੀ ਨਹੀਂ ਚੁੱਕੇ।
ਅਮਨ ਅਰੋੜਾ ਨੇ ਦੱਸਿਆ ਕਿ ਆਗਾਮੀ ਬਜਟ ਇਜਲਾਸ ਦੌਰਾਨ ਵੀਰਵਾਰ ਵਾਲੇ ਦਿਨ ਇਹ ਮਤਾ ਸਦਨ ‘ਚ ਪੇਸ਼ ਕੀਤਾ ਜਾਵੇਗਾ। ਇਸ ਬਾਰੇ ਮਾਨਯੋਗ ਸਪੀਕਰ ਨੇ ਵੀ ਸਮੱਸਿਆ ਦੀ ਗੰਭੀਰਤਾ ਨੂੰ ਸਮਝਦੇ ਹੋਏ ਮਤਾ ਪੇਸ਼ ਕਰਨ ਦੀ ਪ੍ਰਵਾਨਗੀ ਦੇਣ ਦਾ ਭਰੋਸਾ ਦਿੱਤਾ ਹੈ।
‘ਆਪ’ ਵਿਧਾਇਕਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਹਰ ਸਾਲ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਸੜਕ ਦੁਰਘਟਨਾਵਾਂ ‘ਚ ਸੈਂਕੜੇ ਜਾਨਾਂ ਜਾਂਦੀਆਂ ਹਨ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ। ਅਮਨ ਅਰੋੜਾ ਨੇ ਦੱਸਿਆ ਕਿ ਜੇਕਰ ਸਰਕਾਰ ਆਵਾਰਾ ਪਸ਼ੂਆਂ ਦੀ ਦਿਨ ਪ੍ਰਤੀ ਦਿਨ ਵਿਕਰਾਲ ਹੋ ਰਹੀ ਸਮੱਸਿਆ ਦਾ ਸਮਾਂ ਰਹਿੰਦੇ ਹੱਲ ਨਾ ਕੀਤਾ ਤਾਂ ਪੰਜਾਬ ਸਮੇਤ ਦੇਸ਼ ਭਰ ‘ਚ 28 ਕਰੋੜ ਆਵਾਰਾ ਪਸ਼ੂ ਹੋ ਜਾਣਗੇ, ਜਿੰਨਾ ਦੀ ਸਾਂਭ-ਸੰਭਾਲ ਵਾਸਤੇ ਸਾਲਾਨਾ 5 ਲੱਖ 40 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ‘ਚ ਇਨ੍ਹਾਂ ਆਵਾਰਾ ਪਸ਼ੂਆਂ ‘ਚ ਕਰੀਬ 15 ਫ਼ੀਸਦੀ ਦੇਸੀ ਨਸਲ ਦੀਆਂ ਗਾਵਾਂ ਤੇ ਢੱਠੇ ਹਨ ਜਦੋਂਕਿ ਬਾਕੀ 85 ਫ਼ੀਸਦੀ ਅਮਰੀਕੀ/ਐਚ.ਐਫ ਗਾਵਾਂ-ਢੱਠੇ ਹਨ, ਜਿੰਨਾ ਦਾ ਭਾਰਤ ‘ਚ ਪਵਿੱਤਰ ਤੇ ਪੂਜਨੀਕ ਮੰਨੀ ਜਾਂਦੀ ਗਊ ਨਸਲ ਨਾਲ ਬਾਇਓਲੋਜੀਕਲ ਜਾਂ ਵਿਗਿਆਨਿਕ ਤੌਰ ‘ਤੇ ਕੋਈ ਲੈਣਾ-ਦੇਣਾ ਨਹੀਂ ਹੈ। ਜਿਸ ਦੀ ਪੁਸ਼ਟੀ ਡੀ.ਐਨ.ਏ ਟੈਸਟ ਕਰਵਾ ਕੇ ਕੀਤੀ ਜਾ ਸਕਦੀ ਹੈ।
ਅਮਨ ਅਰੋੜਾ ਨੇ ਦੱਸਿਆ ਕਿ ਮਤੇ ਰਾਹੀਂ ਮੰਗ ਕੀਤੀ ਗਈ ਹੈ ਕਿ ਦੇਸੀ ਨਸਲ ਦੀਆਂ ਗਾਵਾਂ ਅਤੇ ਢੱਠਿਆਂ ਦੀ ਗਊਸ਼ਾਲਾਵਾਂ ‘ਚ ਸਨਮਾਨ ਸਹਿਤ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ, ਜਦੋਂਕਿ ਅਮਰੀਕੀ/ਐਫਐਮ ਨਸਲ ਦੇ ਆਵਾਰਾ ਪਸ਼ੂਆਂ ਨੂੰ ਫੜ-ਫੜ ਬੁੱਚੜਖ਼ਾਨਿਆਂ ‘ਚ ਭੇਜਿਆ ਜਾਵੇ, ਤਾਂ ਕਿ ਲੋਕਾਂ ਦੀ ਜਾਨ-ਮਾਲ ਅਤੇ ਫ਼ਸਲਾਂ ਦਾ ਬਚਾਅ ਹੋ ਸਕੇ। ਇਸ ਦੇ ਨਾਲ ਹੀ ਗੰਦਗੀ ਰੂੜੀਆਂ ਤੇ ਕੂੜੇ ਦੇ ਢੇਰਾਂ ‘ਚ ਪਲਾਸਟਿਕ ਦੇ ਲਫਾਫੇ ਤੇ ਗੰਦਗੀ ਖਾ ਕੇ ਰੋਜ਼ ਰੋਜ਼ ਮਰ ਰਹੇ ਇਨ੍ਹਾਂ ਬੇਜ਼ਬਾਨਿਆਂ ਨੂੰ ਵੀ ਇੱਕ ਵਾਰ ‘ਚ ਹੀ ਮੁਕਤੀ ਮਿਲ ਜਾਵੇਗੀ।
ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ‘ਤੇ ਇਸ ਲੋਕ-ਹਿਤ ਮਤੇ ਦੀ ਵਿਧਾਨ ਸਭਾ ਦੇ ਸਦਨ ‘ਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਿਮਾਇਤ ਕਰਨ ਕਿਉਂਕਿ ਸੜਕਾਂ ‘ਤੇ ਹਾਦਸੇ ਅਤੇ ਫ਼ਸਲਾਂ ਦੇ ਨੁਕਸਾਨ ‘ਆਪ ਵਾਲੇ’, ਅਕਾਲੀ ਜਾਂ ਕਾਂਗਰਸੀ ਦੇਖ ਦੇ ਨਹੀਂ ਵਾਪਰਦੇ।