ਚੰਡੀਗੜ੍ਹ, 13 ਦਸੰਬਰ ਇੱਥੇ ਲੇਕ ਕਲੱਬ ਵਿਖੇ ਸ਼ੁਰੂ ਹੋਏ ਤਿੰਨ ਰੋਜਾ ‘ਮਿਲਟਰੀ ਲਿਟਰੇਚਰ ਫੈਸਟੀਵਲ‑2019’ ਦੇ ਪਹਿਲੇ ਦਿਨ ਦੇਸ਼ ਦੀਆਂ ਵੱਖ ਵੱਖ ਫੌਜੀ ਰੈਜਮੈਂਟਾਂ ਦੇ ਜਵਾਨਾਂ ਵੱਲੋਂ ਦਿੱਤੀਆਂ ਮਾਰਸ਼ਲ ਆਰਟ ਅਤੇ ਡਾਂਸ ਪੇਸ਼ਕਾਰੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀਆਂ। ਇਹ ਮੇਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇਂ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਫੌਜ ਦੀ ਪੱਛਮੀ ਕਮਾਂਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਝੜੀ ਲੱਗੇ ਹੋਣ ਦੇ ਬਾਵਜੂਦ ਸੁੱਕਰਵਾਰ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਹਾਜਰੀ ਭਰ ਕੇ ਆਪਣੀਆਂ ਫੌਜਾਂ ਦੇ ਗੌਰਵਸ਼ਾਲੀ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਕਰਨਲ ਮੁਹੰਮਦ ਰਕੀਬ ਦੀ ਅਗਵਾਈ ਵਿਚ 474 ਇੰਜਨੀਅਰਜ਼ ਬ੍ਰੀਗੇਡ ਦੀ ਯੁਨਿਟ 270 ਵੱਲੋਂ ਕਰਵਾਏ ਗਏ ਇਸ ਮਾਰਸ਼ਲ ਆਰਟ ਪ੍ਰੋਗਰਾਮ ਨੇ ਦਰਸ਼ਕਾਂ ਦੀ ਖੂਬ ਵਾਹ ਵਾਹ ਖੱਟੀ ਜਿਸ ਦੇ ਇੰਚਾਰਚ ਨਾਇਬ ਸੂਬੇਦਾਰ ਭੁਪਿੰਦਰ ਸਿੰਘ ਸਨ। ਸਭ ਤੋਂ ਪਹਿਲਾਂ ਸਿਪਾਹੀ ਅਸ਼ੋਕ ਕੁਮਾਰ ਦੀ ਅਗਵਾਈ ਵਾਲੀ 5 ਮਦਰਾਸ ਰੈਜਮੈਂਟ ਦੇ 10 ਜਵਾਨਾਂ ਦੀ ਟੀਮ ਵੱਲੋਂ ‘ਕਲਾਰੀ ਪਿਆਟੂ’ ਮਾਰਸ਼ਲ ਆਰਟ ਪੇਸ਼ ਕੀਤਾ ਗਿਆ। ‘ਕਲਾਰੀ ਪਿਆਟ’ੂ ਉਹ ਭਾਰਤੀ ਮਾਰਸ਼ਲ ਆਰਟ ਹੈ ਜਿਸ ਦੀ ਸ਼ੁਰੂਆਤ ਕੇਰਲਾ ਤੋਂ ਹੋਈ ਮੰਨੀ ਜਾਂਦੀ ਹੈ। ਦੂਜੇ ਪਾਸੇ ਨਾਇਬ ਸੂਬੇਦਾਰ ਨੀਮਾ ਸ਼ੇਰਿੰਗ ਸ਼ੇਰਪਾ ਦੀ ਅਗਵਾਈ ਵਿਚ 2/5 ਗੋਰਖਾ ਰੈਜਮੈਂਟ‑ਫਰੰਟ ਫਾਈਟਰਜ਼‑69 ਇੰਡੀਅਨ ਇਨਫੈਂਟਰੀ ਬ੍ਰਿਗੇਡ ਦੀ 21 ਮੈਂਬਰੀ ਟੀਮ ਨੇ ‘ਖੁਕਰੀ’ ਨਾਚ ਨਾਲ ਸਮਾਂ ਬੰਨ੍ਹ ਦਿੱਤਾ। ਖੁਕਰੀ ਨਾਚ ਮੁੱਖ ਤੌਰ ‘ਤੇ ਗੋਰਖਿਆਂ ਦੀ ਨ੍ਰਿਤ ਕਲਾ ਹੈ। ਇਸ ਮਗਰੋਂ ਸੂਬੇਦਾਰ ਦਲਵਿੰਦਰ ਸਿੰਘ ਅਤੇ ਨਾਇਕ ਜਗਜੀਤ ਸਿੰਘ ਦੀ ਅਗਵਾਈ ਹੇਠਲੀ 22 ਪੰਜਾਬ ਦੀ 21 ਮੈਂਬਰੀ ਟੀਮ ਨੇ ਪੰਜਾਬ ਦੇ ਪ੍ਰਮੁੱਖ ਮਾਰਸ਼ਲ ਆਰਟ ‘ਗਤਕੇ’ ਦੇ ਜੌਹਰ ਵਿਖਾਏ। ਅਖੀਰ ਵਿਚ 36 ਮਰਾਠਾ ਮੀਡੀਅਮ ਰੈਜਮੈਂਟ ਦੀ 40 ਜਵਾਨਾਂ ਦੀ ਟੀਮ ਨੇ ‘ਝੰਜ ਪਾਠਕ’ ਨ੍ਰਿਤ ਪੇਸ਼ ਕਰਕੇ ਮਹਾਰਾਸ਼ਟਰ ਦੀ ਇਸ ਨਾਚ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਟੀਮ ਦੀ ਅਗਵਾਈ ਸੂਬੇਦਾਰ ਹੇਮੰਤ ਏ. ਦਿਓਰੇ ਨੇ ਕੀਤੀ।
ਇਸ ਮੌਕੇ ਨਾਇਬ ਸੂਬੇਦਾਰ ਨੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਫੌਜੀ ਜਵਾਨਾਂ ਵੱਲੋਂ ਮਾਰਸ਼ਲ ਆਰਟ ਹੁਨਰ ਕਲਾਵਾਂ ਦੇ ਪ੍ਰਦਰਸ਼ਨ ਕਰਨ ਦੇ ਮੰਤਵ ਨਾਲ ਉਲੀਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੱਖ ਵੱਖ ਫੌਜੀ ਰੈਜਮੈਂਟਾਂ ਦੀਆਂ ਇਹ ਪੇਸ਼ਕਾਰੀਆਂ ਐਤਵਾਰ ਤੱਕ ਜਾਰੀ ਰਹਿਣਗੀਆਂ।
ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਵੱਖ ਵੱਖ ਰਾਜਾਂ ਦੇ ਭੋਜਨ ਦੀਆਂ ਸਟਾਲਾਂ ਅਤੇ ਮਿਲਟਰੀ ਆਰਟ ਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਵਿਚ ਹਾਜਰੀ ਲਵਾਈ। ਇਸ ਦੌਰਾਨ ਸੰਵਾਦ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਜਿੱਥੇ ਫੌਜੀ ਜਵਾਨਾਂ ਦੇ ਰੁਬਰੂ ਹੋਣ ਦਾ ਮੌਕਾ ਮਿਲਿਆ ਉਥੇ ਹੀ ਦੇਸ਼ ਦੀਆਂ ਤਿੰਨਾਂ ਸੈਨਾਵਾਂ ਬਾਰੇ ਦਸਤਾਵੇਜੀ ਫਿਲਮਾਂ ਦਾ ਆਨੰਦ ਮਾਣਿਆ। ਦੱਸਣਯੋਗ ਹੈ ਕਿ ਮਿਲਟਰੀ ਲਿਟਰੇਚਰ ਫੈਸਟੀਵਲ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਜਾਰੀ ਰਹੇਗਾ।