ਨਾਗਰਿਕਤਾ ਸੋਧ ਬਿੱਲ ਅੱਜ ਭਾਰਤੀ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ਵਿਚ ਪੇਸ਼ ਹੋਵੇਗਾ। ਬਹਿਸ ਤੋਂ ਬਾਅਦ ਵੋਟਿੰਗ ਰਾਹੀ ਬਿੱਲ ਉੱਤੇ ਫੈਸਲਾ ਹੋਵੇਗਾ। ਰਾਜ ਸਭਾ ਵਿਚ ਸਰਕਾਰ ਕੋਲ ਬਹੁਮਤ ਨਹੀਂ ਹੈ, ਉੱਥੇ ਬਿੱਲ ਦਾ ਪਾਸ ਹੋਣਾ ਦੂਜੀਆਂ ਪਾਰਟੀਆਂ ਦੇ ਸਮਰਥਨ ਉੱਤੇ ਨਿਰਭਰ ਕਰੇਗਾ।
ਸੋਮਵਾਰ ਨੂੰ ਨਾਗਰਿਕਤਾ ਸੋਧ ਬਿੱਲ, 2019 ਜਦੋਂ ਲੋਕਸਭਾ ਵਿਚ ਪੇਸ਼ ਕੀਤਾ ਗਿਆ ਤਾਂ ਸਦਨ ਵਿਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਇਹ ਕਹਿੰਦੇ ਹੋਏ ਇਸ ਦਾ ਵਿਰੋਧ ਕੀਤਾ ਕਿ ਇਹ ਬਿੱਲ ਭਾਰਤੀ ਸੰਵਿਧਾਨ ਦੀ ਧਾਰਾ 5, 10, 14 ਅਤੇ 15 ਦੀ ਮੂਲ ਭਾਵਨਾ ਦੀ ਉਲੰਘਣਾ ਕਰਦਾ ਹੈ।
ਕਈ ਸਿਆਸੀ ਅਤੇ ਸਮਾਜਿਕ ਤਬਕੇ ਦੇ ਲੋਕ ਇਸ ਬਿੱਲ ਨੂੰ ਵਿਵਾਦਤ ਮੰਨ ਰਹੇ ਹਨ।
ਪਰ ਇਹ ਧਾਰਾਵਾਂ ਕੀ ਕਹਿੰਦੀਆਂ ਹਨ ਅਤੇ ਕੀ ਨਾਗਰਿਕਤਾ ਸੋਧ ਬਿੱਲ 2019 ਇਨ੍ਹਾਂ ਧਾਰਾਵਾਂ ਦੀ ਉਲੰਘਣਾ ਕਰਦਾ ਹੈ? ਇਹ ਜਾਣਨ ਲਈ ਬੀਬੀਸੀ ਪੱਤਰਕਾਰ ਗੁਰਪ੍ਰੀਤ ਸੈਣੀ ਨੇ ਹਿਮਾਚਲ ਪ੍ਰਦੇਸ਼ ਦੀ ਨੈਸ਼ਨਲ ਲਾਅ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਚੰਚਲ ਸਿੰਘ ਨਾਲ ਗੱਲਬਾਤ ਕੀਤੀ।