ਬਿੱਟੂ ਕਦੇ ਵੀ ਕਾਂਗਰਸੀ ਨਹੀਂ ਸੀ ਸਗੋਂ ਹਮੇਸ਼ਾ ਅਕਾਲੀ ਦਲ ਅਤੇ ਸੁਖਬੀਰ ਦਾ ਵਫ਼ਾਦਾਰ ਰਿਹਾ-ਕੈਪਟਨ ਅਮਰਿੰਦਰ ਸਿੰਘ

135

ਬਿੱਟੂ ਕਦੇ ਵੀ ਕਾਂਗਰਸੀ ਨਹੀਂ ਸੀ ਸਗੋਂ ਹਮੇਸ਼ਾ ਅਕਾਲੀ ਦਲ ਅਤੇ ਸੁਖਬੀਰ ਦਾ ਵਫ਼ਾਦਾਰ ਰਿਹਾ-ਕੈਪਟਨ ਅਮਰਿੰਦਰ ਸਿੰਘ
ਚੰਡੀਗੜ, 9 ਦਸੰਬਰ
ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਸਰਪੰਚ ਨਾਲ ਕਥਿਤ ਸਬੰਧ ਹੋਣ ਦੇ ਵਿਵਾਦ ਤੋਂ ਬਚਣ ਲਈ ਸੁਖਬੀਰ ਬਾਦਲ ਵੱਲੋਂ ਕੀਤੀ ਕੋਸ਼ਿਸ਼ ਦਾ ਮੋੜਵਾਂ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿੱਟੂ ਕਦੇ ਵੀ ਕਾਂਗਰਸੀ ਨਹੀਂ ਸੀ ਅਤੇ ਉਹ ਇਕ ਅਕਾਲੀ ਲੀਡਰ ਵਜੋਂ ਆਪਣੀ ਪਾਰਟੀ ਲਈ ਕੰਮ ਕਰਦਾ ਰਿਹਾ ਹੈ ਅਤੇ ਉਸ ਦੀ ਛੋਟੇ ਬਾਦਲ ਨਾਲ ਨਜ਼ਦੀਕੀ ਸਾਂਝ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀਆਂ ਨੇ ਆਪਣੇ ਬਹੁਤੇ ਵਫ਼ਾਦਾਰਾਂ ਦੀ ਕਾਂਗਰਸ ਵਿੱਚ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਬਿੱਟੂ ਇਨਾਂ ਵਿੱਚੋਂ ਇਕ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ ਤੱਥ ਇਹ ਹੈ ਕਿ ਬਿੱਟੂ ਨੂੰ ਰਸਮੀ ਤੌਰ ’ਤੇ ਕਦੇ ਵੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਅਤੇ ਨਾ ਹੀ ਉਸ ਨੇ ਪਾਰਟੀ ਲਈ ਕੰਮ ਕੀਤਾ ਹੈ। ਉਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਗੈਂਗਸਟਰ ਅਕਾਲੀ ਦਲ ਦਾ ਤਤਕਾਲੀ ਸਰਪੰਚ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਨਜ਼ਦੀਕੀ ਬਿੱਟੂ 32 ਮੌਜੂਦਾ ਅਤੇ ਸਾਬਕਾ ਸਰਪੰਚਾਂ, ਕੌਂਸਲਰਾਂ, ਜ਼ਿਲਾ ਪ੍ਰੀਸ਼ਦ ਮੈਂਬਰਾਂ ਆਦਿ ਦੇ ਅਕਾਲੀ ਦਲ ਨਾਲ ਸਬੰਧਤ ਗਰੁੱਪ ਵਿੱਚੋਂ ਸੀ ਜਿਸ ਨੇ ਸਾਲ 2017 ਵਿੱਚ ਉਨਾਂ ਦੀ ਤਲਵੰਡੀ ਸਾਬੋ ਫੇਰੀ ਮੌਕੇ ਕਾਂਗਰਸ ਵਿੱਚ ਸ਼ਾਮਲ ਹੋਣ ਇੱਛਾ ਜ਼ਾਹਰ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਕਾਂਗਰਸੀ ਉਮੀਦਵਾਰ ਖੁਸ਼ਬਾਜ਼ ਜਟਾਣਾ ਦੀ ਚੋਣ ਮੁਹਿੰਮ ਲਈ ਤਲਵੰਡੀ ਸਾਬੋ ਗਏ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਬਿੱਟੂ ਦੇ ਕਾਂਗਰਸ ਨਾਲ ਜੁੜੇ ਹੋਣ ਦੇ ਸਬੂਤ ਦੇ ਤੌਰ ’ਤੇ ਸੁਖਬੀਰ ਵੱਲੋਂ ਜਾਰੀ ਤਸਵੀਰ ਵਿੱਚ ਅਕਾਲੀ ਲੀਡਰਾਂ ਅਤੇ ਵਰਕਰਾਂ ਦਾ ਵੱਡਾ ਸਮੂਹ ਦਿਸਦਾ ਹੈ ਜੋ ਸ੍ਰੀ ਜਟਾਣਾ ਦੇ ਸਮਰਥਨ ਵਿੱਚ ਹੱਥ ਹਿਲਾ ਰਹੇ ਹਨ। ਉਨਾਂ ਕਿਹਾ ਕਿ ਬਿੱਟੂ ਸਾਲ 2013-14 ਵਿੱਚ ਅਕਾਲੀ ਦਲ ਦਾ ਸੀਨੀਅਰ ਉਪ ਪ੍ਰਧਾਨ ਸੀ ਅਤੇ ਵਿਧਾਨ ਸਭਾ ਚੋਣਾਂ ਤੱਕ ਅਕਾਲੀ ਲੀਡਰ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਵੱਲੋਂ ਤਸਵੀਰ ਦਰਸਾਉਣ ਤੋਂ ਬਾਅਦ ਜਟਾਣਾ ਨੇ ਬਿੱਟੂ ਦੇ ਅਪਰਾਧਿਕ ਰਿਕਾਰਡ ਅਤੇ ਪਿਛੋਕੜ ਬਾਰੇ ਦੱਸਦਿਆਂ ਗੈਂਗਸਟਰ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਟਾਣਾ ਨੇ ਉਸ ਵੇਲੇ ਗੈਂਗਸਟਰ ਨਾਲੋਂ ਆਪਣਾ ਨਾਤਾ ਤੋੜ ਲਿਆ ਸੀ ਅਤੇ ਉਸ ਨੂੰ ਨਾ ਤਾਂ ਪਾਰਟੀ ਵਿੱਚ ਲਿਆਂਦਾ ਗਿਆ ਅਤੇ ਨਾ ਹੀ ਕਾਂਗਰਸ ਵਿੱਚ ਕਿਸੇ ਅਹੁਦੇ ਜਾਂ ਚੋਣ ਲਈ ਵਿਚਾਰਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿੱਟੂ ਹਮੇਸ਼ਾ ਕੱਟੜ ਅਕਾਲੀ ਰਿਹਾ ਹੈ ਜਿਸ ਦਾ ਫੋਟੋ ਖਿਚਵਾਉਣ ਦੇ ਮੌਕੇ ਨੂੰ ਛੱਡ ਕੇ ਕਿਸੇ ਵੀ ਪੱਧਰ ’ਤੇ ਕਾਂਗਰਸ ਨਾਲ ਕੋਈ ਨਾਤਾ ਨਹੀਂ ਰਿਹਾ ਜਦਕਿ ਫੋਟੋ ਦੀ ਚਾਲ ਵੀ ਅਕਾਲੀ ਦਲ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮਕਬੂਲੀਅਤ ਨੂੰ ਸੱਟ ਮਾਰਨ ਲਈ ਚੱਲੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਆਸਤਦਾਨ-ਗੈਂਗਸਟਰ ਦਰਮਿਆਨ ਗੱਠਜੋੜ ਬਾਰੇ ਡੀ.ਜੀ.ਪੀ. ਵੱਲੋਂ ਕੀਤੀ ਜਾ ਰਹੀ ਜਾਂਚ ਬਾਦਲਾਂ ਦੇ ਟੱਬਰ ਸਮੇਤ ਸਿਖਰਲੀ ਲੀਡਰਸ਼ਿਪ ਦੀ ਅਗਵਾਈ ਵਿੱਚ ਅਕਾਲੀਆਂ ਦੇ ਨਾਪਾਕ ਇਰਾਦਿਆਂ ਤੋਂ ਪਰਦਾ ਚੁੱਕੇਗੀ।
ਮੁੱਖ ਮੰਤਰੀ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਕਿਸੇ ਦੇ ਗੈਂਗਸਟਰਾਂ ਅਤੇ ਅਪਰਾਧੀਆਂ ਨਾਲ ਸਬੰਧਾਂ ਦੇ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਕਾਨੂੰਨ ਤਹਿਤ ਸਜ਼ਾ ਦਿਵਾਉਣੀ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਦੀ ਸੁਰੱਖਿਆ ਮੁੱਖ ਤਰਜੀਹ ਹੈ ਅਤੇ ਕਿਸੇ ਨੂੰ ਵੀ ਇਸ ਨਾਲ ਸਮਝੌਤਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।