ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ ਲਈ ਤਿਆਰੀਆਂ ਨੂੰ ਅੰਤਮ ਛੋਹਾਂ

69


ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਲਿਆ ਜਾਇਜ਼ਾ; ਸੁਰੱਖਿਆ ਲਈ ਇਕ ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ
ਐਸ.ਏ.ਐਸ. ਨਗਰ, 3 ਦਸੰਬਰ- ਇੱਥੇ ਇੰਟਰਨੈਸ਼ਨਲ ਸਕੂਲ ਆਫ ਬਿਜ਼ਨਸ (ਆਈ.ਐਸ.ਬੀ.) ਸੈਕਟਰ-81 ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿੱਟ-2019 ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਐਸ.ਡੀ.ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ ਨੂੰ ਜ਼ਿਲਾ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰਵਾਉਣ ਲਈ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਹੈ। ਉਨਾਂ ਦੱਸਿਆ ਕਿ ਤਿਆਰੀਆਂ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਪਾਰਕਿੰਗ ਤੇ ਹੋਰ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਪੀ.ਸੀ.ਐਸ. ਪੱਧਰ ਦੇ 82 ਅਫ਼ਸਰਾਂ ਨੂੰ ਤਾਲਮੇਲ ਡਿੳੂਟੀ ਉਤੇ ਲਾਇਆ ਗਿਆ ਹੈ। ਸੰਮੇਲਨ ਵਿੱਚ ਦੇਸ਼ਾਂ ਤੋਂ ਵਿਦੇਸ਼ਾਂ ਨਾਮੀ ਉਦਯੋਗਪਤੀ ਪੁੱਜ ਰਹੇ ਹਨ, ਜਿਹੜੇ ਸੰਮੇਲਨ ਦੌਰਾਨ ਹੋਣ ਵਾਲੇ ਵੱਖ ਵੱਖ ਸੈਸ਼ਨਾਂ ਦੌਰਾਨ ਆਪਣੇ ਤਜਰਬੇ ਤੇ ਵਿਚਾਰ ਸਾਂਝੇ ਕਰਨਗੇ।
ਸ੍ਰੀ ਦਿਆਲਨ ਨੇ ਅੱਗੇ ਦੱਸਿਆ ਕਿ ਸੰਮੇਲਨ ਵਿੱਚ ਸ਼ਾਮਲ ਹੋਣ ਲਈ .. ਉਤੇ ਆਨਲਾਈਨ ਰਜਿਸਟਰੇਸ਼ਨ ਕਰਨ ਦੀ ਸਹੂਲਤ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੰਮੇਲਨ ਲਈ ਜਾਣਕਾਰੀ ਪ੍ਰੋਗਰੈਸਿਵ ਪੰਜਾਬ ਦੇ ਡਿਜੀਟਲ ਐਪ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇਸ ਐਪ ਉਤੇ ਸੰਮੇਲਨ ਦੇ ਵੱਖ ਵੱਖ ਸੈਸ਼ਨਾਂ ਸਬੰਧੀ ਸਾਰੀ ਜਾਣਕਾਰੀ ਉਪਲਬਧ ਹੈ। ਉਨਾਂ ਦੱਸਿਆ ਕਿ ਸੰਮੇਲਨ ਲਈ ਸ਼ਹਿਰ ਨੂੰ ਸੁੰਦਰ ਦਿੱਖ ਦਿੱਤੀ ਜਾ ਰਹੀ ਹੈ। ਇਸ ਲਈ ਜਿੱਥੇ ਸੜਕਾਂ ਦਾ ਸੁੰਦਰੀਕਰਨ ਕੀਤਾ ਗਿਆ ਹੈ, ਉਥੇ ਸੰਮੇਲਨ ਵਾਲੀ ਥਾਂ ਨੂੰ ਵੀ ਸੁੰਦਰ ਬਣਾਇਆ ਜਾ ਰਿਹਾ ਹੈ।

ਇਸ ਦੌਰਾਨ ਅੱਜ ਐਸ.ਡੀ.ਐਮ. ਮੁਹਾਲੀ ਸ੍ਰੀ ਜਗਦੀਪ ਸਹਿਗਲ ਅਤੇ ਡੀ.ਐਸ.ਪੀ. ਮਨਜੀਤ ਸਿੰਘ ਨੇ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਲੋੜੀਂਦੀਆਂ ਹਦਾਇਤਾਂ ਦਿੱਤੀਆਂ।

ਸੁਰੱਖਿਆ ਦੇ ਪੁਖਤਾ ਪ੍ਰਬੰਧ
ਐਸ.ਪੀ. ਸਿਟੀ-1 ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੰਮੇਲਨ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਪੰਜ ਐਸ.ਪੀ. ਰੈਂਕ. ਦੇ ਅਫ਼ਸਰਾਂ ਅਤੇ 20 ਡੀ.ਐਸ.ਪੀ. ਨੂੰ ਸੁਰੱਖਿਆ ਦਾ ਜਿੰਮਾ ਸੌਂਪਿਆ ਗਿਆ ਹੈ, ਜਿਨਾਂ ਦੀ ਅਗਵਾਈ ਵਿੱਚ 40 ਇੰਸਪੈਕਟਰਾਂ ਤੇ 200 ਸਬ ਇੰਸਪੈਕਟਰਾਂ ਸਮੇਤ ਤਕਰੀਬਨ ਇਕ ਹਜ਼ਾਰ ਜਵਾਨਾਂ ਨੂੰ ਸੁਰੱਖਿਆ ਡਿੳੂਟੀ ਉਤੇ ਲਾਇਆ ਗਿਆ ਹੈ।