ਮਾਲਵੇ ਦੇ ਹਜ਼ਾਰਾਂ ਕਿਸਾਨਾਂ ਨੇ ਟਿਊਬਵੈਲ ਮੋਟਰਾਂ ਦੇ ਅੱਧੇ ਰੇਟ ਵਿੱਚ ਲੋਡ ਵਧਾਏ
ਮਾਨਸਾ, 30 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਦਫਤਰ ਅੱਜ ਛੁੱਟੀ ਹੋਣ ਦੇ ਬਾਵਜੂਦ ਵੀ ਖੁੱਲ੍ਹੇ ਰਹੇ। ਕਾਰਪੋਰੇਸ਼ਨ ਵੱਲੋਂ ਇਹ ਦਫਤਰ ਖੇਤੀਬਾੜੀ ਟਿਊਬਵੈਲ, ਘਰੇਲੂ ਅਤੇ ਵਪਾਰਕ ਖਪਤਕਾਰਾਂ ਲਈ ਸਵੈ-ਇਛੁੱਕ ਪ੍ਰਗਟਾਵਾ ਸਕੀਮ ਦਾ ਆਖਰੀ ਦਿਨ ਹੋਣ ਕਾਰਨ ਖੋਲੇ ਸਨ ਤਾਂ ਜੋ ਇਸ ਸਕੀਮ ਦਾ ਲਾਹਾ ਲੈਣ ਵਾਲਾ ਹਰ ਵਿਅਕਤੀ ਮਹੀਨੇ ਦਾ ਆਖਰੀ ਦਿਨ ਹੋਣ ਕਾਰਨ ਲਾਭ ਲੈ ਸਕੇ। ਕਾਰਪੋਰੇਸ਼ਨ ਨੇ ਇਹ ਸਕੀਮ ਪਹਿਲਾਂ 26 ਅਗਸਤ ਤੋਂ 31 ਅਕਤੂਬਰ ਤੱਕ ਲਾਗੂ ਕੀਤੀ ਸੀ ਅਤੇ ਬਾਅਦ ਵਿੱਚ ਕਿਸਾਨ ਜਥੇਬੰਦੀਆਂ ਅਤੇ ਹੋਰ ਧਿਰਾਂ ਵੱਲੋਂ ਇਸ ਨੂੰ ਅੱਜ 30 ਨਵੰਬਰ ਤੱਕ ਵਧਾਇਆ ਗਿਆ ਸੀ, ਪਰ ਅਚਾਨਕ ਮਹੀਨੇ ਦਾ ਆਖਰੀ ਦਿਨ ਸ਼ਨੀਵਾਰ ਛੁੱਟੀ ਵਾਲਾ ਹੋਣ ਕਾਰਨ ਕਾਰਪੋਰੇਸ਼ਨ ਨੂੰ ਲੋਕਾਂ ਦੇ ਹਿੱਤਾਂ ਲਈ 1 ਦਿਨ ਲਈ ਵਧਾਇਆ ਗਿਆ ਸੀ।
ਪਾਵਰ ਕਾਰਪੋਰੇਸ਼ਨ ਦੇ ਮਾਨਸਾ ਸਥਿਤ ਐਕਸ਼ੀਅਨ ਪਰਮਪਾਲ ਸਿੰਘ ਬੁੱਟਰ ਨੇ ਦੱਸਿਆ ਕਿ ਸਵੈ-ਇੱਛਤ ਪ੍ਰਗਟਾਵਾ ਸਕੀਮ ਤਹਿਤ ਸਮੂਹ ਕਿਸਾਨਾਂ ਦੇ ਨਾਲ-ਨਾਲ ਬਿਜਲੀ ਦੇ ਘਰੇਲੂ ਅਤੇ ਵਪਾਰਿਕ ਖਪਤਕਾਰਾਂ ਲਈ ਆਪਣੀ ਬਿਜਲੀ ਦੇ ਲੋਡ ਅਤੇ ਸਰਵਿਸ ਕੁਨੈਕਸ਼ਨ ਚਾਰਜਿਜ ਨੂੰ ਘਟਾਉਣ ਲਈ ਪੰਜਾਬ ਸਰਕਾਰ ਵੱਲੋਂ ਨਿਵੇਕਲਾ ਮੌਕਾ ਪ੍ਰਦਾਨ ਕੀਤਾ ਗਿਆ ਸੀ, ਜਿਸਦੀ ਸਮਾਪਤੀ ਤੇ ਅੱਜ ਇੱਕ ਹੋਰ ਨਵਾਂ ਮੌਕਾ ਦੇਕੇ ਲੋਕਾਂ ਨੂੰ ਖਪਤਕਾਰਾਂ ਦੀ ਇਸ ਦਾ ਲਾਹਾ ਲੈਣ ਲਈ ਵਿਸ਼ੇਸ਼ ਤੌਰ ਤੇ ਇੱਕ ਨਵਾਂ ਮੌਕਾ ਦਿੱਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਦੇ ਸਾਰੇ ਦਫਤਰ ਅੱਜ ਆਮ ਦਿਨ ਦੀ ਤਰ੍ਹਾਂ ਸਾਰਾ ਦਿਨ ਖੁੱਲ੍ਹੇ ਰਹੇ ਅਤੇ ਇਸਦਾ ਬਹੁਤ ਸਾਰੇ ਲੋਕਾਂ ਨੇ ਲਾਭ ਵੀ ਲਿਆ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੇ ਆਪਣੀ ਵੇਚੀ ਜਿਣਸ ਦਾ ਫਾਇਦਾ ਖੱਟਕੇ ਇਸ ਸਕੀਮ ਤਹਿਤ ਆਪਣੀਆਂ ਬਿਜਲੀ ਮੋਟਰਾਂ ਦੇ ਬਹੁਤ ਸਾਰੇ ਲੋਡ ਵਧਾਏ ਹਨ।
ਇਸੇ ਦੌਰਾਨ ਨੌਜਵਾਨ ਕਿਸਾਨ ਆਗੂ ਸੁਖਜੀਤ ਸਿੰਘ ਸਮਾਓ ਨੇ ਪਾਵਰ ਕਾਰਪੋਰੇਸ਼ਨ ਦੇ ਚੈਅਰਮੈਨ ਬਲਦੇਵ ਸਿੰਘ ਸਰਾਂ ਪਾਸੋਂ ਮੰਗ ਕੀਤੀ ਕਿ ਇਸ ਸਕੀਮ ਨੂੰ ਕਿਸਾਨ ਹਿੱਤਾਂ ਲਈ ਇੱਕ ਮਹੀਨੇ ਲਈ ਹੋਰ ਵਧਾਇਆ ਜਾਵੇ ਤਾਂ ਜੋ ਵਿਕੀਆਂ ਜਿਣਸਾਂ ਦਾ ਪੈਸਾ ਨਾ ਆਉਣ ਕਾਰਨ, ਜਿਹੜੇ ਕਿਸਾਨ ਲੋਡ ਵਧਾਉਣ ਤੋਂ ਵਾਂਝੇ ਰਹਿ ਗਏ ਹਨ, ਉਹ ਵੀ ਇਸਦਾ ਲਾਭ ਲੈ ਸਕਣ।
ਫੋਟੋ ਕੈਪਸ਼ਨ: ਪਾਵਰ ਕਾਰਪੋਰੇਸ਼ਨ ਦੇ ਮਾਨਸਾ ਸਥਿਤ ਦਫਤਰ ਵਿੱਚ ਸ਼ਨੀਵਾਰ ਨੂੰ ਖੁੱਲ੍ਹੇ ਹੋਏ ਕਾਊਂਟਰ ‘ਤੇ ਡਿਊਟੀ ਕਰਦੇ ਕਰਮਚਾਰੀ। ਫੋਟੋ: ਵਿਸ਼ਵ ਵਾਰਤਾ