ਵਿਸ਼ਵ ਕੱਪ ਕਬੱਡੀ ਦੀ ਸ਼ੁਰੂਆਤ ਕੱਲ੍ਹ ਤੋਂ

58

– ਟੂਰਨਾਮੈਂਟ ‘ਚ 9 ਟੀਮਾਂ ਹਿੱਸਾ ਲੈਣਗੀਆਂ

– ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸੁਲਤਾਨਪੁਰ ਲੋਧੀ ਅਤੇ ਸਮਾਪਨ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ

ਚੰਡੀਗੜ, 30 ਨਵੰਬਰ (ਵਿਸ਼ਵ ਵਾਰਤਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਵ ਕਬੱਡੀ ਕੱਪ ਪਹਿਲੀ ਦਸੰਬਰ ਤੋਂ 10 ਦਸੰਬਰ ਤੱਕ ਹੋ ਰਿਹਾ ਹੈ।
ਇਸ ਵਿਸ਼ਵ ਕਬੱਡੀ ਕੱਪ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ ਅਤੇ ਇਸ ਦਿਨ ਚਾਰ ਕਬੱਡੀ ਮੈਚ ਖੇਡੇ ਜਾਣਗੇ। ਇਸੇ ਤਰਾਂ ਹੀ ਇਸ ਟੂਰਨਾਮੈਂਟ ਦਾ ਸਮਾਪਨ ਸਮਾਰੋਹ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ ਅਤੇ ਇਸ ਦਿਨ ਫਾਇਨਲ ਮੈਚ ਤੋਂ ਇਲਾਵਾ ਤੀਜੇ ਅਤੇ ਚੌਥੇ ਸਥਾਨ ਲਈ ਮੈਚ ਹੋਵੇਗਾ।

ਇਸ ਤੋਂ ਇਲਾਵਾ ਦੋ ਮੈਚ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਦੋ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ, ਦੋ ਸਪੋਰਟਸ ਸਟੇਡੀਅਮ ਬਠਿੰਡਾ, ਦੋ ਸਪੋਰਟਸ ਸਟੇਡੀਅਮ ਵਾਈ.ਪੀ.ਐਸ. ਪਟਿਆਲਾ ਅਤੇ ਸੈਮੀ ਫਾਇਨਲ ਚਰਨ ਗੰਗਾ ਸਪੋਰਟਸ ਸਟੇਡੀਅਮ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣਗੇ।
ਇਸ ਟੂਰਨਾਮੈਂਟ ਵਿੱਚ 9 ਟੀਮਾਂ ਹਿੱਸਾ ਲੈਣਗੀਆਂ ਜਿਹਨਾਂ ਵਿੱਚ ਭਾਰਤ, ਅਮਰੀਕਾ, ਅਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਕੈਨੇਡਾ ਸ਼ਾਮਲ ਹਨ।