ਆਦਰਸ਼ ਪਾਲੀਟੈਕਨਿਕ ਕਾਲੇਜ ਪਟਿਆਲਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜੋੜੇ ਨੇ ਇਕ ਕਰੋੜ ਦੇ ਫ਼ੰਡ ਦੀ ਕੀਤੀ ਦੁਰਵਰਤੋਂ — ਕੈਂਥ
ਪੋਸਟ ਮੈਟ੍ਰਿਕ ਸਕਾਲਰਸ਼ਿਪ ਫੰਡਾਂ ਦੇ ਗਬਨ ਅਤੇ ਸਮਾਜ ਨਾਲ ਧੋਖਾਧੜੀ ਦੀ ਵੱਡੀ ਮਿਸਾਲ — ਕੈਂਥ
ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਵਲੋਂ ਜੋੜੇ ਵਿਰੁੱਧ ਐਫ ਆਈ ਆਰ ਦਰਜ ਕਰਨ ਦੀ ਮੰਗ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਵਿਚ ਘੁਟਾਲੇ ਦਾ ਪਰਦਾਫਾਸ਼ ਕਰਨ ਦੀ ਮੁਹਿੰਮ ਮੁੱਖਮੰਤਰੀ ਦੇ ਜਿਲੇ ਪਟਿਆਲੇ ਤੋਂ — ਕੈਂਥ
ਚੰਡੀਗੜ੍ਹ 22 ਨਵੰਬਰ – ਪੰਜਾਬ ਦੇ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਨੂੰ ਉੱਚ ਸਿਖਿਆ ਮੁਹਈਆ ਕਰਾਉਣ ਦੇ ਮਕਸਦ ਨਾਲ ਕੇਂਦਰ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹਾਲ ਦੇ ਹੀ ਵਰ੍ਹਿਆਂ ਦੌਰਾਨ ਦੁਰਵਰਤੋਂ ਕਾਰਨ ਕਰਪਸ਼ਨ ਦੀ ਇਕ ਵੱਡੀ ਮਿਸਾਲ ਬਣ ਗਈ ਹੈ. ਜਿਸ ਉਪਰ ਕੌਮੀ ਪੱਧਰ ਤੇ ਵਿਚਾਰ ਵਟਾਂਦਰਾ ਕੀਤੇ ਜਾਣ ਦੀ ਲੋੜ ਮਹਿਸੂਸ ਹੋਣ ਲਗ ਪਈ ਹੈ। ਇਸ ਸਕੀਮ ਵਿਚ ਭ੍ਰਿਸ਼ਟਾਚਾਰ ਲਈ ਜਿਥੇ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ ਅਤੇ ਉਸ ਉਪਰ ਭਾਂਤ ਭਾਂਤ ਦੇ ਸਵਾਲ ਖੜੇ ਕੀਤੇ ਜਾ ਰਹੇ ਹਨ ਉਥੇ ਹੀ ਇਸ ਸਕੀਮ ਨੂੰ ਭ੍ਰਿਸ਼ਟਾਚਾਰ ਵਿਚ ਡੋਬਣ ਵਿਚ ਨਿਜੀ ਵਿਦਿਅਕ ਅਦਾਰੇ ਵੀ ਪਿਛੇ ਨਹੀ ਹਨ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਰੂਪ ਵਿਚ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦੇ ਕਾਲਜਾਂ ਦੀਆਂ ਫੀਸਾਂ ਤੇ ਹੋਰ ਖਰਚੇ ਸਰਕਾਰ ਵਲੋਂ ਕਾਲਜਾਂ ਦੇ ਬੈਂਕ ਖਾਤਿਆਂ ਵਿਚ ਜਮਾ ਕਰਾਏ ਜਾਂਦੇ ਹਨ। ਪਰ ਨਿਜੀ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਆਪਣੇ ਨਿਜੀ ਮੁਫਾਦਾਂ ਨੂੰ ਲੈ ਕੇ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਕਾਰਨ ਨਾ ਸਿਰਫ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦਾ ਭਵਿੱਖ ਹਨੇਰੇ ਵਿਚ ਜਾ ਰਿਹਾ ਹੈ ਬਲਕਿ ਸਰਕਾਰ ਦਾ ਇਨਾਂ ਵਿਦਿਆਰਥੀਆਂ ਦੀ ਜਿੰਦਗੀ ਸੰਵਾਰਨ ਲਈ ਉਨਾਂ ਨੂੰ ਉੱਚ ਸਿਖਿਆ ਮੁਹਈਆ ਕਰਾਉਣ ਦਾ ਮੁਢਲਾ ਮਕਸਦ ਵੀ ਢਹਿ ਢੇਰੀ ਹੁੰਦਾ ਨਜ਼ਰ ਆ ਰਿਹਾ ਹੈ।
ਨਿਜੀ ਵਿਦਿਅਕ ਅਦਾਰੇ ਇਸ ਸਕਾਲਰਸ਼ਿਪ ਸਕੀਮ ਦੀ ਆੜ ਵਿਚ ਆਪਣੇ ਨਿਜੀ ਮੁਫਾਦਾਂ ਨੂੰ ਭੁਨਾਉਣ ਖਾਤਿਰ ਸਕਾਲਰਸ਼ਿਪ ਦੀਆਂ ਵੱਡੀਆਂ ਵੱਡੀਆਂ ਰਕਮਾਂ ਡਕਾਰਨ ਵਿਚ ਵੀ ਪਿਛੇ ਨਹੀ ਹਨ। ਇਹੀ ਵਜਹ ਹੈ ਕਿ ਸਕਾਲਰਸ਼ਿਪ ਦਾ ਲਾਹਾ ਨਾ ਦਿਤੇ ਜਾਣ ਕਾਰਨ ਅਨੁਸੂਚਿਤ ਜਾਤੀ ਵਰਗ ਦੇ ਹਜ਼ਾਰਾਂ ਵਿਦਿਆਰਥੀ ਅੱਜ ਪੰਜਾਬ ਦੇ ਕਾਲਜਾਂ ਦੇ ਬਾਹਰ ਆਪਣੇ ਅਧਿਕਾਰਾਂ ਦੀ ਲੜਾਈ ਲੜਦੇ ਤੇ ਧਰਨਾ -ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਹਨ। ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫ਼ੰਡ ਜਾਰੀ ਕੀਤੇ ਜਾਣ ਦੇ ਬਾਵਜੂਦ ਕਾਲਜਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਆਪਣੀਆਂ ਫੀਸਾਂ ਜਮਾ ਨਾ ਕਰਾਉਣ ਕਾਰਨ ਇਨਾਂ ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਜਾ ਰਹੇ ਹਨ ਤੇ ਉਨਾਂ ਨੂੰ ਘਰਾਂ ਵਿਚ ਵਾਪਿਸ ਭੇਜ ਦਿਤਾ ਜਾਂਦਾ ਹੈ ਕਿ ਫੀਸ ਲੈ ਕੇ ਆਉਗੇ ਤਾਂ ਹੀ ਕਲਾਸ ਵਿਚ ਜਾਣ ਦਿਤਾ ਜਾਵੇਗਾ। ਜਿਸ ਨਾਲ ਇਨਾਂ ਵਿਦਿਆਰਥੀਆਂ ਲਈ ਇਕ ਨਵੀ ਸਮਸਿਆ ਖੜੀ ਹੋ ਗਈ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਨਿਜੀ ਵਿਦਿਅਕ ਅਦਾਰੇ ਕਿਸ ਹੱਦ ਤਕ ਭ੍ਰਿਸ਼ਟਾਚਾਰ ਵਿਚ ਡੁੱਬੇ ਹੋਏ ਹਨ ਇਸ ਦੀ ਇਕ ਮਿਸਾਲ ਪਟਿਆਲਾ ਦੇ ਢੇਠਲ (Dhanthal) ਸਥਿਤ ਆਦਰਸ਼ ਪਾਲੀਟੈਕਨਿਕ ਕਾਲਜ ਵਿਚ ਹੋਏ ਇਸ ਸਕੀਮ ਅਧੀਨ ਤਕਰੀਬਨ ਇਕ ਕਰੋੜ ਰੁਪਏ ਦੇ ਘੁਟਾਲੇ ਦੇ ਰੂਪ ਵਿਚ ਸਾਹਮਣੇ ਆਈ ਹੈ।
ਪੰਜਾਬ ਵਿਚ ਇਸ ਘੁਟਾਲੇ ਨੂੰ ਰਾਜ ਦਾ ਸਭ ਤੋਂ ਵੱਡਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਮੰਨਿਆ ਜਾ ਰਿਹਾ ਹੈ। ਜਿਸ ਲਈ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਜੋੜੇ ਡਾਕਟਰ ਵਿਕਰਮਜੀਤ ਸਿੰਘ ਅਤੇ ਉਨਾਂ ਦੀ ਧਰਮਪਤਨੀ ਡਾਕਟਰ ਰੰਜੂ ਸਿੰਗਲਾ ਨੂੰ ਸਿਧੇ ਸਿਧੇ ਜਿੰਮੇਵਾਰ ਠਹਰਾਇਆ ਜਾ ਰਿਹਾ ਹੈ ਅਤੇ ਇਸ ਜੋੜੇ ਉਪਰ 1,23,78, 535 ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਫ਼ੰਡ ਦੀ ਹੇਰਾਫੇਰੀ ਕਰਨ ਅਤੇ ਇਸ ਫ਼ੰਡ ਨੂੰ ਆਪਣੇ ਨਿਜੀ ਫਾਇਦੇ ਲਈ ਵਰਤੋਂ ਵਿਚ ਲਿਆਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਹ ਜੋੜਾ ਨੋਵਾ ਐਜੂਕੇਸ਼ਨ ਸੋਸਾਇਟੀ ਦਾ ਮੈਂਬਰ ਹੋਣ ਦੇ ਨਾਤੇ ਕਾਲਜ ਦੀ ਮੈਨੇਜਮੈਂਟ ਅਤੇ ਹੋਰਨਾਂ ਕੰਮਾਂ ਦੇ ਸੰਚਾਲਨ ਲਈ ਜਿੰਮੇਵਾਰ ਹੈ। ਜਿਸਦੇ ਚਲਦਿਆਂ ਇਹ ਦੋਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫ਼ੰਡ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ ਨੂੰ ਲੈ ਕੇ ਪੂਰੀ ਤਰਾਂ ਨਾਲ ਸ਼ੱਕ ਦੇ ਘੇਰੇ ਵਿਚ ਹਨ।
ਆਦਰਸ਼ ਪਾਲੀਟੈਕਨਿਕ ਕਾਲਜ ਵਿਚ ਸਕਾਲਰਸ਼ਿਪ ਫ਼ੰਡ ਵਿਚ ਘੁਟਾਲੇ ਦੇ ਇਸ ਸਬ ਤੋਂ ਵੱਡੇ ਮਾਮਲੇ ਦਾ ਪਰਦਾਫਾਸ਼ ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੈਂਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅਲਾਇੰਸ ਪਿਛਲੇ ਕਈ ਵਰ੍ਹਿਆਂ ਤੋਂ ਇਸ ਸਕੀਮ ਨੂੰ ਪੰਜਾਬ ਵਿਚ ਢੁਕਵੇਂ ਤੇ ਚੰਗੇ ਢੰਗ ਨਾਲ ਲਾਗੂ ਕਰਨ ਲਈ ਆਪਣੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ ਅਤੇ ਜਿਸ ਢੰਗ ਨਾਲ ਇਸ ਸਕੀਮ ਨੂੰ ਲਾਗੂ ਕੀਤਾ ਗਿਆ ਹੈ, ਇਹ ਘੁਟਾਲਾ ਇਸ ਦੀ ਸਬ ਤੋਂ ਵੱਡੀ ਮਿਸਾਲ ਹੈ, ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲਗ ਚੁੱਕਿਆ ਹੈ।
ਕੈਂਥ ਨੇ ਇਲਜ਼ਾਮ ਲਗਾਇਆ ਕਿ ਡਾਕਟਰ ਵਿਕਰਮਜੀਤ ਅਤੇ ਉਨਾਂ ਦੀ ਧਰਮਪਤਨੀ ਰੰਜੂ ਸਿੰਗਲਾ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫ਼ੰਡ ਦੀ ਦੁਰਵਰਤੋਂ ਕਰ ਕੇ ਨਾ ਸਿਰਫ ਸਮਾਜ ਨਾਲ ਹੀ ਧੋਖਾ ਕੀਤਾ ਹੈ ਬਲਕਿ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਵੀ ਖਿਲਵਾੜ ਕੀਤਾ ਹੈ।
ਉਨਾਂ ਕਿਹਾ ਕਿ ਇਸੇ ਹੀ ਸੰਬੰਧ ਵਿਚ ਇਸੇ ਹੀ ਕਾਲਜ ਵਿਚ 2016 ਦੇ ਵਰ੍ਹੇ ਦੌਰਾਨ ਇਕ ਨਿਰਮਾਣ ਸੁਪਰਵਾਈਜਰ ਦੇ ਤੌਰ ਤੇ ਕੰਮ ਕਰਨ ਵਾਲੇ ਕੁਲਵੰਤ ਸਿੰਘ ਨੇ, ਜੋ ਖੁਦ ਵੀ ਅਨੁਸੂਚਿਤ ਜਾਤੀ ਵਰਗ ਨਾਲ ਸੰਬੰਧ ਰੱਖਦਾ ਹੈ, ਅਲਾਇੰਸ ਨੂੰ ਇਸ ਗੱਲ ਦੀ ਜਾਣਕਾਰੀ ਦਿਤੀ ਕਿ ਕਿਵੇਂ ਉਹ ਨਿਜੀ ਤੌਰ ਤੇ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦੇ ਵਿਦਿਅਕ ਤੇ ਬੋਧਿਕ ਵਿਕਾਸ ਲਈ ਰੱਖੇ ਗਏ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫ਼ੰਡ ਵਿਚ ਕੀਤੇ ਗਏ ਘੁਟਾਲੇ ਕਾਰਨ ਰੀ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।
ਕੁਲਵੰਤ ਸਿੰਘ ਨੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਲਿਖੀ ਇਕ ਚਿੱਠੀ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਡਾਕਟਰ ਵਿਕਰਮਜੀਤ ਅਤੇ ਉਨਾਂ ਦੀ ਧਰਮਪਤਨੀ ਰੰਜੂ ਸਿੰਗਲਾ ਨੇ ਸੇਲਫ ਬੇਅਰਰ ਚੇਕ ਜਾਰੀ ਕੀਤੇ ਤੇ ਸਿਸਟਮ ਵਿਚ ਫਰਜ਼ੀ ਐਂਟਰੀਆਂ ਦਰਜ ਕਰਕੇ ਫ਼ੰਡ ਨੂੰ ਸੋਸਾਇਟੀ ਦੇ ਖਾਤੇ ਵਿਚੋਂ ਕੱਢਵਾ ਕੇ ਆਪਣੇ ਨਿਜੀ ਮੁਫ਼ਾਦ ਲਈ ਇਸਤੇਮਾਲ ਕੀਤਾ। ਇਸੇ ਹੀ ਮਾਮਲੇ ਨੂੰ ਸੋਸਾਇਟੀ ਦੇ ਇਕ ਹੋਰ ਮੈਂਬਰ ਕੇ ਕੇ ਜੋਹਰੀ ਪਹਿਲਾਂ ਹੀ ਮਈ 2018 ਵਿਚ ਪਟਿਆਲਾ ਦੇ ਐਸ ਐਸ ਪੀ ਨੂੰ ਇਕ ਸ਼ਿਕਾਇਤ ਪੱਤਰ ਦੇ ਰੂਪ ਵਿਚ ਉਠਾ ਚੁਕੇ ਹਨ।