ਹੁਣ ਤੱਕ 625 ਕੇਸਾਂ ਦਾ ਕੀਤਾ ਨਿਬੇੜਾ
ਐਸ.ਏ.ਐਸ. ਨਗਰ, 20 ਅਕਤੂਬਰ
ਪੰਜਾਬ ਸਰਕਾਰ ਵੱਲੋਂ ਖੋਲੇ ਗਏ ਵਿਮੈਨ ਪੁਲਿਸ ਸਟੇਸ਼ਨ ਘਰੇਲੂ ਝਗੜਿਆਂ ਨਾਲ ਨਜਿੱਠਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ ਵਿਮੈਨ ਪੁਲਿਸ ਸਟੇਸ਼ਨ ਰਾਹੀਂ ਇਸ ਸਾਲ ਸਤੰਬਰ ਤੱਕ 625 ਕੇਸਾਂ ਦਾ ਨਿਬੇੜਾ ਕੀਤਾ ਜਾ ਚੁੱਕਾ ਹੈ।
ਵਿਮੈਨ ਪੁਲਿਸ ਸਟੇਸ਼ਨ, ਐਸ.ਏ.ਐਸ. ਨਗਰ ਦੀ ਮੁੱਖ ਥਾਣਾ ਅਫਸਰ ਐਸ.ਆਈ. ਰੇਨੂੰ ਸਾਹੂ ਨੇ ਦੱਸਿਆ ਕਿ ਵੂਮੈਨ ਪੁਲਿਸ ਸਟੇਸ਼ਨ, ਜੋ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ’ਤੇ ਸਥਿਤ ਹੈ, ਵਿਖੇ ਜ਼ਿਲਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲੇ ਵਿੱਚ ਪੈਂਦੀਆਂ ਸਬ-ਡਿਵੀਜ਼ਨਾਂ ਮੁਹਾਲੀ, ਖਰੜ ਅਤੇ ਡੇਰਾਬੱਸੀ ਨਾਲ ਸਬੰਧਤ ਔਰਤਾਂ ਦੇ ਘਰੇਲੂ ਝਗੜਿਆਂ ਦੇ ਫੈਸਲੇ ਦੋਵਾਂ ਧਿਰਾਂ ਦੀ ਸੁਣਵਾਈ ਮਗਰੋਂ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹੇ ਵਿਮੈਨ ਪੁਲਿਸ ਸਟੇਸ਼ਨ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ਵਿੱਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ।
ਐਸ. ਆਈ. ਨੇ ਦੱਸਿਆ ਕਿ ਜ਼ਿਲੇ ਵਿੱਚ ਪਿਛਲੇ ਸਾਲ ਦੇ ਪੈਂਡਿੰਗ 200 ਅਤੇ ਇਸ ਸਾਲ ਸਤੰਬਰ 2019 ਤੱਕ ਆਏ 724 ਕੇਸਾਂ ਵਿੱਚੋਂ 625 ਕੇਸਾਂ ਦਾ ਵਿਮੈਨ ਪੁਲਿਸ ਸਟੇਸ਼ਨ ਰਾਹੀਂ ਨਿਬੇੜਾ ਕੀਤਾ ਗਿਆ। ਵਿਮੈਨ ਪੁਲਿਸ ਸਟੇਸ਼ਨ ਵਿੱਚ ਪੁੱਜੀਆਂ ਦਰਖਾਸਤਾਂ ਵਿੱਚੋਂ 78 ਤਲਾਕ ਦੇ ਫੈਸਲੇ ਕਰਵਾਏ ਗਏ, 141 ਕੇਸਾਂ ਵਿੱਚ ਇਕੱਠੇ ਰਹਿਣ ਦੇ ਫੈਸਲੇ ਕਰਵਾਏ ਗਏ, 372 ਕੇਸ ਦਫ਼ਤਰ ਦਾਖਲ ਕੀਤੇ ਗਏ ਅਤੇ 34 ਕੇਸਾਂ ਵਿੱਚ ਮੁਕੱਦਮੇ ਦਰਜ ਕੀਤੇ ਗਏ। ਉਨਾਂ ਦੱਸਿਆ ਕਿ ਵਿਮੈਨ ਪੁਲਿਸ ਸਟੇਸ਼ਨਾਂ ਰਾਹੀਂ ਮਹਿਲਾਵਾਂ ਨਾਲ ਸਬੰਧਤ ਵੱਖ ਵੱਖ ਪਰਿਵਾਰਕ ਝਗੜਿਆਂ ਨੂੰ ਪਾਰਦਰਸ਼ਤਾ ਨਾਲ ਪਹਿਲ ਦੇ ਆਧਾਰ ’ਤੇ ਨਜਿੱਠਿਆ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਵਿਮੈਨ ਸੈੱਲ ਰਾਹੀਂ ਕਾਊਂਸਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖ਼ਤਮ ਹੁੰਦਾ ਹੈ ਅਤੇ ਮੁੜ ਤੋਂ ਨਵੀਂ ਪਰਿਵਾਰਕ ਜ਼ਿੰਦਗੀ ਸ਼ੁਰੂ ਹੁੰਦੀ ਹੈ। ਇਨਾਂ ਫੈਸਲਿਆਂ ਨਾਲ ਜਿੱਥੇ ਪੈਸੇ ਦੀ ਬੱਚਤ ਹੁੰਦੀ ਹੈ, ਉਥੇ ਉਨਾਂ ਦੀ ਖੱਜਲ-ਖੁਆਰੀ ਵੀ ਘਟਦੀ ਹੈ।
ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਰਾਹੀਂ, ਜਿਹੜੇ ਪਰਿਵਾਰਕ ਝਗੜੇ ਸਾਲਾਂਬੱਧੀ ਜਾਂ ਕਈ ਮਹੀਨਿਆਂ ਵਿੱਚ ਹੱਲ ਨਹੀਂ ਹੋ ਸਕੇ, ਉਹ ਵਿਮੈਨ ਪੁਲਿਸ ਸਟੇਸ਼ਨ ਵਿੱਚ ਦੋਵਾਂ ਧਿਰਾਂ ਦੀ ਕਾਊਂਸਲਿੰਗ ਕਰਕੇ ਹਫ਼ਤੇ ਦੇ ਅੰਦਰ-ਅੰਦਰ ਨਿਬੇੜੇ ਗਏ ਹਨ। ਉਨਾਂ ਦੱਸਿਆ ਕਿ ਮਹਿਲਾਵਾਂ ਸਬੰਧੀ ਝਗੜੇ ਜਿਹੜੇ ਕਾਊਂਸਲਿੰਗ ਰਾਹੀਂ ਹੱਲ ਨਹੀਂ ਹੁੰਦੇ ਅਤੇ ਜਿਨਾਂ ਸਬੰਧੀ ਪਰਚੇ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ, ਉਨਾਂ ਵਿਰੁੱਧ ਹੀ ਮਾਮਲੇ ਦਰਜ ਕੀਤੇ ਜਾਂਦੇ ਹਨ।
ਅੱਜ ਚੰਡੀਗੜ੍ਹ ‘ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ ‘ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ ‘ਚ ਸ਼ਾਮਲ
ਅੱਜ ਚੰਡੀਗੜ੍ਹ 'ਚ ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਲ ਮੋਦੀ...