ਤਿਉਹਾਰਾਂ ਦੇ ਦਿਨਾਂ ਦੌਰਾਨ ਪੈਸੇ ਕਮਾਉਣ ਦੇ ਚੱਕਰਾਂ ਵਿੱਚ ਸਟੋਰ ਕਰੀਂ ਬੈਠੇ ਸਨ ਪਟਾਕੇ
ਮਾਨਸਾ, 6 ਅਕਤੂਬਰ ਤਿਉਹਾਰਾਂ ਦੇ ਦਿਨ ਹੋਣ ਕਾਰਨ ਮਾਨਸਾ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਮੁਕੰਮਲ ਕਰਨ ਤਹਿਤ ਵਰਤੀ ਜਾ ਰਹੀ ਚੌਕਸੀ ਅਧੀਨ ਸ਼ਹਿਰ ਦੇ ਦੋ ਵਿਅਕਤੀਆਂ ਪਾਸੋਂ ਧਮਾਕਾਖੇਜ਼ ਸਮੱਗਰੀ (ਬਾਰੂਦ) ਸਮੇਤ ਪਟਾਕਿਆਂ ਦੀ ਬਰਾਮਦਗੀ ਕੀਤੀ ਗਈ ਹੈ।ਪੁਲੀਸ ਦਾ ਕਹਿਣਾ ਹੈ ਕਿ ਇਹ ਦੋਵੇ ਜਣੇ ਧਮਾਕਾਖੇਜ ਸਮੱਗਰੀ (ਬਾਰੂਦ) ਵਾਲੇ ਪਟਾਕੇ ਨਜਾਇਜ ਤੌਰ ‘ਤੇ ਤਿਆਰ ਕਰਕੇ ਰੱਖਕੇ ਵੇਚਦੇ ਹਨ।
ਮਾਨਸਾ ਦੇ ਸੀਨੀਅਰ ਕਪਤਾਨ ਡਾ. ਨਰਿੰਦਰ ਭਾਰਗਵ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲੀਸ ਪਾਰਟੀ ਗਸ਼ਤ ਦੌਰਾਨ ਮੁਖਬਰੀ ਹੋਈ ਕਿ ਰਾਮਾਨੰਦ ਅਤੇ ਹਰੀਚਰਨ ਉਰਫ ਪੱਪੂ ਵਾਸੀਆਨ ਭੱਠਾ ਬਸਤੀ ਮਾਨਸਾ ਨੇ ਸ਼ਹਿਰ ਦੇ ਵੀਰ ਨਗਰ ਮੁਹੱਲਾ ਵਿੱਚ ਸੰਘਣੀ ਆਬਾਦੀ ਵਾਲੀ ਜਗ੍ਹਾ ਵਿੱਚ ਇੱਕ ਦੁਕਾਨ ਬਣਾਈ ਹੋਈ ਹੈ,ਜਿੱਥੇ ਇਹ ਦੋਵੇ ਜਣੇ ਧਮਾਕਾਖੇਜ ਸਮੱਗਰੀ (ਬਾਰੂਦ) ਵਾਲੇ ਪਟਾਕੇ ਨਜਾਇਜ ਤੌਰ ‘ਤੇ ਤਿਆਰ ਕਰਦੇ ਹਨ।ਉਨ੍ਹਾਂ ਦੱਸਿਆ ਕਿ ਸੰਘਣੀ ਆਬਾਦੀ ਹੋਣ ਕਰਕੇ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਜੋ ਮਾਨਯੋਗ ਜਿਲਾ ਮੈਜਿਸਟਰੇਟ ਮਾਨਸਾ ਦੇ ਹੁਕਮ ਦੀ ਵੀ ਉਲੰਘਣਾ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 172 ਮਿਤੀ 05-10-2019 ਅ/ਧ 188 ਹਿੰ:ਦੰ: ਅਤੇ 6, 9-ਬੀ. ਐਕਸਪਲੋਸਿਵ ਐਕਟ-1884, ਧਾਰਾ 3,4 ਐਕਸਪਲੋਸਿਵ ਸਬਸਟੈਨਿਸਸ ਐਕਟ-1908 ਥਾਣਾ ਸਿਟੀ-1 ਮਾਨਸਾ ਦਰਜ਼ ਰਜਿਸਟਰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਮੌਕਾ ‘ਤੇ ਛਾਪੇਮਾਰੀ ਕਰਕੇ ਉਕਤ ਦੋਨਾਂ ਕਸੂਰਵਾਰਾਂ ਰਾਮਾਨੰਦ ਅਤੇ ਹਰੀਚਰਨ ਪਾਸੋਂ 1668 ਭਰੇ ਹੋਏ ਬਿਨਾਂ ਬੱਤੀ ਸੀਡ ਵਾਲੇ ਪਟਾਕੇ,745 ਬੱਤੀ ਵਾਲੇ ਬਿਨਾਂ ਸੀਡ ਪਟਾਕੇ,1100 ਵੱਡੇ ਸੀਡ ਪਟਾਕੇ,2200 ਛੋਟੇ ਸੀਡ ਪਟਾਕੇ,400 ਖੁੱਲੇ ਸੀਡ ਪਟਾਕੇ,200 ਮਿੱਟੀ ਦੇ ਅਨਾਰ (ਖਾਲੀ), 1850 ਖਾਲੀ ਗੱਤੇ ਦੇ ਖੋਲ, 3360 ਬੱਤੀਆਂ (ਬਾਰੂਦ), 22 ਕਿਲੋਗ੍ਰਾਮ ਧਮਾਕਾਖੇਜ਼ ਪਾਊਡਰ (6 ਰੰਗਾਂ ਵਿੱਚ) ਦੀ ਬਰਾਮਦਗੀ ਕੀਤੀ ਹੈ।
ਮਾਨਸਾ ਦੇ ਐਸ.ਐਸ.ਪੀ ਵੱਲੋਂ ਸਖ਼ਤ ਚਿਤਾਵਨੀ ਦਿੰਦੇ ਹੋਏ ਦੱਸਿਆ ਗਿਆ ਕਿ ਦੁਕਾਨਦਾਰ ਸੰਘਣੀ ਆਬਾਦੀ ਤੋਂ ਬਾਹਰ ਨਿਰਧਾਰਤ ਕੀਤੀਆ ਖੁੱਲੀਆ ਥਾਵਾਂ ਤੇ ਹੀ ਪਟਾਕਿਆ ਦੀ ਸਟੋਰ/ਵੇਚ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬਿਨਾਂ ਲਾਇਸੰਸ ਅਤੇ ਸੰਘਣੀ ਆਬਾਦੀ ਵਿੱਚ ਪਟਾਕੇ ਸਟੋਰ ਕਰਨ ਅਤੇ ਵੇਚਣ ਦੀ ਇਜਾਜਤ ਨਹੀ ਦਿੱਤੀ ਜਾਵੇਗੀ ਅਤੇ ਫੜੇ ਜਾਣ ਤੇ ਸਬੰਧਤ ਵਿਰੁੱਧ ਮਹਿਕਮਾ ਪੁਲੀਸ ਵੱਲੋ ਸਖਤ ਐਕਸ਼ਨ ਲਿਆ ਜਾਵੇਗਾ।
ਇਸੇ ਦੌਰਾਨ ਮਾਨਸਾ ਪੁਲੀਸ ਨੇ ਵੱਖ-ਵੱਖ ਤਿੰਨ ਹੋਰ ਮਾਮਲਿਆਂ ਵਿੱਚ 4 ਜਾਣਿਆਂ ਪਾਸੋਂ 58 ਬੋਤਲਾਂ ਸ਼ਰਾਬ,50 ਲੀਟਰ ਲਾਹਣ, 100 ਨਸ਼ੀਲੀਆਂ ਗੋਲੀਆਂ, 2 ਕਿਲੋਮ ਡੋਡੇ ਪੋਸਤ ਸਮੇਤ ਆਟੋ ਰਿਕਸ਼ਾ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਉਰਫ਼ ਗੱਗੀ ਵਾਸੀ ਲੱਲੂਆਣਾ, ਗੁਰਦਾਸ ਸਿੰਘ ਵਾਸੀ ਮਾਨਸਾ ਨੂੰ 48 ਬੋਤਲਾਂ ਸ਼ਰਾਬ ਠੇਕਾ ਮਾਰਕਾ ਹਰਿਆਣਾ ਸਮੇਤ ਆਟੋ ਰਿਕਸ਼ਾ, ਸੁਖਪਾਲ ਸਿੰਘ ਅਤੇ ਲੱਖਾ ਸਿੰਘ ਵਾਸੀ ਬੁਰਜ ਹਰੀ ਕੋਲੋਂ 50 ਲੀਟਰ ਲਾਹਣ ਸਮੇਤ 10 ਬਤੋਲਾਂ ਸ਼ਰਾਬ ਨਜਾਇਜ਼ ਦੀ ਬਰਾਮਦਗੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਚਰਨਾ ਸਿੰਘ,ਅਮਰੋ ਕੌਰ ਵਾਸੀ ਖੁਡਾਲ ਕਲਾਂ ਪਾਸੋਂ 100 ਨਸ਼ੀਲੀਆਂ ਗੋਲੀਆਂ ਅਤੇ 2 ਕਿਲੋ ਡੋਡੇ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਏ ਗਏ ਹਨ।