ਰਾਜਸਥਾਨ ’ਚੋਂ ਲਗਾਤਾਰ ਅਫੀਮ ਵਿਕਣ ਦੇ ਸੰਕੇਤ ਆਏ ਸਾਹਮਣੇ
ਪੰਜਾਬ ਵਿੱਚ ਕਿਰਾਏ ’ਤੇ ਮਕਾਨ ਲੈਕੇ ਨਸ਼ੇ ਵੇਚਣ ਦਾ ਕਾਰੋਬਾਰ ਕਰਦੇ ਹਨ ਬਾਹਰੀ ਸੂਬਿਆਂ ਦੇ ਲੋਕ
ਮਾਨਸਾ, 4 ਅਕਤੂਬਰ (ਵਿਸ਼ਵ ਵਾਰਤਾ)-ਭਾਵੇਂ ਪੰਜਾਬ ਵਿੱਚ ਪੁਲੀਸ ਵੱਲੋਂ ਨਸ਼ਿਆਂ ਖਿਲਾਫ਼ ਵੱਡੀ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ, ਪਰ ਇਸ ਦੇ ਬਾਵਜੂਦ ਰਾਜ ਦੇ ਰਵਾਇਤੀ ਨਸ਼ੇ ਅਫੀਮ ਅਤੇ ਭੁੱਕੀ ਵਿਕਣ ਦਾ ਕੰਮ ਚੋਰੀ ਛੁਪੇ ਲਗਾਤਾਰ ਜਾਰੀ ਹੈ। ਮਾਨਸਾ ਪੁਲੀਸ ਵੱਲੋਂ 5 ਕਿਲੋ 300 ਗ੍ਰਾਮ ਅਫੀਮ ਦੀ ਵੱਡੀ ਖੇਪ ਲਈ ਫੜੇ ਦੋ ਰਾਜਸਥਾਨੀ ਨੌਜਵਾਨਾਂ ਨੇ ਮੰਨਿਆ ਕਿ ਉਹ ਮਾਲਵਾ ਖੇਤਰ ਵਿੱਚ ਅਫੀਮ ਵੇਚਣ ਦਾ ਕਾਰੋਬਾਰ ਬਠਿੰਡਾ ਜ਼ਿਲ੍ਹੇ ਵਿੱਚ ਘਰ ਕਿਰਾਏ ’ਤੇ ਲੈਕੇ ਕਰਦੇ ਆ ਰਹੇ ਹਨ।ਉਹ ਅੱਜ ਵੀ ਮਾਨਸਾ ਇਲਾਕੇ ਵਿੱਚ ਸਾਉਣੀ ਦੇ ਫ਼ਸਲੀ ਸੀਜ਼ਨ ਮੁੱਖ ਰੱਖਦਿਆਂ ਅਫੀਮ ਵੇਚਣ ਲਈ ਆਏ ਸਨ ਅਤੇ ਪੁਲੀਸ ਵੱਲੋਂ ਦਬੋਚੇ ਗਏ। ਉਨ੍ਹਾਂ ਪਾਸੋਂ ਫੜੀ ਗਈ ਇਸ ਅਫੀਮ ਦੀ ਕੀਮਤ 6 ਲੱਖ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਅਫੀਮ ਵੇਚਣ ਵਾਲੇ ਇਹ ਦੋਨੋਂ ਨੌਜਵਾਨ ਉਸ ਵੇਲੇ ਫੜੇ ਗਏ, ਜਦੋਂ ਉਹ ਮੋਟਰ ਸਾਈਕਲ ਪਲਟੀਨਾ ਨੰਬਰੀ ਪੀਬੀ.03ਏਜੀ-3577 ਉਪਰ ਸਵਾਰ ਹੋਕੇ ਮਾਨਸਾ ਖੁਰਦ ਤੋਂ ਠੂਠਿਆਂਵਾਲੀ ਮੁੱਖ ਰੋਡ ਵੱਲ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਵੇਖਕੇ ਭਾਵੇਂ ਦੋਨਾਂ ਨੇ ਭੱਜਣ ਦੀ ਕੋਸ਼ਿਸ ਕੀਤੀ, ਪਰ ਪੁਲੀਸ ਨੇ ਚੁਸਤੀ ਵਰਤਦਿਆਂ, ਜਦੋਂ ਦੋਨਾਂ ਨੂੰ ਫੜਕੇ ਸ਼ੱਕੀ ਹਾਲਤ ਵਿੱਚ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਅਫੀਮ ਬਰਾਮਦ ਹੋ ਗਈ,ਜਿਸਦਾ ਵਜ਼ਨ ਬਾਅਦ ਵਿੱਚ ਤੋਲਦਿਆਂ 5 ਕਿਲੋ 300 ਗ੍ਰਾਮ ਨਿਕਲਿਆ। ਉਨ੍ਹਾਂ ਕਿਹਾ ਕਿ ਦੋਨੋਂ ਨੌਜਵਾਨਾਂ ਦੀ ਪਛਾਣ ਗਿਆਨਾ ਰਾਮ (35) ਵਾਸੀ ਖਾਰੀਆ (ਰਾਜਸਥਾਨ), ਰਾਮਾ ਰਾਮ (36) ਵਾਸੀ ਸੁਨਿੰਦਰੀ (ਰਾਜਸਥਾਨ) ਵਜੋਂ ਹੋਈ ਹੈ।
ਡਾ. ਭਾਰਗਵ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਬੂ ਕਰਨ ਤੋਂ ਬਾਅਦ ਮੁਕੱਦਮਾ ਨੰਬਰ 133 ਮਿਤੀ 03-10-2019 ਅ/ਧ 18,25/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਮਾਨਸਾ ਵਿਖੇ ਦਰਜ ਕਰਕੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲਿਆ ਗਿਆ ਹੈੈ। ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਕੀਤੇ ਗਿਆਨਾ ਰਾਮ ਵਿਰੁੱਧ ਪਹਿਲਾਂ ਵੀ ਸਾਲ-2016 ਵਿੱਚ ਥਾਣਾ ਫੂਲ (ਜਿਲਾ ਬਠਿੰਡਾ) ਵਿਖੇ ਅਫੀਮ ਵੇਚਣ ਦਾ ਮੁਕੱਦਮਾ ਦਰਜ਼ ਰਜਿਸਟਰ ਹੋੋਇਆ ਸੀ, ਜੋ ਹਾਲੇ ਅਦਾਲਤ ਵਿੱਚ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਨੋਂ ਨੌਜਵਾਨ ਬਠਿੰਡਾ ਜ਼ਿਲ੍ਹੇ ਦੇ ਪਿੰਡ ਭੁੱਚੋੋ ਦੇ ਚੌੌਕ ਨੇੜੇ ਮਕਾਨ ਕਿਰਾਏ ਉਪਰ ਲੈਕੇ ਆਪਣਾ ਟਿਕਾਣਾ ਬਣਾਇਆ ਹੋੋਇਆ ਸੀ ਅਤੇ ਇੱਥੇ ਰਹਿਕੇ ਇਹ ਲੋੋਕਾਂ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਦੇ ਸਨ। ਉਨ੍ਹਾਂ ਕਿਹਾ ਕਿ ਫੜੇ ਵਿਅਕਤੀਆਂ ਨੇ ਮੁੱਢਲੀ ਪੁੱਛਗਿੱਛ ’ਤੇ ਦੱਸਿਆ ਕਿ ਉਨ੍ਹਾਂ ਨੇ ਇਹ ਅਫੀਮ ਪਿੰਡ ਭੁਟਾਲਾ (ਰਾਜਸਥਾਨ) ਤੋੋਂ 6 ਲੱਖ ਰੁਪਏ ਦੀ ਮੁੱਲ ਖਰੀਦ ਕਰਕੇ ਲਿਆਂਦੀ ਸੀ ਅਤੇ ਅੱਗੇ ਤੁਰ-ਫਿਰਕੇ ਮਹਿੰਗੇ ਭਾਅ ਵੇਚਕੇ ਮੋੋਟੀ ਕਮਾਈ ਕਰਨੀ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਅਹਿਮ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।
ਫੋਟੋ ਕੈਪਸ਼ਨ:ਮਾਨਸਾ ਪੁਲੀਸ ਨੇ ਅਫੀਮ ਸਮੇਤ ਕਾਬੂ ਕੀਤੇ ਦੋ ਰਾਜਸਥਾਨੀ ਨੌਜਵਾਨ।ਫੋਟੋ:ਵਿਸ਼ਵ ਵਾਰਤਾ