ਚੰਡੀਗੜ੍ਹ, 30 ਸਤੰਬਰ : ਪੁੱਡਾ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਅਧੀਨ ਕੰਮ ਕਰ ਰਹੀਆਂ ਵਿਸ਼ੇਸ਼ ਵਿਕਾਸ ਅਥਾਰਟੀਆਂ ਜਿਵੇਂ ਕਿ ਗਮਾਡਾ, ਪਟਿਆਲਾ ਵਿਕਾਸ ਅਥਾਰਟੀ (ਪੀ.ਡੀ.ਏ.), ਜਲੰਧਰ ਵਿਕਾਸ ਅਥਾਰਟੀ (ਜੇ.ਡੀ.ਏ.), ਗਲਾਡਾ ਅਤੇ ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਵੱਲੋਂ ਸੂਬੇ ਭਰ ਵਿੱਚ ਆਪਣੇ ਅਧਿਕਾਰ ਖੇਤਰ ਹੇਠ ਆਉਂਦੀਆਂ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ 1 ਅਕਤੂਬਰ, 2019 ਤੋਂ ਸ਼ੁਰੂ ਕੀਤੀ ਜਾਵੇਗੀ। ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਦੀ ਈ-ਨਿਲਾਮੀ 3 ਅਕਤੂਬਰ ਤੋਂ ਸ਼ੁਰੂ ਹੋਵੇਗੀ। ਬਾਕੀ ਸਾਰੀਆਂ ਵਿਕਾਸ ਅਥਾਰਟੀਆਂ ਦੀ ਈ-ਨਿਲਾਮੀ 10 ਅਕਤੂਬਰ ਤੱਕ ਹੋਵੇਗੀ ਜਦਕਿ ਗਮਾਡਾ ਦੀ ਨਿਲਾਮੀ 11 ਅਕਤੂਬਰ ਅਤੇ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਈ-ਨਿਲਾਮੀ 14 ਅਕਤੂਬਰ ਤੱਕ ਚੱਲੇਗੀ।
ਇਹ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਇਕ ਬੁਲਾਰੇ ਨੇ ਦੱÎਸਿਆ ਕਿ ਇਸ ਨਿਲਾਮੀ ਵਿਚ ਲੋਕਾਂ ਨੂੰ ਪੈਟਰੋਲ ਪੰਪ, ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਖਰੀਦਣਾਂ ਦਾ ਮੌਕਾ ਮਿਲੇਗਾ। ਈ-ਨਿਲਾਮੀ ਦੌਰਾਨ ਗਮਾਡਾ ਦੇ ਅਧਿਕਾਰ ਖੇਤਰ ਵਿਚ ਵਪਾਰਕ ਪਲਾਟ ਅਤੇ ਐਰੋਸਿਟੀ ਤੇ ਮੈਡੀਸਿਟੀ ਵਿਚ ਪੈਟਰੋਲ/ਡੀਜ਼ਲ/ਸੀਐਨਜੀ ਪੰਪ, ਆਈਟੀ ਉਦਯੋਗਿਕ ਪਲਾਟ ਅਤੇ ਆਈਟੀ ਸਿਟੀ ਵਿਚ ਹੋਟਲ ਸਾਈਟ ਖਰੀਦਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਵੱਖ-ਵੱਖ ਸੈਕਟਰਾਂ ਵਿਚ ਐਸਸੀਓ, ਬੂਥ ਅਤੇ ਰਿਹਾਇਸ਼ੀ ਪਲਾਟ ਵੀ ਖਰੀਦੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਦੌਰਾਨ ਰਾਜਪੁਰਾ ਵਿਚ ਵੀ ਉਦਯੋਗਿਕ ਪਲਾਟ ਖਰੀਦੇ ਜਾ ਸਕਦੇ ਹਨ।
ਬੁਲਾਰੇ ਅਨੁਸਾਰ ਜਿਨ੍ਹਾਂ ਸ਼ਹਿਰਾਂ ਵਿਚ ਜਾਇਦਾਦਾਂ ਖਰੀਦੀਆਂ ਜਾ ਸਕਦੀਆਂ ਹਨ ਉਨ੍ਹਾਂ ਵਿਚ ਪਟਿਆਲਾ, ਮੋਹਾਲੀ, ਜਲੰਧਰ, ਲੁਧਿਆਣਾ, ਬਠਿੰਡਾ, ਅੰਮ੍ਰਿਤਸਰ, ਮਲੋਟ, ਸੰਗਰੂਰ, ਅਮਰਗੜ੍ਹ, ਫਿਲੌਰ, ਗੁਰਦਾਸਪੁਰ, ਕਪੂਰਥਲਾ, ਫਗਵਾੜਾ, ਬਟਾਲਾ ਅਤੇ ਸੁਲਤਾਨਪੁਰ ਲੋਧੀ ਸ਼ਾਮਲ ਹਨ।
ਉਨਾਂ ਕਿਹਾ ਕਿ ਨਰਾਤਿਆਂ ਦੇ ਇਨ੍ਹਾਂ ਦਿਨਾਂ ਵਿਚ ਲੋਕ ਨਿਵੇਸ਼ ਕਰਨ ਨੂੰ ਤਰਜੀਹ ਦਿੰਦੇ ਹਨ ਇਸ ਲਈ ਉਮੀਦ ਹੈ ਕਿ ਅਕਤੂਬਰ ਮਹੀਨੇ ਦੀ ਈ-ਨਿਲਾਮੀ ਤੋਂ ਸਰਕਾਰ ਨੂੰ ਚੰਗੀ ਆਮਦਨ ਹੋਵੇਗੀ। ਈ-ਨਿਲਾਮੀ ਸਬੰਧੀ ਜ਼ਿਆਦਾ ਜਾਣਕਾਰੀ ਲਈ ਵੈੱਬਸਾਈਟ www.puda.e-auctions.in ਵੇਖੀ ਜਾ ਸਕਦੀ ਹੈ।