ਮੋਹਾਲੀ, 16 ਸਤੰਬਰ (ਵਿਸ਼ਵ ਵਾਰਤਾ)- ਇੱਥੇ ਅੱਜ ਹੋਈ ਜ਼ਿਲ੍ਹਾ ਪ੍ਰੀਸ਼ਦ ਚੇਅਰਪਰਸਨ ਦੀ ਚੋਣ ਵਿੱਚ ਜ਼ੋਨ ਨੰਬਰ 9 ਬਲੌਂਗੀ ਤੋਂ ਮੈਂਬਰ ਜਸਵਿੰਦਰ ਕੌਰ ਨੂੰ ਤਿੰਨ ਦੇ ਮੁਕਾਬਲੇ ਅੱਠ ਵੋਟਾਂ ਨਾਲ ਚੇਅਰਪਰਸਨ ਚੁਣਿਆ ਗਿਆ, ਜਦੋਂ ਕਿ ਜ਼ੋਨ ਨੰਬਰ 4 ਪੰਡਵਾਲਾ ਤੋਂ ਮੈਂਬਰ ਕੁਲਵੰਤ ਸਿੰਘ ਵਾਈਸ ਚੇਅਰਮੈਨ ਚੁਣੇ ਗਏ।
ਜ਼ਿਲ੍ਹਾ ਪ੍ਰੀਸ਼ਦ ਭਵਨ ਨੇੜੇ ਜੁਝਾਰ ਨਗਰ ਵਿੱਚ ਅੱਜ ਪ੍ਰੀਜ਼ਾਈਡਿੰਗ ਅਫ਼ਸਰ ਸਬ ਡਿਵੀਜ਼ਨਲ ਮੈਜਿਸਟਰੇਟ (ਐਸ.ਡੀ.ਐਮ.) ਮੁਹਾਲੀ ਜਗਦੀਪ ਸਹਿਗਲ ਦੀ ਅਗਵਾਈ ਹੇਠ ਅੱਜ ਚੋਣ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ 10 ਵਿੱਚੋਂ 8 ਮੈਂਬਰ ਹਾਜ਼ਰ ਸਨ, ਜਦੋਂ ਕਿ ਬਲਾਕ ਸਮਿਤੀ ਦੇ ਤਿੰਨੇ ਚੇਅਰਪਰਸਨ ਵੀ ਬਤੌਰ ਮੈਂਬਰ ਹਾਜ਼ਰ ਹੋਏ। ਚੇਅਰਪਰਸਨ ਦੇ ਅਹੁਦੇ ਲਈ ਜਸਵਿੰਦਰ ਕੌਰ ਦਾ ਨਾਂ ਸੁਰਿੰਦਰ ਸਿੰਘ ਤੇ ਕਰਨੈਲ ਸਿੰਘ ਨੇ ਪੇਸ਼ ਕੀਤਾ। ਦੂਜੀ ਧਿਰ ਵੱਲੋਂ ਯਾਦਵਿੰਦਰ ਸਿੰਘ ਤੇ ਮਨਵੀਰ ਸਿੰਘ ਨੇ ਜਸਵੀਰ ਕੌਰ ਦਾ ਨਾਂ ਅੱਗੇ ਵਧਾਇਆ। ਚੋਣ ਵਿੱਚ ਜਸਵਿੰਦਰ ਕੌਰ ਤਿੰਨ ਦੇ ਮੁਕਾਬਲੇ ਅੱਠ ਵੋਟਾਂ ਨਾਲ ਜੇਤੂ ਰਹੀ। ਵਾਈਸ ਚੇਅਰਮੈਨ ਦੇ ਅਹੁਦੇ ਲਈ ਕੁਲਵੰਤ ਸਿੰਘ ਦਾ ਨਾਂ ਮੋਹਨ ਸਿੰਘ ਤੇ ਰਣਵੀਰ ਕੌਰ ਨੇ ਪੇਸ਼ ਕੀਤਾ, ਜੋ ਕਿ ਤਿੰਨ ਦੇ ਮੁਕਾਬਲੇ ਅੱਠ ਵੋਟਾਂ ਨਾਲ ਜੇਤੂ ਰਿਹਾ। ਦੂਜੀ ਧਿਰ ਵੱਲੋਂ ਮਨਵੀਰ ਸਿੰਘ ਦਾ ਨਾਂ ਯਾਦਵਿੰਦਰ ਸਿੰਘ ਤੇ ਲਾਭ ਸਿੰਘ ਨੇ ਪੇਸ਼ ਕੀਤਾ। ਇਸ ਚੋਣ ਦੌਰਾਨ ਘੜੂੰਆਂ ਜ਼ੋਨ ਤੋਂ ਮੈਂਬਰ ਖੁਸ਼ਵਿੰਦਰ ਕੌਰ ਅਤੇ ਤੀੜਾ ਜ਼ੋਨ ਤੋਂ ਸੁਮਿਤੀ ਚੌਧਰੀ ਹਾਜ਼ਰ ਨਹੀਂ ਹੋਏ।
ਇਸ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਚੇਅਰਪਰਸਨ ਤੇ ਵਾਈਸ ਚੇਅਰਮੈਨ ਨੂੰ ਵਧਾਈ ਦੇਣ ਪੁੱਜੇ। ਉਨ੍ਹਾਂ ਦੀ ਹਾਜ਼ਰੀ ਵਿੱਚ ਚੇਅਰਪਰਸਨ ਜਸਵਿੰਦਰ ਕੌਰ ਤੇ ਵਾਈਸ ਚੇਅਰਮੈਨ ਕੁਲਵੰਤ ਸਿੰਘ ਨੇ ਅਹੁਦਾ ਸੰਭਾਲਿਆ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਗੁਰਵਿੰਦਰ ਸਿੰਘ ਬੜੀ, ਗੁਰਧਿਆਨ ਸਿੰਘ ਦੁਰਾਲੀ, ਵਾਈਸ ਚੇਅਰਮੈਨ ਬਲਾਕ ਸਮਿਤੀ ਖਰੜ ਮਨਜੀਤ ਸਿੰਘ ਤੰਗੌਰੀ, ਕਰਮ ਸਿੰਘ ਮਾਣਕਪੁਰ ਕੱਲਰ ਅਤੇ ਹੋਰ ਹਾਜ਼ਰ ਸਨ।
ਲੋਕ ਸਭਾ ਚੋਣਾਂ 2024: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ
ਲੋਕ ਸਭਾ ਚੋਣਾਂ 2024: ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ...