ਦੋਸ਼ੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸਜ਼ਾ ਦੀ ਵੀ ਕੀਤੀ ਮੰਗ
ਚੰਡੀਗੜ੍ਹ 5 ਅਪ੍ਰੈਲ ਅੱਜ ਸ਼੍ਰੀ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਵਿਧਾਇਕ ਨੇ ਬਟਾਲਾ ਵਿਖੇ ਕੱਲ ਪਟਾਕਾ ਫੈਕਟਰੀ ਚ ਹੋਏ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਉਪਰੰਤ ਮਿਰਤਕਾਂ ਦੇ ਘਰ ਅਤੇ ਸਿਵਲ ਹਸਪਤਾਲ ਪਹੁੰਚ ਕੇ ਜੇਰੇ ਇਲਾਜ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇਸ ਦੁਖਦ ਘਟਨਾ ਤੇ ਅਫਸੋਸ ਜਤਾਇਆ। ਉਹਨਾਂ ਕਿਹਾ ਕਿ ਇਹ ਪ੍ਰਸ਼ਾਸਨ ਚ ਫੈਲੇ ਭ੍ਰਿਸ਼ਟਾਚਾਰ ਦਾ ਨਤੀਜਾ ਹੈ ਕਿ ਅੱਜ 27 ਲੋਕਾਂ ਆਪਣੀ ਜਾਨ ਗਵਾਈ। ਦੋ ਸਾਲ ਪਹਿਲਾਂ ਵੀ ਇਸ ਫੈਕਟਰੀ ਚ ਧਮਾਕਾ ਹੋਇਆ ਸੀ ਤੇ ਉਸ ਵਕਤ ਵੀ ਇਸ ਫੈਕਟਰੀ ਚ ਕੰਮ ਕਰਨ ਵਾਲੇ ਮਜ਼ਦੂਰ ਦੀ ਜਾਨ ਚਲੀ ਗਈ ਸੀ ਪਰ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਸਿਖਿਆ ਤੇ ਨਾ ਕੋਈ ਕਾਰਵਾਈ ਕੀਤੀ। ਪਿਛਲੇ ਦੋ ਸਾਲਾਂ ਤੋਂ ਇਸ ਫੈਕਟਰੀ ਗਵਾਂਢ ਚ ਰਹਿਣ ਵਾਲੇ ਲੋਕਾਂ ਵਲੋਂ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜ਼ੂਦ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਲੋਕਾਂ ਤੇ ਸਮਝੌਤਾ ਲਈ ਦਵਾਓ ਬਣਾਉਂਦਾ ਰਿਹਾ।
ਉਹਨਾਂ ਇਸ ਘਟਨਾ ਦੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਮਿਰਤਿਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਕਰੋੜ ਰਾਸ਼ੀ ਤੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਜ਼ਖਮੀਆਂ ਨੂੰ ਪੰਜ ਪੰਜ ਲੱਖ ਰੁਪਿਆ ਦਿੱਤੇ ਜਾਵੇ।
ਸ਼੍ਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸਾਰੇ ਪੰਜਾਬ ਚ ਐਸੀਆਂ ਫੈਕਟਰੀਆਂ ਦੀ ਨਿਸ਼ਾਨਦੇਹੀ ਕੀਤੀ ਜਾਵੇ ਜੋ ਰਿਹਾਇਸ਼ੀ ਇਲਾਕਿਆਂ ਚੋਂ ਬਾਹਰ ਕੱਢਿਆ ਜਾਵੇ ਤੇ ਸਰਕਾਰੀ ਮਦਦ ਅਤੇ ਵਿਸ਼ੇਸ਼ ਸਬਸਿਡੀ ਯੋਜਨਾ ਤਹਿਤ ਆਬਾਦੀ ਤੋਂ ਦੂਰ ਸਰਕਾਰੀ ਫੋਕਲ ਪੁਆਇੰਟਾਂ ਜਾਂ ਨਿਰਧਾਰਿਤ ਇੰਡਸਟਰੀਅਲ ਏਰੀਆ ‘ਚ ਨਿਯਮਾਂ ਕਾਨੂੰਨਾਂ ਦੀ ਪੂਰੀ ਪਾਲਨਾ ਨਾਲ ਸਥਾਪਿਤ ਕਰਾਇਆ ਜਾਵੇ।