ਮਾਨਸਾ ਪੁਲੀਸ ਨੇ ਕੀਤੀ ਆਪਣੇ ਅਧਿਕਾਰੀਆਂ ਖਿਲਾਫ਼ ਵੱਡੀ ਕਾਰਵਾਈ
ਮਾਨਸਾ, 4 ਸਤੰਬਰ (ਵਿਸ਼ਵ ਵਾਰਤਾ) – ਮਾਨਸਾ ਪੁਲੀਸ ਨੇ ਡਿਊਟੀ ਦੌਰਾਨ ਕੁਤਾਹੀ ਕਰਦੇ ਅਤੇ ਗੈਰ-ਸਮਾਜਿਕ ਗਤੀ-ਵਿਧੀਆਂ ਜਨਮ ਦੇਣ ਵਾਲੇ ਲੋਕਾਂ ਨਾਲ ਤਾਲਮੇਲ ਜੋੜਨ ਵਾਲੇ ਡੇਢ ਦਰਜਨ ਪੁਲੀਸ ਅਧਿਕਾਰੀਆਂ ਸਮੇਤ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਸ ਜ਼ਿਲ੍ਹੇ ਵਿੱਚ ਲੰਬੇ ਸਮੇਂ ਬਾਅਦ ਪੁਲੀਸ ਅਧਿਕਾਰੀਆਂ ਨੂੰ ਅਜਿਹੀ ਸਜ਼ਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਆਮ ਪੁਲੀਸ ਮੁਲਾਜ਼ਮ ਹੁਣ ਡਰ ਮਹਿਸੂਸ ਕਰਨ ਲੱਗਿਆ ਹੈ।
ਬੇਸ਼ੱਕ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਸਿੱਧੇ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਸਹੀ ਸੇਵਾ ਵਾਸਤੇ ਅਤੇ ਪੰਜਾਬ ਪੁਲੀਸ ਦੇ ਰੂਲ ਅਤੇ ਅਸੂਲ ਨੂੰ ਕਾਇਮ ਰੱਖਣ ਵਾਸਤੇ ਪੁਲੀਸ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਸਤ ਪੁਲੀਸ ਅਧਿਕਾਰੀਆਂ ਵਿੱਚ ਚੁਸਤੀ ਪੈਦਾ ਕਰਨ ਲਈ ਹੁਣ ਲਾਜ਼ਮੀ ਬਣ ਗਈ ਹੈ ਅਤੇ ਇਸ ਇਰਾਦੇ ਨੂੰ ਕਾਇਮ ਰੱਖਣ ਲਈ ਕਰਮਚਾਰੀਆਂ ਖਿਲਾਫ਼ ਬਣਦਾ ਵਿਭਾਗੀ ਐਕਸ਼ਨ ਲਿਆ ਗਿਆ ਹੈ।
ਆਲਾਮਿਆਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਡਾ. ਭਾਰਗਵ ਨੇ ਕਈ ਸਬ ਇੰਸਪੈਕਟਰਾਂ ਸਮੇਤ 18 ਪੁਲੀਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਅਚਨਚੇਤ ਲਾਈਨ ’ਚ ਲਗਾਏ ਗਏ ਇਨ੍ਹਾਂ ਕਰਮਚਾਰੀਆਂ ’ਤੇ ਸ਼ੱਕ ਹੈ ਕਿ ਉਹ ਅਪਰਾਧੀਆਂ ਨਾਲ ਮਿਲੇ ਹੋਏ ਹਨ। ਜਾਣਕਾਰੀ ਅਨੁਸਾਰ ਐਸ.ਐਸ.ਪੀ. ਨੂੰ ਪੁਖਤਾ ਸੂਚਨਾਵਾਂ ਮਿਲੀਆਂ ਹਨ ਕਿ ਜ਼ਿਲੇ੍ਹ ਦੇ ਕਈ ਪੁਲੀਸ ਕਰਮਚਾਰੀ ਨਸ਼ਾ ਤਸਕਰਾਂ ਤੇ ਹੋਰਾਂ ਨਾਲ ਸਬੰਧ ਰੱਖਦੇ ਹਨ ਅਤੇ ਵਿਭਾਗੀ ਜਾਣਕਾਰੀ ਲੀਕ ਕਰਦੇ ਹਨ।
ਦੱਸਣਾ ਬਣਦਾ ਹੈ ਕਿ ਡੇਢ ਮਹੀਨਾ ਪਹਿਲਾਂ ਐਸ.ਐਸ.ਪੀ. ਦਾ ਅਹੁਦਾ ਸੰਭਾਲਣ ਉਪਰੰਤ ਡਾ. ਨਰਿੰਦਰ ਭਾਰਗਵ ਵਲੋਂ ਜ਼ਿਲੇ੍ਹ ’ਚ ਨਸ਼ਿਆਂ ਤੇ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਇਮਾਨਦਾਰ ਤੇ ਧੜੱਲੇਦਾਰ ਅਫ਼ਸਰ ਕਰਕੇ ਜਾਣੇ ਜਾਂਦੇ ਡਾ. ਭਾਰਗਵ ਦੀ ਮਾਨਸਾ ਵਿਖੇ ਨਿਯੁਕਤੀ ਹੋਣ ’ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਕਈ ਥਾਣੇਦਾਰ ਜ਼ਿਲ੍ਹਾ ਬਦਲੀ ਕਰਵਾ ਗਏ ਸਨ। ਦੇਰ ਸ਼ਾਮ ਪੁਲੀਸ ਕਰਮਚਾਰੀਆਂ ਨੂੰ ਲਾਈਨ ਹਾਜ਼ਰ ਕਰਨ ਦੀ ਪੁਸ਼ਟੀ ਕਰਦਿਆਂ ਐਸ.ਐਸ.ਪੀ. ਨੇ ਸਪਸ਼ਟ ਕਿਹਾ ਕਿ ਕਿਸੇ ਵੀ ਭਿ੍ਰਸ਼ਟ ਅਧਿਕਾਰੀ ਤੇ ਕਰਮਚਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਮਾਮਲੇ ’ਚ ਪੜਤਾਲ ਜਾਰੀ ਹੈ।