70 ਵਾਂ ਸੂਬਾ ਪੱਧਰੀ ਵਣ ਮਹਾਂਉਤਸਵ ਦੀ ਮਾਨਸਾ ਤੋਂ ਸ਼ੁਰੂਆਤ
ਮਾਨਸਾ, 31 ਅਗਸਤ- ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ ਸੂਬਾ ਪੱਧਰੀ 70ਵਾਂ ਵਣ ਮਹਾਂਉਤਸਵ ਮਾਨਸਾ ਵਿਖੇ ਮਨਾਇਆ ਗਿਆ, ਜਿਸ ਵਿਚ ਜੰਗਲਾਤ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਰਾਜ ਵਿਚ ਲਗਭਗ 70 ਲੱਖ ਬੂਟੇ ਲਗਾਏ ਜਾਣੇ ਹਨ ਅਤੇ ਪੰਜਾਬ ਰਾਜ ਦੇ 13300 ਪਿੰਡਾਂ ਵਿਚੋਂ ਹੁਣ ਤੱਕ 11000 ਪਿੰਡਾਂ ਵਿਚ 62 ਲੱਖ ਤੋਂ ਵੱਧ ਬੂਟੇ ਲਗਾਏ ਜਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਸ ਸਾਲ ਮੀਆਂਵਕੀ ਤਕਨੀਕ ਨਾਲ ਨਾਨਕ ਬਗੀਚੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਸ੍ਰੀ ਧਰਮਸੋਤ ਨੇ ਧਾਰਮਿਕ ਸੰਸਥਾਵਾਂ,ਈਕੋ,ਯੂਥ ਕਲੱਬਾਂ ਅਤੇ ਹੋਰ ਸੰਸਥਾਵਾਂ ਵਿਚ ਵੱਧ ਤੋਂ ਵੱਧ ਬੂਟੇ ਲਗਾਕੇ ਮਨੁੱਖਤਾ ਦੀ ਤੰਦਰੁਸਤੀ ਅਤੇ ਭਲਾਈ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਵਿਚ ਪੰਜਾਬੀਆਂ ਦਾ ਨਾਮ ਪਹਿਲੇ ਨੰਬਰ ’ਤੇ ਆਊਂਦਾ ਹੈ, ਉਸੇ ਤਰ੍ਹਾਂ ਆਉਣ ਵਾਲੇ ਸਾਲਾਂ ਵਿਚ ਹਰਿਆਲੀ ਲਈ ਵੀ ਪੰਜਾਬੀਆਂ ਦਾ ਨਾਮ ਮੋਹਰੀ ਕਤਾਰ ਵਿਚ ਹੋਵੇ, ਸਾਰਿਆਂ ਨੂੰ ਇਸ ਜਨੂੰਨ ਨਾਲ ਕੰਮ ਕਰਨਾ ਚਾਹੀਦਾ ਹੈ।
ਜੰਗਲਾਤ ਮੰਤਰੀ ਨੇ ਆਪਣੀ ਤਕਰੀਰ ਦੌਰਾਨ ਦੱਸਿਆ ਕਿ ਸਾਲ 2018-19 ਦੌਰਾਨ ਗਰੀਨ ਪੰਜਾਬ ਮਿਸ਼ਨ ਤਹਿਤ 500 ਹੈਕਟਰ ਤੋਂ ਵੱਧ ਰਕਬੇ ਵਿਚ ਬੂਟੇ ਪੰਚਾਇਤਾਂ ਦੀਆਂ ਸੰਸਥਾਨਕ ਥਾਵਾਂ ’ਤੇ ਲਗਾਏ ਗਏ ਅਤੇ ਨਰਸਰੀਆਂ ਵਿਚ 118.40 ਲੱਖ ਬੂਟੇ ਲਗਾਏ ਗਏ। ਉਨ੍ਹਾਂ ਕਿਹਾ ਕਿ ਇਸੇ ਮਿਸ਼ਨ ਤਹਿਤ ਬੀਤੇ ਸਾਲ ਚੰਦਨ ਦੇ ਬੂਟੇ ਲਗਾਉਣ ਦੀ ਸ਼ੁਰੂਆਤ ਵੀ ਪੰਜਾਬ ਰਾਜ ਵਿਚ ਕੀਤੀ ਗਈ ਅਤੇ ਚਾਲੂ ਸਾਲ 2019-20 ਦੌਰਾਨ 750 ਹੈਕਟਰ ਰਕਬੇ ਵਿਚ ਪੰਚਾਇਤਾਂ ਦੀਆਂ ਥਾਵਾਂ ਤੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 180 ਲੱਖ ਬੂਟੇ ਨਰਸਰੀਆਂ ਵਿਚ ਉਗਾਏ ਅਤੇ ਸੰਭਾਲੇ ਜਾਣੇ ਹਨ ਅਤੇ ਪਿੰਡਾਂ ਦੀਆਂ ਲਿੰਕ ਸੜਕਾਂ ’ਤੇ 70,000 ਟਾਲ ਪਲਾਂਟਸ ਟਰੀ ਗਾਰਡਾਂ ਸਮੇਤ ਲਗਾਏ ਜਾਣੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਰਾਜ ਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਵਿਚ ਔਸ਼ਧੀ ਪੌਦਿਆਂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ 232 ਸਕੂਲਾਂ ਵਿਚ 122.96 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਹਰਬਲ ਗਾਰਡਨ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਆਯੂਸ਼ ਮਿਸ਼ਨ ਤਹਿਤ ਪੰਜਾਬ ਦੇ ਕਿਸਾਨਾਂ ਵੱਲੋਂ ਖੇਤਾਂ ਵਿਚ ਕੀਤੀ ਜਾ ਰਹੀ ਔਸ਼ਧੀ ਪੌਦਿਆਂ ਦੀ ਖੇਤੀ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਪਿ੍ਰੰਸੀਪਲ ਚੀਫ਼ ਕਨਜ਼ਰਵੇਟਰ ਵਣ ਜਤਿੰਦਰ ਸ਼ਰਮਾ,ਚੀਫ਼ ਕਨਜ਼ਰਵੇਟਰ ਜੰਗਲਾਤ (ਪੌਦੇ) ਤੁਸ਼ਾਰ ਕਾਂਤੀ ਬਹੇਰਾ,ਕਨਜ਼ਰਵੇਟਰ ਜੰਗਲਾਤ ਸਾਊਥ ਸਰਕਲ ਵਿਸ਼ਾਲ ਚੌਹਾਨ,ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ,ਐਸ.ਡੀ.ਐਮ.ਅਭੀਜੀਤ ਕਪਲਿਸ਼,ਡਾ.ਮਨੋਜ ਬਾਲਾ,ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਰਾਮ ਸਿੰਘ,ਰਣਜੀਤ ਕੌਰ ਭੱਟੀ ਮੌਜੂਦ ਸਨ।