ਪੰਜਾਬ ਸਰਕਾਰ ਵੱਲੋਂ ਦਿਵਿਆਂਗ ਵਿਅਕਤੀਆਂ ਵਾਸਤੇ ਨੌਕਰੀਆਂ ਤੇ ਪਦ ਉਨਤੀ ਲਈ ਚਾਰ ਫ਼ੀਸਦੀ ਰਾਖਵਾਂਕਰਨ ਲਈ ਨੋਟੀਫਿਕੇਸ਼ਨ ਜਾਰੀ

17

ਚੰਡੀਗੜ੍ਹ, 16 ਅਗਸਤ- ਪੰਜਾਬ ਸਰਕਾਰ ਨੇ ਦਿਵਿਆਂਗ ਵਿਅਕਤੀਆਂ ਵਾਸਤੇ ਸਰਕਾਰੀ ਨੌਕਰੀਆਂ ਵਿੱਚ ਸਿੱਧੀ ਭਰਤੀ ਅਤੇ ਪਦ ਉਨਤੀ ਦੇ ਵਾਸਤੇ ਰਾਖਵਾਂਕਰਨ ਚਾਰ ਫ਼ੀਸਦੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਪੰਗ ਕਰਮਚਾਰੀਆਂ ਦੀ ਪਦ ਉਨਤੀ ਅਤੇ ਸਿੱਧੀ ਭਾਰਤੀ ਲਈ ਪਹਿਲਾਂ ਰਾਖਵਾਂਕਰਨ ਤਿੰਨ ਫ਼ੀਸਦੀ ਸੀ ਜੋ ਹੁਣ ਰਾਈਟਸ ਆਫ ਪਰਸਨਜ਼ ਵਿੱਦ ਡਿਸਅਬਿਲਟੀਜ਼ ਐਕਟ 2016 ਦੀ ਧਾਰਾ 34 ਦੇ ਹੇਠ ਵਧਾ ਕੇ ਚਾਰ ਫ਼ੀਸਦੀ ਕੀਤਾ ਗਿਆ ਹੈ।

ਇਸ ਦੀ ਵਿਸਤ੍ਰਤ ਜਾਣਕਾਰੀ ਦਿੰਦੇ ਹੋਏ ਬੁਲਾਰੇ ਨੇ ਦੱਸਿਆ ਕਿ ਨੇਤਰਹੀਣ ਅਤੇ ਘੱਟ ਨਜ਼ਰ ਵਾਲੇ ਵਿਅਕਤੀਆਂ ਲਈ ਇਹ ਰਖਵਾਂਕਰਨ ਇੱਕ ਫ਼ੀਸਦੀ ਹੋਵੇਗਾ। ਇਸੇ ਤਰ੍ਹਾਂ ਹੀ ਬੋਲੇ ਅਤੇ ਸੁਣਨ ਵਿੱਚ ਦਿੱਕਤ ਵਾਲੇ ਵਿਅਕਤੀਆਂ ਲਈ ਇੱਕ ਫ਼ੀਸਦੀ, ਸੇਰੇਬ੍ਰਲ ਪਲਸੀ, ਲੇਪਰੋਸੀ ਕਉਰਡ, ਡਵਾਰਫਿਸਮ, ਤੇਜ਼ਾਬ ਹਮਲੇ ਦੇ ਪੀੜਤ ਅਤੇ ਮਸਕੁਲਰ ਡਾਈਸਟਰੋਫੀ ਲਈ ਇੱਕ ਫ਼ੀਸਦੀ, ਔਟਿਜ਼ਮ, ਬੌਧਿਕ ਅਪੰਗਤਾ, ਸਿੱਖਣ ਦੀ ਵਿਸ਼ੇਸ਼ ਅਪੰਗਤਾ ਅਤੇ ਮਾਨਸਿਕ ਬਿਮਾਰੀ ਤੋਂ ਪੀੜਤ ਵਿਅਕਤੀਆਂ ਲਈ ਇੱਕ ਫੀਸਦੀ ਅਤੇ ਇਸ ਤੋਂ ਇਲਾਵਾ ਉਪਰੋਕਤ ਚਾਰੇ ਕਲਾਜਾਂ ਵਿੱਚ ਮਲਟੀਪਲ ਡਿਸਅਬਿਲਟੀ ਵਾਲੇ ਵਿਅਕਤੀਆਂ ਲਈ ਵੀ ਇੱਕ ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।