ਮਾਨਸਾ ਨੇੜੇ ਦੋ ਸੜਕ ਦੁਰਘਟਨਾਵਾਂ ‘ਚ 3 ਦੀ ਮੌਤ, 4 ਜਖ਼ਮੀ

61

ਮਾਨਸਾ, 13 ਅਗਸਤ (ਵਿਸ਼ਵ ਵਾਰਤਾ) – ਮਾਨਸਾ ਨੇੜਲੇ ਪਿੰਡਾਂ ਬਣਾਂਵਾਲੀ ਅਤੇ ਅਤਲਾ ਕਲਾਂ ਲਾਗੇ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ‘ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਇਸ ‘ਚ ਦੋ ਬੱਚਿਆਂ ਸਮੇਤ ਚਾਰ ਵਿਅਕਤੀ ਜਖ਼ਮੀ ਹੋ ਗਏ ਹਨ। ਘਟਨਾ ‘ਚ ਜਖ਼ਮੀ ਹੋਏ ਦੋ ਬੱਚਿਆਂ ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਹੈ, ਜਿੰਨ੍ਹਾਂ ਨੂੰ ਬਠਿੰਡਾ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸਵੇਰ ਸਮੇਂ ਮੋਟਰਸਾਇਕਲ ‘ਤੇ ਸਵਾਰ ਗੁਰਦੀਪ ਸਿੰਘ (20) ਵਾਸੀ ਪਿੰਡ ਤਲਵੰਡੀ ਅਕਲੀਆ, ਉਸ ਦੇ ਨਾਲ ਕਰਮਜੀਤ ਕੌਰ ਅਤੇ ਦੋ ਬੱਚੇ ਏਕਮ ਅਤੇ ਮਹਿਕਦੀਪ ਮਾਨਸਾ ਤੋਂ ਆਪਣੇ ਪਿੰਡ ਤਲਵੰਡੀ ਅਕਲੀਆ ਵੱਲ ਜਾ ਰਹੇ ਸਨ, ਜਦੋਂ ਕਿ ਸਾਹਮਣਿਓਂ ਇੱਕ ਨੌਜਵਾਨ ਗੁਰਸੇਵਕ ਸਿੰਘ ਉਰਫ਼ ਬੱਬੂ (32) ਬਹਿਣੀਵਾਲ ਤੋਂ ਆਪਣੇ ਪਿੰਡ ਮੌਜੀਆ ਵੱਲ ਮੋਟਰਸਾਇਕਲ ‘ਤੇ ਆ ਰਿਹਾ ਸੀ, ਦੋਵਾਂ ਦੇ ਮੋਟਰਸਾਇਕਲ ਦੀ ਆਪਸ ‘ਚ ਬਣਾਂਵਾਲੀ ਥਰਮਲ ਦੇ ਲਾਗੇ ਟੱਕਰ ਹੋ ਗਈ, ਜਿਸ ‘ਚ ਦੋਵੇਂ ਨੌਜਵਾਨ ਗੁਰਦੀਪ ਸਿੰਘ ਅਤੇ ਬੱਬੂ ਦੀ ਮੌਤ ਹੋ ਗਈ, ਜਦੋਂ ਕਿ ਕਰਮਜੀਤ ਕੌਰ ਸਮੇਤ ਦੋਵੇਂ ਬੱਚੇ ਗੰਭੀਰ ਰੂਪ ‘ਚ ਜਖ਼ਮੀ ਹੋ ਗਏ, ਉਨ੍ਹਾਂ ਨੂੰ ਮਾਨਸਾ ਅਤੇ ਬਠਿੰਡਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਪੁਲੀਸ ਚੌਂਕੀ ਬਹਿਣੀਵਾਲ ਦੇ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਘਟਨਾ ਨੂੰ ਲੈਕੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਦੂਸਰੀ ਘਟਨਾ ਦੌਰਾਨ ਮੋਟਰਸਾਇਕਲ ਚਾਲਕ ਰਾਜਵਿੰਦਰ ਸਿੰਘ (23) ਵਾਸੀ ਮਾਨਸਾ ਦੀ ਪਿੰਡ ਅਤਲਾ ਕਲਾਂ ਲਾਗੇ ਸੜਕ ਦੁਰਘਟਨਾ ‘ਚ ਮੌਤ ਹੋ ਗਈ ਹੈ, ਜਦੋਂ ਕਿ ਉਸ ਦਾ ਸਾਥੀ ਰਾਕੇਸ਼ ਕੁਮਾਰ ਜਖ਼ਮੀ ਹੋ ਗਿਆ ਹੈ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਤੋਂ ਬਾਹਰ ਲਈ ਰੈਫਰ ਕਰ ਦਿੱਤਾ ਗਿਆ ਹੈ।

ਥਾਣਾ ਭੀਖੀ ਦੇ ਏ.ਐੱਸ.ਆਈ ਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਮਾਪਿਆਂ ਵੱਲੋਂ ਉਸ ਦੀ ਮੌਤ ਸੜਕ ਦੁਰਘਟਨਾ ‘ਚ ਨਾ ਹੋਕੇ, ਬਲਕਿ ਉਸ ਦਾ ਕਤਲ ਕੀਤੇ ਜਾਣ ਦੀ ਸ਼ੰਕਾ ਪ੍ਰਗਟਾਈ ਗਈ ਹੈ, ਜਿਸ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।