ਫੂਲਕਾ ਨੇ ਨਿਯਮਾਂ ਅਨੁਸਾਰ ਢੁਕਵੇਂ ਫਾਰਮੈੱਟ ਵਿੱਚ ਨਹੀਂ ਭੇਜਿਆ ਸੀ ਅਸਤੀਫਾ

11


–  ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਵਿਧਾਇਕ ਫੂਲਕਾ ਦੇ ਅਸਤੀਫਾ ਪ੍ਰਵਾਨ ਹੋਣ ‘ਚ ਲੱਗੀ ਦੇਰੀ ਬਾਰੇ ਸਥਿਤੀ ਸਪੱਸ਼ਟ ਕੀਤੀ

ਚੰਡੀਗੜ੍ਹ, 13 ਅਗਸਤ- ਪੰਜਾਬ ਵਿਧਾਨ ਸਭਾ ਸਕੱਤਰੇਤ ਨੇ ਅੱਜ ਦੱਸਿਆ ਕਿ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਤੋਂ ਵਿਧਾਇਕ ਸ੍ਰੀ ਐਚ.ਐਸ. ਫੂਲਕਾ ਦਾ ਅਸਤੀਫਾ ਨਿਯਮਾਂ ਅਨੁਸਾਰ ਢੁਕਵੇਂ ਫਾਰਮੈੱਟ ਵਿੱਚ ਨਾ ਹੋਣ ਕਾਰਨ ਪ੍ਰਵਾਨ ਨਹੀਂ ਕੀਤਾ ਗਿਆ ਸੀ। ਦੱਸੋਣਯੋਗ ਹੈ ਕਿ ਪਿਛਲੇ ਦਿਨੀਂ ਕੁੱਝ ਅਖ਼ਬਾਰਾਂ ਵੱਲੋਂ ਲਿਖਿਆ ਗਿਆ ਸੀ ਕਿ ਸ੍ਰੀ ਫੂਲਕਾ ਦਾ ਅਸਤੀਫਾ 10 ਮਹੀਨਿਆਂ ਬਾਅਦ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਵਿੱਚ ਜਾਣ ਦੀ ਦਿੱਤੀ ਧਮਕੀ ਬਾਅਦ ਮਨਜ਼ੂਰ ਕੀਤਾ ਗਿਆ ਹੈ।

ਇਨ੍ਹਾਂ ਰਿਪੋਰਟਾਂ ਨੂੰ ਖ਼ਾਰਜ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ੍ਰੀ ਫੂਲਕਾ ਵੱਲੋਂ ਅਸਤੀਫ਼ਾ ਨਿਯਮਾਂ ਅਨੁਸਾਰ ਢੁਕਵੇਂ ਫਾਰਮੈੱਟ ਵਿੱਚ ਨਾ ਦਿੱਤੇ ਜਾਣ ਕਾਰਨ ਵਿਧਾਨ ਸਭਾ ਸਪੀਕਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ ਸੀ। ਸ੍ਰੀ ਫੂਲਕਾ ਵੱਲੋਂ 12 ਅਕਤੂਬਰ, 2018 ਨੂੰ ਵਿਧਾਇਕ ਵਜੋਂ ਅਸਤੀਫ਼ਾ ਦਿੱਤਾ ਸੀ, ਜੋ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮਾਵਲੀ ਦੇ ਨਿਯਮਾਂ ਖ਼ਿਲਾਫ਼ ਸੀ ਅਤੇ ਅਸਤੀਫ਼ੇ ਵਿੱਚ ਗ਼ੈਰ-ਜ਼ਰੂਰੀ ਕਾਰਨ ਦਿੱਤੇ ਗਏ ਸਨ। ਇਸ ਬਾਅਦ 11 ਦਸੰਬਰ, 2018 ਨੂੰ ਸ੍ਰੀ ਫੂਲਕਾ ਵੱਲੋਂ ਸਪੀਕਰ ਨੂੰ ਨਿੱਜੀ ਤੌਰ ‘ਤੇ ਮਿਲ ਕੇ ਵੀ ਅਸਤੀਫ਼ਾ ਦਿੱਤਾ ਗਿਆ, ਜੋ ਪਹਿਲਾਂ ਦਿੱਤੇ ਗਏ ਅਸਤੀਫੇ ਦੇ ਹਵਾਲੇ ਵਿੱਚ ਸੀ ਅਤੇ ਇਹ ਵੀ ਢੁਕਵੇਂ ਫਾਰਮੈੱਟ ਵਿੱਚ ਨਹੀਂ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਬਾਅਦ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਸ੍ਰੀ ਫੂਲਕਾ ਨੂੰ 20 ਫਰਵਰੀ, 2019 ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਬੁਲਾਇਆ ਪਰ ਸ੍ਰੀ ਫੂਲਕਾ 21 ਫਰਵਰੀ, 2019 ਨੂੰ ਪੇਸ਼ ਹੋਏ। ਇਸ ਮੁਲਾਕਾਤ ਦੌਰਾਨ ਸਪੀਕਰ ਵੱਲੋਂ ਸ੍ਰੀ ਫੂਲਕਾ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਅਸਤੀਫ਼ਾ ਢੁਕਵੇਂ ਫਾਰਮੈੱਟ ਵਿੱਚ ਨਹੀਂ ਹੈ, ਜਿਸ ਕਾਰਨ ਮਨਜ਼ੂਰ ਨਹੀਂ ਕੀਤਾ ਗਿਆ। ਇਸ ਬਾਅਦ 5 ਅਗਸਤ, 2019 ਨੂੰ ਵਿਧਾਨ ਸਭਾ ਸਕੱਤਰੇਤ ਵਿੱਚ ਸ੍ਰੀ ਫੂਲਕਾ ਦਾ ਪੱਤਰ ਪ੍ਰਾਪਤ ਹੋਇਆ, ਜਿਸ ਵਿੱਚ ਉਨ੍ਹਾਂ ਵੱਲੋਂ ਲਿਖਿਆ ਸੀ ਕਿ ਜੇਕਰ ਉਨ੍ਹਾਂ ਵੱਲੋਂ ਭੇਜਿਆ ਗਿਆ ਅਸਤੀਫਾ ਫਾਰਮੈਟ ਵਿੱਚ ਨਹੀਂ ਹੈ ਤਾਂ ਉਹ ਸਪੀਕਰ ਨੂੰ ਢੁਕਵੇਂ ਫਾਰਮੈਟ ਵਿੱਚ ਅਸਤੀਫਾ ਭੇਜ ਦਿੰਦੇ ਹਨ। ਬੁਲਾਰੇ ਨੇ ਦੱਸਿਆ ਕਿ ਇਸ ਬਾਅਦ ਸ੍ਰੀ ਫੂਲਕਾ ਵੱਲੋਂ 8 ਅਗਸਤ, 2019 ਨੂੰ ਨਿਯਮਾਂ ਅਨੁਸਾਰ ਢੁਕਵੇਂ ਫਾਰਮੈੱਟ ਵਿੱਚ ਆਪਣਾ ਅਸਤੀਫ਼ਾ ਭੇਜਿਆ ਗਿਆ, ਜਿਸ ਨੂੰ ਸਪੀਕਰ ਵੱਲੋਂ 9 ਅਗਸਤ, 2019 ਨੂੰ ਪ੍ਰਵਾਨ ਕਰ ਲਿਆ ਗਿਆ।