ਧੜਾ-ਧੜ ਬੰਦ ਹੋ ਰਹੇ ਉਦਯੋਗ ਨੂੰ ਲੈ ਕੇ ਚੀਮਾ ਤੇ ਮਾਣੂੰਕੇ ਨੇ ਘੇਰੇ ਬਾਦਲ ਤੇ ਕੈਪਟਨ
ਖੇਤੀ ਆਧਾਰਿਤ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਹੀ ਸੂਬੇ ਦੀ ਆਖ਼ਰੀ ਉਮੀਦ ਦੱਸਿਆ
ਚੰਡੀਗੜ੍ਹ, 12 ਅਗਸਤ –ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਿਛਲੇ ਦੋ ਦਹਾਕਿਆਂ ‘ਚ ਪੰਜਾਬ ਦੇ ਹਜ਼ਾਰਾਂ ਛੋਟੇ, ਦਰਮਿਆਨ ਅਤੇ ਵੱਡੇ ਉਦਯੋਗਿਕ ਯੂਨਿਟ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਪੰਜਾਬ ਵਿਰੋਧੀ ਅਤੇ ਵਪਾਰੀ-ਉਦਯੋਗਪਤੀ ਵਿਰੋਧੀ ਨੀਤੀਆਂ ਕਾਰਨ ਜਾਂ ਤਾਂ ਬੰਦ ਹੋ ਗਏ ਹਨ ਜਾਂ ਫਿਰ ਦੂਸਰੇ ਸੂਬਿਆਂ ‘ਚ ਹਿਜਰਤ ਕਰ ਗਏ ਹਨ। ਨਤੀਜਣ ਪੰਜਾਬ ਆਰਥਿਕ ਪੱਖੋਂ ਕਈ ਦਹਾਕੇ ਪਿੱਛੇ ਚਲਾ ਗਿਆ ਅਤੇ ਇਹ ਨਿਘਾਰ ਜਾਰੀ ਹੈ। ਜਿਸ ਦੀ ਪੁਸ਼ਟੀ ਕਿਰਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜੇ ਕਰ ਰਹੇ ਹਨ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਅਤੇ ਬੀਬੀ ਮਾਣੂੰਕੇ ਨੇ ਦੱਸਿਆ ਕਿ 2007 ਤੋਂ 2018 ਤੱਕ ਇਕੱਲੇ ਲੁਧਿਆਣਾ ਜ਼ਿਲ੍ਹੇ ‘ਚ ਕਰੀਬ 250 ਫ਼ੈਕਟਰੀਆਂ ਨੂੰ ਤਾਲੇ ਲੱਗੇ ਹਨ, ਜਿੰਨਾ ‘ਚ ਕੈਪਟਨ ਸਰਕਾਰ ਦੇ ਪਹਿਲੇ 9 ਮਹੀਨਿਆਂ ‘ਚ ਬੰਦ ਹੋਈਆਂ 65 ਫ਼ੈਕਟਰੀਆਂ ਸ਼ਾਮਲ ਹਨ।
‘ਆਪ’ ਆਗੂਆਂ ਨੇ ਕਿਹਾ ਕਿ ਇਹ ਨਕਾਰਾਤਮਿਕ ਰੁਝਾਨ ਇਕੱਲੇ ਲੁਧਿਆਣਾ ਜ਼ਿਲ੍ਹੇ ਦਾ ਨਹੀਂ ਹੈ, ਅੰਮ੍ਰਿਤਸਰ, ਜਲੰਧਰ, ਬਟਾਲਾ, ਧਾਰੀਵਾਲ, ਡੇਰਾਬਸੀ, ਮੋਹਾਲੀ, ਰਾਜਪੁਰਾ, ਗੁਰਾਇਆ, ਨੰਗਲ, ਬਠਿੰਡਾ, ਸੰਗਰੂਰ ਆਦਿ ਦਰਜਨਾਂ ਸ਼ਹਿਰਾਂ ‘ਚ ਵੀ ਜਾਰੀ ਹੈ। ਹਜ਼ਾਰਾਂ ਫ਼ੈਕਟਰੀਆਂ ਬੰਦ ਹੋਣ ਜਾਂ ਹੋਰ ਸੂਬਿਆਂ ‘ਚ ਜਾਣ ਕਾਰਨ ਜਿੱਥੇ ਸੂਬੇ ਦੀ ਆਰਥਿਕਤਾ ਨੂੰ ਵੱਡੀ ਸੱਟ ਵੱਜੀ, ਉੱਥੇ ਲੱਖਾਂ ਦੀ ਤਾਦਾਦ ‘ਚ ਬੇਰੁਜ਼ਗਾਰੀ ਵਧੀ ਹੈ। ਇਸ ਲਈ ਸਭ ਤੋਂ ਵੱਡੀ ਦੋਸ਼ੀ ਭਾਜਪਾ ਦੀ ਵਾਜਪਾਈ ਸਰਕਾਰ ਹੈ, ਜਿਸ ਨੇ ਗੁਆਂਢੀ ਪਹਾੜੀ ਰਾਜਾਂ ਨੂੰ ਵਿਸ਼ੇਸ਼ ਪੈਕੇਜ ਦੇ ਕੇ ਪੰਜਾਬ ਦੇ ਉਦਯੋਗਿਕ ਯੂਨਿਟਾਂ ਦੀ ਕਮਰ ਤੋੜ ਦਿੱਤੀ। ਉਸ ਸਮੇਂ ਵਾਜਪਾਈ ਸਰਕਾਰ ‘ਚ ਉਦਯੋਗਿਕ ਰਾਜ ਮੰਤਰੀ ਸੁਖਬੀਰ ਸਿੰਘ ਬਾਦਲ ਨੇ ‘ਕੁਰਸੀ’ ਲਈ ਪੰਜਾਬ ਨਾਲ ਗ਼ੱਦਾਰੀ ਕਰਦਿਆਂ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਮੂੰਹ ਨਹੀਂ ਖੋਲ੍ਹਿਆ। ਜਿਸਦਾ ਖ਼ਮਿਆਜ਼ਾ ਪੰਜਾਬ ਅੱਜ ਤੱਕ ਭੁਗਤ ਰਿਹਾ ਹੈ।
ਚੀਮਾ ਤੇ ਮਾਣੂੰਕੇ ਨੇ ਕਿਹਾ ਕਿ ਸਿਰਫ਼ ਅਕਾਲੀ ਅਤੇ ਭਾਜਪਾ ਹੀ ਨਹੀਂ 2004 ਤੋਂ 2014 ਤੱਕ 10 ਸਾਲ ਕੇਂਦਰ ‘ਚ ਰਾਜ ਕਰਨ ਵਾਲੀ ਮਨਮੋਹਨ ਸਿੰਘ ਸਰਕਾਰ ਨੇ ਵੀ ਪੰਜਾਬ ਨਾਲ ਧੱਕੇਸ਼ਾਹੀ ਨੂੰ ਜਾਰੀ ਰੱਖਿਆ। ‘ਆਪ’ ਆਗੂਆਂ ਨੇ ਜਿੱਥੇ ਕੇਂਦਰ ਸਰਕਾਰ ਕੋਲ ਪਹਾੜੀ ਰਾਜਾਂ ਦੀ ਤਰਜ਼ ਵਿਸ਼ੇਸ਼ ਉਦਯੋਗਿਕ ਪੈਕੇਜ ਦੇਣ ‘ਤੇ ਜ਼ੋਰ ਦਿੱਤਾ, ਜਿਸ ਦੀ ਪਹਾੜੀ ਰਾਜਾਂ ‘ਚ ਮਿਆਦ ਸਾਲ 2022 ਤੱਕ ਵਧਾ ਦਿੱਤੀ ਗਈ ਹੈ।
ਚੀਮਾ ਅਤੇ ਮਾਣੂੰਕੇ ਨੇ ਬਾਦਲ ਪਰਿਵਾਰ ਨੂੰ ਘੇਰਦਿਆਂ ਕਿਹਾ ਕਿ ਬਤੌਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਪੰਜਾਬ ਅਤੇ ਪੰਜਾਬੀਆਂ ਦੇ ਹਿਤਾਂ ਲਈ ਸੂਬੇ ‘ਚ ਪਿੰਡ ਅਤੇ ਕਸਬਿਆਂ ਤੱਕ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਿਤ ਕਰ ਕੇ ‘ਬਾਦਲ ਪਰਿਵਾਰ’ ‘ਤੇ ਲੱਗੇ ‘ਗ਼ੱਦਾਰੀ’ ਦੇ ਦਾਗ਼ ਧੋ ਸਕਦੇ ਹਨ। ਜੇਕਰ ਪਿਛਲੇ 5 ਸਾਲਾਂ ਵਾਂਗ ਇਸ ਪਾਰੀ ‘ਚ ਵੀ ਬਾਦਲ ਜੋੜਾ ਪੰਜਾਬ ‘ਚ ਨਵੇਂ ਉਦਯੋਗਿਕ ਯੂਨਿਟ ਖ਼ਾਸ ਕਰ ਕੇ ਫੂਡ ਪ੍ਰੋਸੈਸਿੰਗ ਯੂਨਿਟ ਨਹੀਂ ਲਿਆ ਸਕਿਆ ਤਾਂ ਪੰਜਾਬ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ।