ਕਾਂਗਰਸ ਅਤੇ ਅਕਾਲੀ-ਭਾਜਪਾ ਨੇ ਲੋਕਾਂ ਦਾ ਲੋਕਤੰਤਰ ਪ੍ਰਤੀ ਵਿਸ਼ਵਾਸ ਘਟਾਇਆ : ਭਗਵੰਤ ਮਾਨ

513

ਚੰਡੀਗੜ੍ਹ, 11 ਅਕਤੂਬਰ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਨੇ ਗੁਰਦਾਸਪੁਰ ਉਪ ਚੋਣ ਲਈ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਕਰਨ ਵਾਲੇ ਵੋਟਰਾਂ ਦਾ ਧੰਨਵਾਦ ਕਰਦਿਆਂ ਪੰਜਾਬ ਦੀ ਸੱਤਾਧਾਰੀ ਕਾਂਗਰਸ ਉੱਪਰ ਗੁੰਡਾਗਰਦੀ ਦੇ ਦੋਸ਼ ਲਗਾਏ ਹਨ।
‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੀ ਲੋਕਤੰਤਰਿਕ ਪ੍ਰਣਾਲੀ ‘ਚ ਵਿਸ਼ਵਾਸ ਜਤਾਉਂਦੇ ਹੋਏ ਜਿੰਨਾ ਵੋਟਰਾਂ ਨੇ ਵੋਟ ਦੇ ਅਧਿਕਾਰ ਦੀ ਇਮਾਨਦਾਰੀ ਨਾਲ ਵਰਤੋਂ ਕੀਤੀ ਹੈ, ਆਮ ਆਦਮੀ ਪਾਰਟੀ ਉਨ੍ਹਾਂ ਨੂੰ ਸਜਦਾ ਕਰਦੀ ਹੈ, ਹਾਲਾਂਕਿ ਪੰਜਾਬ ਅਤੇ ਕੇਂਦਰ ਦੀਆਂ ਦੋਨੋਂ ਸੱਤਾਧਾਰੀ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਆਮ ਨਾਗਰਿਕਾਂ ਦੇ ਮਨ ‘ਚ ਨਾ ਕੇਵਲ ਡਰ ਅਤੇ ਭੈਅ ਦਾ ਮਾਹੌਲ ਬਣਾ ਦਿੱਤਾ ਸੀ, ਬਲਕਿ ਚੋਣ ਪ੍ਰਚਾਰ ਦੌਰਾਨ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਨੇਤਾਵਾਂ ਦਾ ਜੋ ਕਿਰਦਾਰ ਪੰਜਾਬ ਦੀ ਜਨਤਾ ਸਾਹਮਣੇ ਨੰਗਾ ਹੋਇਆ, ਉਸ ਨੇ ਸੁਹਿਰਦ ਅਤੇ ਸੰਵੇਦਨਸ਼ੀਲ ਵੋਟਰਾਂ ਦਾ ਵਿਸ਼ਵਾਸ ਤੋੜਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ-ਅਕਾਲੀ ਦਲ ਕ੍ਰਮਵਾਰ ਪੰਜਾਬ ਅਤੇ ਕੇਂਦਰ ਦੀਆਂ ਪਾਰਟੀਆਂ ਹਨ ਪਰ ਦੋਹਾਂ ਧਿਰਾਂ ਨੇ ਗੁਰਦਾਸਪੁਰ ਉਪ ਚੋਣ ਵਿਕਾਸ ਦੇ ਮੁੱਦੇ ‘ਤੇ ਲੜਨ ਦੀ ਥਾਂ ‘ਮੈਂ ਤੇਰੇ ਨਾਲੋਂ ਘੱਟ ਮਾੜਾ ਅਤੇ ਤੂੰ ਮੇਰੇ ਨਾਲੋਂ ਵੱਧ ਮਾੜਾ’ ਦੀ ਦੂਸ਼ਣਬਾਜ਼ੀ ਦੇ ਅਧਾਰ ‘ਤੇ ਲੜੀ ਹੈ। ਇਥੋਂ ਤੱਕ ਕਿ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵਿਕਾਸ ਦੇ ਮੁੱਦੇ ਉਪਰ ਬਹਿਸ ਕਰਨ ਤੋਂ ਵੀ ਭੱਜ ਗਏ। ਬਾਦਲ ਦਲ ਦੇ ਅਕਾਲੀ ‘ਜਥੇਦਾਰ’ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਅਤੇ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀਆਂ ਵਿਵਾਦਗ੍ਰਸਤ ਫੋਟੋਆਂ ਦੇ ਨਾਲ-ਨਾਲ ਸੁਨੀਲ ਜਾਖੜ ਉਪਰ ਭਾਜਪਾ ਨੇਤਾਵਾਂ ਵਲੋਂ ਲਗਾਏ ਗਏ ਸੰਗੀਨ ਦੋਸ਼ਾਂ ਨੇ ਵੋਟਰਾਂ ਨੂੰ ਬੁਰੀ ਤਰ੍ਹਾਂ ਨਿਰਾਸ਼ ਕੀਤਾ। ਨਤੀਜੇ ਵਜੋਂ ਗੁਰਦਾਸਪੁਰ ਹਲਕੇ ਦੇ ਵੋਟਰਾਂ ਨੇ ਇਸ ਚੋਣ ‘ਚ ਰੁਚੀ ਹੀ ਨਹੀਂ ਦਿਖਾਈ।
ਮਾਨ ਨੇ ਕਿਹਾ ਘੱਟ ਮਤਦਾਨ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਵਲੋਂ ਲੰਮੇ ਸਮੇਂ ਤੋਂ ਲੋਕਤੰਤਰ ਦਾ ਘਾਣ ਕੀਤੇ ਜਾਣ ਨੂੰ ਜਿੰਮੇਵਾਰ ਠਹਿਰਾਇਆ ਅਤੇ ਇਹ ਵੀ ਦੋਸ਼ ਲਗਾਇਆ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਵਲੋਂ ਆਮ ਆਦਮੀ ਪਾਰਟੀ ਦੇ ਸਥਾਨਕ ਨੇਤਾਵਾਂ, ਵਲੰਟੀਅਰਾਂ ਅਤੇ ਸਮਰਥਕਾਂ ਨੂੰ ਡਰਾਉਣ ਅਤੇ ਧਮਕਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਸਰਕਾਰ ਮਸ਼ੀਨਰੀ ਦੀ ਦੁਰਵਰਤੋਂ ਵੀ ਕੀਤੀ ਗਈ।
ਮਾਨ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਸਥਾਨਕ ਨੇਤਾਵਾਂ ਅਤੇ ਵਲੰਟੀਅਰਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੱਤਾਧਾਰੀ ਦਲਾਂ ਦੇ ਬਾਹੂਵਲ ਅਤੇ ਪੈਸੇ ਦੀ ਤਾਕਤ ਦੇ ਬਾਵਜੂਦ ‘ਆਪ’ ਦੇ ਜਿੰਨੇ ਵੀ ਯੋਧੇ ਮੈਦਾਨ ‘ਚ ਡਟੇ ਰਹੇ ਉਹ ਸਾਰੇ ਵਧਾਈ ਦੇ ਪਾਤਰ ਹਨ।