ਗ਼ਰੀਬਾਂ ਨੂੰ ਵੀ ਨਹੀਂ ਬਖ਼ਸ਼ ਰਿਹਾ ਸ਼ਗਨ ਸਕੀਮ ਮਾਫ਼ੀਆ – ਹਰਪਾਲ ਸਿੰਘ ਚੀਮਾ

17


ਸ਼ਗਨ ਸਕੀਮ ਘੁਟਾਲੇ ਦੀ ‘ਆਪ’ ਦੇ ਉੱਚ ਪੱਧਰੀ ਜਾਂਚ ਮੰਗੀ

ਚੰਡੀਗੜ੍ਹ,  3 ਅਗਸਤ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ‘ਚ ਧੜੱਲੇ ਨਾਲ ਚੱਲ ਰਹੇ ਸਗੁਣ ਸਕੀਮ ਮਾਫ਼ੀਆ ਵਿਰੁੱਧ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਗ਼ਰੀਬ ਅਤੇ ਦਲਿਤ ਬੱਚਿਆਂ ਦੇ ਹੱਕਾਂ ਦੀ ਲੁੱਟ-ਖਸੁੱਟ ਬੰਦ ਹੋ ਸਕੇ।
ਪਾਰਟੀ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦਲਾਲਾਂ, ਪ੍ਰਸ਼ਾਸਨਿਕ ਅਧਿਕਾਰੀਆਂ-ਕਰਮਚਾਰੀਆਂ ਅਤੇ ਸੱਤਾਧਾਰੀ ਸਿਆਸੀ ਲੋਕਾਂ ਦੀ ਮਿਲੀਭੁਗਤ ਨਾਲ ਪੂਰੇ ਪੰਜਾਬ ‘ਚ ਸ਼ਗਨ-ਸਕੀਮ ਮਾਫ਼ੀਆ ਸਰਗਰਮ ਹੈ। ਤਾਜ਼ਾ ਰਿਪੋਰਟਾਂ ਹੈਰਾਨ ਕਰਨ ਵਾਲੀਆਂ ਹਨ। ਨਾਬਾਲਗ ਬੱਚੀਆਂ ਦੇ ਨਾਂ ‘ਸ਼ਗਨ ਸਕੀਮ’ ਫਰਜ਼ੀਵਾੜਾ ਕੀਤਾ ਜਾ ਰਿਹਾ ਹੈ। ਇਕੱਲੇ ਮਾਨਸਾ ਜ਼ਿਲ੍ਹੇ ‘ਚ 28 ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ। ਸਾਰੇ ਜ਼ਿਲਿਆਂ ‘ਚ ਅਜਿਹੇ ਕੇਸਾਂ ਦੀ ਗਿਣਤੀ ਸੈਂਕੜਿਆਂ ‘ਚ ਨਿਕਲੇਗੀ, ਇਸ ਲਈ ਪੂਰੇ ਮਾਮਲੇ ਦੀ ਜਾਂਚ ਅਤੇ ਪਿਛਲੇ ਸਾਢੇ 12 ਸਾਲਾਂ ਦੀ ਵਿਸਥਾਰ ਆਡਿਟ ਰਿਪੋਰਟ ਤਿਆਰ ਕਰਵਾਈ ਜਾਵੇ। ਗੜਬੜੀ ਦੀ ਵਸੂਲੀ ਸੰਬੰਧਿਤ ਅਧਿਕਾਰੀਆਂ ਕਰਮਚਾਰੀਆਂ ਅਤੇ ਸਿਆਸੀ ਦਲਾਲਾਂ ਕੋਲੋਂ ਵਸੂਲੀ ਜਾਵੇ।
ਚੀਮਾ ਨੇ ਕਿਹਾ ਕਿ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਹੋਵੇਗੀ ਕਿ ਲਾਚਾਰ-ਗ਼ਰੀਬ-ਦਲਿਤਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ੁਰੂ ਇਸ ਸ਼ਗਨ ਯੋਜਨਾਂ ਨੂੰ ਵੀ ਬਖ਼ਸ਼ਿਆ ਨਹੀਂ ਜਾ ਰਿਹਾ ਅਤੇ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਸੁੱਤੀ ਪਈ ਹੈ।
ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਆਪਣੇ ਚੋਣ ਵਾਅਦੇ ਅਨੁਸਾਰ ਸ਼ਗਨ ਸਕੀਮ ਦੀ ਰਾਸ਼ੀ 51 ਹਜ਼ਾਰ ਤਾਂ ਕਰ ਨਹੀਂ ਸਕੇ ਪਰੰਤੂ ਜੋ ਅੱਧੀ-ਪਚਦੀ ਰਾਸ਼ੀ ਪਹਿਲਾਂ ਨਿਸ਼ਚਿਤ ਹੈ ਉਹ ਤਾਂ ਯੋਗ ਅਤੇ ਅਸਲ ਲੋੜਵੰਦ ਦਲਿਤ ਪਰਿਵਾਰਾਂ ਦੀਆਂ ਲੜਕੀਆਂ ਲਈ ਯਕੀਨੀ ਬਣਾ ਦੇਣ। ਚੀਮਾ ਨੇ ਕਿਹਾ ਕਿ ਅਜਿਹੀਆਂ ਬੇਇਨਸਾਫ਼ੀਆਂ ਅਤੇ ਧੋਖਾਧੜੀਆਂ ਦੀ ਕੀਮਤ ਕੈਪਟਨ ਸਰਕਾਰ ਨੂੰ ਚੁਕਾਉਣੀ ਪਵੇਗੀ।