ਐਸ.ਏ.ਐਸ. ਨਗਰ, 2 ਅਗਸਤ- ਪੰਜਾਬ ਪੁਲੀਸ ਦੇ ਟਰੈਫਿਕ ਵਿੰਗ ਨੇ ਏ.ਡੀ.ਜੀ.ਪੀ. (ਟਰੈਫਿਕ) ਸ੍ਰੀ ਸ਼ਰਦ ਸੱਤਿਆ ਚੌਹਾਨ ਦੀ ਨਿਗਰਾਨੀ ਹੇਠ ਰਵਾਇਤੀ ਟਰੈਫਿਕ ਸਿਗਨਲ ਪ੍ਰਣਾਲੀ ਦੀ ਥਾਂ ਆਧੁਨਿਕ ਸੈਂਸਰ ਆਧਾਰਤ ਟਰੈਫਿਕ ਸਿਗਨਲ ਪ੍ਰਣਾਲੀ ਵਿਕਸਤ ਕੀਤੀ ਹੈ, ਜੋ ਦੇਸ਼ ਵਿੱਚ ਪਹਿਲੀ ਵਾਰ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਵਰਤੋਂ ਵਿੱਚ ਆਈ ਹੈ।
ਇੱਥੇ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਡਿਜੀਟਲ ਪੇਸ਼ਕਾਰੀ ਰਾਹੀਂ ਨਵੀਂ ਪ੍ਰਣਾਲੀ ਬਾਰੇ ਸਮਝਾਉਂਦਿਆਂ ਸ੍ਰੀ ਚੌਹਾਨ ਨੇ ਦੱਸਿਆ ਕਿ ਇਸ ਪ੍ਰਣਾਲੀ ਨੂੰ ਵਿਕਸਤ ਕਰਨ ਵਿੱਚ ਅਨੁਕਾਈ ਸਾਲਿਊਸ਼ਨਜ਼ ਦੇ ਗੌਰਵ, ਟਰੈਫਿਕ ਸਲਾਹਕਾਰ ਪੰਜਾਬ ਨਵਦੀਪ ਅਸੀਜਾ, ਪੰਜਾਬ ਵਿਜ਼ਨ ਜ਼ੀਰੋ ਦੇ ਪ੍ਰਾਜੈਕਟ ਮੈਨੇਜਰ ਅਰਬਾਬ ਅਹਿਮਦ, ਐਸ.ਪੀ. ਸਿਟੀ-1 ਮੁਹਾਲੀ ਅਸ਼ਵਨੀ ਗੋਟਿਆਲ ਅਤੇ ਰੋਡ ਸੇਫਟੀ ਇੰਜਨੀਅਰ ਐਸ.ਏ.ਐਸ. ਨਗਰ ਚਰਨਜੀਤ ਸਿੰਘ ਉਤੇ ਆਧਾਰਤ ਟੀਮ ਨੇ ਇਹ ਪ੍ਰਣਾਲੀ ਵਿਕਸਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਸਿਗਨਲ ਸੜਕ ਦੇ ਹਰੇਕ ਪਾਸੇ ਤੋਂ ਆ ਰਹੇ ਵਾਹਨਾਂ ਦੀ ਗਿਣਤੀ ਦੇ ਹਿਸਾਬ ਨਾਲ ਚੱਲੇਗਾ। ਇਹ ਸ਼ੁਰੂਆਤ ਵਿੱਚ ਪਾਇਲਟ ਪ੍ਰਾਜੈਕਟ ਵਜੋਂ ਕੁਆਰਕ ਸਿਟੀ ਚੌਕ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਬਾਅਦ ਵਿੱਚ ਹੋਰ ਥਾਵਾਂ ਉਤੇ ਵੀ ਚਲਾਇਆ ਜਾਵੇਗਾ।
ਏ.ਡੀ.ਜੀ.ਪੀ. ਨੇ ਦੱਸਿਆ ਕਿ ਰਵਾਇਤੀ ਤਰੀਕਿਆਂ ਵਿੱਚ ਟਰੈਫਿਕ ਪੁਲੀਸ ਨੂੰ ਚੌਕਾਂ ਉਤੇ ਖੜ੍ਹ ਕੇ ਟਰੈਫਿਕ ਲੰਘਾਉਣਾ ਪੈਂਦਾ ਹੈ, ਜਿਸ ਲਈ ਬਹੁਤ ਜ਼ਿਆਦਾ ਮੁਲਾਜ਼ਮਾਂ ਦੀ ਲੋੜ ਪੈਂਦੀ ਹੈ, ਜਦੋਂ ਕਿ ਇਸ ਨਵੀਂ 3-ਡੀ ਤਕਨੀਕ ਰਾਹੀਂ ਟਰੈਫਿਕ ਸਿਗਨਲ ਪੂਰੀ ਤਰ੍ਹਾਂ ਆਟੋਮੈਟਿਕ ਹੋ ਜਾਣਗੇ ਅਤੇ ਸੈਂਸਰਾਂ ਨਾਲ ਜਿਸ ਪਾਸਿਓਂ ਜਿੰਨਾ ਟਰੈਫਿਕ ਆਏਗਾ, ਉਸ ਦੇ ਲੰਘਣ ਤੋਂ ਬਾਅਦ ਸਿਗਨਲ ਲਾਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਟਰੈਫਿਕ ਮੈਨੇਜਮੈਂਟ ਨੂੰ ਬਿਹਤਰ ਅਤੇ ਆਰਥਿਕ ਪੱਖੋਂ ਲਾਹੇਵੰਦ ਬਣਾਉਣ ਦੀ ਦਿਸ਼ਾ ਵਿੱਚ ਇਹ ਵੱਡਾ ਮਾਅਰਕਾ ਹੈ। ਉਨ੍ਹਾਂ ਇਸ ਲਈ ਪੂਰੀ ਟੀਮ ਅਤੇ ਚਿਤਕਾਰਾ ਯੂਨੀਵਰਸਿਟੀ ਦੇ ਰਾਜਪੁਰਾ ਕੈਂਪਸ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਟਰੈਫਿਕ ਪ੍ਰਣਾਲੀ ਵਿੱਚ ਤਕਨੀਕ ਦੀ ਖੋਜ ਨੂੰ ਉਤਸ਼ਾਹਤ ਕਰਨ ਲਈ ਚਿਤਕਾਰਾ ਯੂਨੀਵਰਸਿਟੀ ਦੇ ਸਟਾਰਟ ਅੱਪ ਅਨੁਕਾਈ ਸਾਲਿਊਸ਼ਨਜ਼ ਨਾਲ ਸਤੰਬਰ 2018 ਵਿੱਚ ਸਮਝੌਤਾ ਹੋਇਆ ਸੀ, ਜਿਸ ਮਗਰੋਂ ਇਸ ਕੰਮ ਲਈ ਇਕ ਟੀਮ ਬਣਾਈ ਗਈ।
ਸ੍ਰੀ ਚੌਹਾਨ ਨੇ ਦੱਸਿਆ ਕਿ ਸਮਾਂ ਆਧਾਰਤ ਟਰੈਫਿਕ ਲਾਈਟਾਂ ਲਾਉਣ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਕਾਫ਼ੀ ਮਹਿੰਗੀ ਪੈਂਦੀ ਹੈ, ਜੋ 70 ਲੱਖ ਤੋਂ ਇਕ ਕਰੋੜ ਰੁਪਏ ਤੱਕ ਪੈਂਦੀ ਹੈ। ਇਹ ਨਵੀਂ ਪ੍ਰਣਾਲੀ, ਇਸ ਕੀਮਤ ਦੇ ਸਿਰਫ਼ ਇਕ ਫੀਸਦ ਨਾਲ ਹੀ ਕੰਮ ਕਰਦੀ ਹੈ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਸਿਸਟਮ ਉਤੇ ਆਧਾਰਤ ਹੈ। ਇਸ ਨਾਲ ਨਾ ਸਿਰਫ਼ ਪੈਸੇ ਦੀ ਵੱਡੇ ਪੱਧਰ ਉਤੇ ਬਚਤ ਹੋਵੇਗੀ, ਸਗੋਂ ਟਰੈਫਿਕ ਲਾਈਟਾਂ ਦੀ ਉਲੰਘਣਾ ਵਿੱਚ ਕਮੀ ਆਵੇਗੀ ਅਤੇ ਸਫ਼ਰ ਵਿੱਚ ਲੱਗਣ ਵਾਲਾ ਸਮਾਂ ਵੀ ਘਟੇਗਾ। ਉਨ੍ਹਾਂ ਕਿਹਾ ਕਿ ਟਰੈਫਿਕ ਲਾਈਟਾਂ ਉਤੇ ਲੱਗਣ ਵਾਲੇ ਸਮੇਂ ਵਿੱਚ ਇਕ ਸਕਿੰਟ ਦੀ ਬੱਚਤ ਨਾਲ ਕਈ ਲੀਟਰ ਤੇਲ ਬਚਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਇਕ ਪਾਸੇ ਦੇ ਵਾਹਨਾਂ ਨੂੰ ਲੰਘਣ ਲਈ 15 ਸਕਿੰਟ ਦਾ ਸਮਾਂ ਦਿੱਤਾ ਜਾਵੇਗਾ, ਜਿਹੜਾ ਪੈਦਲ ਚੱਲਣ ਵਾਲਿਆਂ ਦੇ ਸੜਕ ਪਾਰ ਕਰਨ ਲਈ ਦੇਣਾ ਲਾਜ਼ਮੀ ਹੈ।
ਏ.ਡੀ.ਜੀ.ਪੀ. (ਟਰੈਫਿਕ) ਨੇ ਕਿਹਾ ਕਿ ਮੁਹਾਲੀ ਵਿੱਚ ਪਾਇਲਟ ਪ੍ਰਾਜੈਕਟ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਵਿੱਚ 450 ਟਰੈਫਿਕ ਸਿਗਨਲਾਂ ਉਤੇ ਇਹ ਨਵੀਂ ਤਕਨਾਲੋਜੀ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨੂੰ ਹੋਰ ਪ੍ਰਣਾਲੀਆਂ ਨਾਲ ਜੋੜਨ ਦੀ ਦਿਸ਼ਾ ਵਿੱਚ ਕੰਮ ਚੱਲ ਰਿਹਾ ਹੈ, ਜਿਸ ਤਹਿਤ ਇਕ ਥਾਂ ਉਤੇ ਬੈਠ ਕੇ ਹੀ ਟਰੈਫਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਸ ਮੌਕੇ ਆਈ.ਜੀ. ਰੂਪਨਗਰ ਰੇਂਜ ਵੀ. ਨੀਰਜਾ, ਐਸ.ਐਸ.ਪੀ. ਮੁਹਾਲੀ ਕੁਲਦੀਪ ਚਾਹਲ, ਐਸ.ਪੀ. ਸਿਟੀ 1 ਮੁਹਾਲੀ ਅਸ਼ਵਨੀ ਗੋਟਿਆਲ, ਅਸ਼ੋਕ ਸ਼ਰਮਾ ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਟੀਮ ਤੋਂ ਇਲਾਵਾ ਪੰਜਾਬ ਪੁਲੀਸ ਤੇ ਨਗਰ ਨਿਗਮ ਦੇ ਨੁਮਾਇੰਦੇ ਹਾਜ਼ਰ ਸਨ।
ਕੈਪਸ਼ਨ: ਟਰੈਫਿਕ ਸਿਗਨਲ ਉਤੇ ਲੱਗਣ ਵਾਲੀ ਨਵੀਂ ਪ੍ਰਣਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਏ.ਡੀ.ਜੀ.ਪੀ. (ਟਰੈਫਿਕ) ਸ੍ਰੀ ਸ਼ਰਦ ਸੱਤਿਆ ਚੌਹਾਨ, ਆਈ.ਜੀ. ਰੂਪਨਗਰ ਰੇਂਜ ਵੀ. ਨੀਰਜਾ, ਐਸ.ਐਸ.ਪੀ. ਕੁਲਦੀਪ ਚਾਹਲ ਤੇ ਹੋਰ।