‘ਆਪ’ ਨੇ ਦਿੱਲੀ ਸਰਕਾਰ ਦੇ ਨਵੇਂ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਕੈਪਟਨ ਸਰਕਾਰ ਨੂੰ ਲਗਾਏ ਰਗੜੇ
ਬਿਜਲੀ ਮੋਰਚੇ ਤਹਿਤ ਦਿਖਾ ਰਹੇ ਹਾਂ ਦਿੱਲੀ ਤੇ ਪੰਜਾਬ ਦੇ ਰੇਟਾਂ ‘ਚ ਦਿਨ ਰਾਤ ਦਾ ਫ਼ਰਕ
ਚੰਡੀਗੜ੍ਹ, 1 ਅਗਸਤ –ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ‘ਚ ਬਿਜਲੀ ਦੀਆਂ ਦਰਾਂ ਹੋਰ ਸਸਤੀਆਂ ਕਰਨ ਦਾ ਜ਼ੋਰਦਾਰ ਸਵਾਗਤ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਸਰਕਾਰ ਆਪਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵਾਰ ਵੀ ਬਿਜਲੀ ਦਰਾਂ ਮਹਿੰਗੀਆਂ ਨਾ ਕਰਕੇ ਉਲਟਾ ਸਸਤੀਆਂ ਕਰ ਸਕਦੀ ਹੈ ਤਾਂ ਪੰਜਾਬ ਸਰਕਾਰ ਬਿਜਲੀ ਸਸਤੀਆਂ ਕਰਕੇ ਲੋਕਾਂ ਦੀ ਅੰਨ੍ਹੀ ਲੁੱਟ ਕਿਉਂ ਨਹੀਂ ਬੰਦ ਕਰ ਸਕਦੀ?
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਵੱਲੋਂ ਵਿੱਢੇ ਬਿਜਲੀ ਮੋਰਚਾ ਦੇ ਕੁਆਰਡੀਨੇਟਰ ਅਤੇ ਨੌਜਵਾਨ ਵਿਧਾਇਕ ਮੀਤ ਹੇਅਰ ਨੇ ਦੱਸਿਆ ਕਿ ਦਿੱਲੀ ‘ਚ ਵਿੱਤੀ ਸਾਲ 2019-20 ਲਈ ਘੋਸ਼ਿਤ ਨਵੀਆਂ ਦਰਾਂ ਨਾਲ ਘਰੇਲੂ ਖੇਤਰ ਦੇ ਖਪਤਕਾਰਾਂ ਨੂੰ ਪ੍ਰਤੀ ਮਹੀਨਾ ਔਸਤਨ 750 ਰੁਪਏ ਦੀ ਬੱਚਤ ਹੋਵੇਗੀ, ਕਿਉਂਕਿ ਪ੍ਰਤੀ ਕਿੱਲੋਵਾਟ ਦੇ ਹਿਸਾਬ ਨਾਲ ਮੀਟਰਾਂ ਦੇ ਕਿਰਾਏ ਕਈ-ਕਈ ਗੁਣਾ ਘਟਾ ਦਿੱਤੇ ਗਏ ਹਨ।
ਮੀਤ ਹੇਅਰ ਨੇ ਦੱਸਿਆ ਕਿ ਦਿੱਲੀ ਸਰਕਾਰ ਲਗਭਗ 100 ਫ਼ੀਸਦੀ ਨਿੱਜੀ ਬਿਜਲੀ ਕੰਪਨੀਆਂ ‘ਤੇ ਨਿਰਭਰ ਹੋ ਕੇ ਵੀ ਦਿੱਲੀ ਵਾਸੀਆਂ ਨੂੰ ਦੇਸ ਭਰ ‘ਚ ਸਭ ਤੋਂ ਸਸਤੀ ਬਿਜਲੀ ਦੇ ਰਹੀ ਹੈ, ਜਦਕਿ ਪੰਜਾਬ ਸਰਕਾਰ ਕੋਲ ਆਪਣੇ ਥਰਮਲ ਅਤੇ ਪਣ ਬਿਜਲੀ ਪ੍ਰੋਜੈਕਟ ਹੋਣ ਦੇ ਬਾਵਜੂਦ ਸਭ ਤੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਜਿਸਦਾ ਕਾਰਨ ਵੱਡੀ ਮਿਲੀਭੁਗਤ ਤਹਿਤ ਬਾਦਲਾਂ ਦੇ ਸਮੇਂ ਤੋਂ ਚੱਲ ਰਿਹਾ ‘ਬਿਜਲੀ ਮਾਫ਼ੀਆ’ ਹੈ।
ਮੀਤ ਹੇਅਰ ਨੇ ਕਿਹਾ ਕਿ ਬਾਦਲਾਂ ਨੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬੇਹੱਦ ਮਹਿੰਗੇ ਅਤੇ ਇੱਕ ਪਾਸੜ ਸ਼ਰਤ ਵਾਲੇ ਸਮਝੌਤੇ ਕਰਕੇ ਪੰਜਾਬ ਦੀ 77 ਪ੍ਰਤੀਸ਼ਤ ਬਿਜਲੀ ਖਪਤ ਪ੍ਰਾਈਵੇਟ ਕੰਪਨੀਆਂ ‘ਤੇ ਨਿਰਭਰ ਕਰ ਦਿੱਤੀ। ਅਜਿਹੀਆਂ ਨਜਾਇਜ਼ ਸ਼ਰਤਾਂ 25 ਸਾਲ ਤੱਕ ਦੇ ਲੰਬੇ ਸਮਝੌਤੇ ਕਰ ਲਏ ਕਿ ਅਣਵਰਤੀ ਬਿਜਲੀ ਦਾ ਪ੍ਰਤੀ ਸਾਲ 2800 ਰੁਪਏ ਇਨ੍ਹਾਂ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਦਿੱਤਾ ਜਾ ਰਿਹਾ ਹੈ, ਜੋ ਸਿੱਧੇ ਤੌਰ ‘ਤੇ ਹਰ ਬਿਜਲੀ ਖਪਤਕਾਰ ਦੀ ਜੇਬ ‘ਤੇ ਭਾਰ ਹੈ।
ਮੀਤ ਹੇਅਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰੰਤੂ ਸਰਕਾਰ ਬਣਨ ‘ਤੇ ਬਿਜਲੀ ਮਾਫ਼ੀਆ ਨਾਲ ਰਲ ਗਈ। ਇਹ ਵੀ ਮੁੱਖ ਕਾਰਨ ਹੈ ਕਿ ਪੰਜਾਬ ‘ਚ ਬਿਜਲੀ ਸਸਤੀ ਹੋਣ ਦੀ ਥਾਂ ਲਗਾਤਾਰ ਮਹਿੰਗੀ ਕੀਤੀ ਜਾ ਰਹੀ ਹੈ।
ਮੀਤ ਹੇਅਰ ਨੇ ਦੱਸਿਆ ਕਿ ਬਿਜਲੀ ਮੋਰਚਾ ਤਹਿਤ ‘ਆਪ’ ਵਿਧਾਨ ਸਭਾ ਹਲਕਾ ਪੱਧਰ ‘ਤੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਲੋਕਾਂ ਨੂੰ ਜਿੱਥੇ ਕੇਜਰੀਵਾਲ ਸਰਕਾਰ ਅਤੇ ਕੈਪਟਨ ਸਰਕਾਰ ਵੱਲੋਂ ਦਿੱਤੀ ਜਾ ਰਹੀ ਬਿਜਲੀ ਦੀਆਂ ਦਰਾਂ ‘ਚ ਦਿਨ ਰਾਤ ਦਾ ਫ਼ਰਕ ਸਮਝਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪਿੰਡਾਂ ‘ਚ ਬਿਜਲੀ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ।