ਮੁੱਖ ਮੰਤਰੀ ਵੱਲੋਂ ਅੰਮਿ੍ਰਤਸਰ ਡਰੱਗ ਮਾਮਲੇ ਦੇ ਮੁੱਖ ਮੁਲਜ਼ਮ ਦੀ ਨਿਆਂਇਕ ਹਿਰਾਸਤ ’ਚ ਹੋਈ ਮੌਤ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ

38

ਮੁੱਖ ਮੰਤਰੀ ਵੱਲੋਂ ਅੰਮਿ੍ਰਤਸਰ ਡਰੱਗ ਮਾਮਲੇ ਦੇ ਮੁੱਖ ਮੁਲਜ਼ਮ ਦੀ ਨਿਆਂਇਕ ਹਿਰਾਸਤ ’ਚ ਹੋਈ ਮੌਤ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ
ਚੰਡੀਗੜ, 21 ਜੁਲਾਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਅੰਮਿ੍ਰਤਸਰ ਵਿਖੇ ਸਾਹਮਣੇ ਆਏ ਨਸ਼ਿਆਂ ਦੇ ਮਾਮਲੇ ਦੇ ਮੁੱਖ ਮੁਲਜ਼ਮ ਦੀ ਨਿਆਂਇਕ ਹਿਰਾਸਤ ਵਿੱਚ ਹੋਈ ਮੌਤ ਦੀ ਮੈਜਿਸਟਰੀਅਲ ਜਾਂਚ ਦੇ ਹੁਕਮ ਦਿੱਤੇ ਹਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਧੀਕ ਜ਼ਿਲਾ ਮੈਜਿਸਟ੍ਰੇਟ (ਏ.ਡੀ.ਐਮ.) ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਹਸਪਤਾਲ ’ਚ ਹੋਈ ਮੌਤ ਦੀ ਵਿਸਥਾਰਤ ਜਾਂਚ ਕਰਨ ਲਈ ਆਖਿਆ। ਵਧੀਕ ਜ਼ਿਲਾ ਮੈਜਿਸਟ੍ਰੇਟ ਨੂੰ ਸੁਣਵਾਈ ਅਧੀਨ ਵਿਅਕਤੀ ਦੀ ਹੋਈ ਮੰਦਭਾਗੀ ਮੌਤ ਦੇ ਸਾਰੇ ਤੱਥਾਂ ਤੇ ਹਾਲਤਾਂ ਬਾਰੇ ਜਾਂਚ ਕਰਨ ਲਈ ਆਖਿਆ।
ਇਹ ਮੈਜਿਸਟਰੀਅਲ ਜਾਂਚ ਪੋਸਟਮਾਰਟਮ ਤੋਂ ਇਲਾਵਾ ਹੋਵੇਗੀ ਜੋ ਡਾਕਟਰਾਂ ਦੇ ਇਕ ਉਚ ਪੱਧਰੀ ਬੋਰਡ ਵੱਲੋਂ ਕੀਤਾ ਜਾਵੇਗਾ। ਨਿਆਂਇਕ ਕਾਰਵਾਈ ਜੁਡੀਸ਼ਲ ਮੈਜਿਸਟ੍ਰੇਟ ਵੱਲੋਂ ਸੀਆਰ.ਪੀ.ਸੀ. ਅਧੀਨ ਕੀਤੀ ਜਾਵੇਗਾ।
ਇਸ ਦੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਦੋਸ਼ੀ 18 ਜੁਲਾਈ ਤੋਂ ਅੰਮਿ੍ਰਤਸਰ ਦੀ ਕੇਂਦਰੀ ਜੇਲ ਦੇ ਹਸਪਤਾਲ ਵਿੱਚ ਦਾਖਲ ਸੀ। ਜੇਲ ਮੈਡੀਕਲ ਅਫਸਰ ਨੇ ਉਸ ਦੀ ਗੰਭੀਰ ਹਾਲਤ ਕਾਰਨ ਐਤਵਾਰ ਨੂੰ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਰਤਸਰ ਵਿੱਚ ਭੇਜ ਦਿੱਤਾ ਸੀ। ਹਸਪਤਾਲ ਵਿਖੇ ਉਸ ਨੂੰ ਮਿ੍ਰਤਕ ਹਾਲਤ ’ਚ ਲਿਆਂਦਾ ਐਲਾਨਿਆ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਏ.ਡੀ.ਐਮ ਨੂੰ ਇਸ ਮਾਮਲੇ ਦੀ ਪੂਰੀ ਪੜਤਾਲ ਅਤੇ ਗੁਰਪਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਮਕਾਲ ਨੰਬਰ 277, ਗਲੀ ਨੰਬਰ 8, ਹੁਸੈਨਪੁਰਾ, ਅੰਮਿ੍ਰਤਸਰ, ਪੁਲੀਸ ਥਾਣਾ ਰਾਮ ਬਾਗ ਦੀ ਮੌਤ ਦਾ ਕਾਰਨ ਬਣੀ ਅਣਗਹਿਲੀ ਤੇ ਹੋਰ ਕਮੀਆਂ ਦੀ ਜਾਂਚ ਕਰਨ ਲਈ ਆਖਿਆ ਹੈ।
ਗੌਰਤਲਬ ਹੈ ਕਿ ਗੁਰਪਿੰਦਰ ਸਿੰਘ ਨੂੰ ਕਸਟਮ ਕੇਸ ਵਿੱਚ ਮਿਤੀ 29 ਜੂਨ, 2019 ਨੂੰ ਕਸਟਮ ਐਕਟ ਤਹਿਤ ਜ਼ੇਰੇ ਦਫ਼ਾ 135 ਤਹਿਤ ਕੇਂਦਰੀ ਜੇਲ ਅੰਮਿ੍ਰਤਸਰ ’ਚ ਬੰਦ ਕੀਤਾ ਗਿਆ ਸੀ। ਉਸ ਨੂੰ ਕਸਟਮ ਵਿਭਾਗ ਵੱਲੋਂ ਗਿ੍ਰਫਤਾਰ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਸੀ।
ਉਸ ਪਾਸੋਂ 532 ਕਿਲੋਗ੍ਰਾਮ ਹੈਰੋਇਨ ਅਤੇ 52  ਕਿਲੋਗ੍ਰਾਮ ਸ਼ੱਕੀ ਮਿਸ਼ਰਤ ਨਾਰਕੋਟਿਕ ਬਰਾਮਦ ਕੀਤੀਆਂ ਗਈਆਂ ਸਨ ਅਤੇ ਪੁਲੀਸ ਥਾਣਾ ਰਾਜਾਸਾਂਸੀ ਵਿਖੇ ਐਫ.ਆਈ.ਆਰ.  ਨੰਬਰ 76 ਜ਼ੇਰੇ ਦਫ਼ਾ 21, 29, 61, 85, ਐਨ.ਡੀ.ਪੀ.ਐਸ. ਐਕਟ 379, 411, 473 ਤੋਂ ਇਲਾਵਾ ਥਾਣਾ ਘਰਿੰਡਾ (ਅੰਮਿ੍ਰਤਸਰ ਦਿਹਾਤੀ) ਵਿਖੇ ਐਫ.ਆਈ.ਆਰ. ਨੰਬਰ 115/2019 ਜ਼ੇਰੇ ਦਫ਼ਾ 411, 414  ਆਈ.ਪੀ.ਸੀ., 25 ਆਰਮਜ਼ ਐਕਟ, 489ਏ, 489ਬੀ, 489ਸੀ, ਸੈਕਸ਼ਨ 3, ਸੈਕਸ਼ਨ 5, ਸੈਕਸ਼ਨ 9, ਆਫੀਸ਼ਲ ਸੀਕਰਟ ਐਕਟ 1923, ਸੈਕਸ਼ਨ 21, 22, 29 ਐਨ.ਡੀ.ਪੀ.ਐਸ. ਐਕਟ, 1985, ਸੈਕਸ਼ਨ 3, ਪਾਸਪੋਰਟ ਐਕਟ 1920, ਸੈਕਸ਼ਨ 14 ਫੌਰਨਰਜ਼ ਐਕਟ, 1946 ਹੇਠ ਦਰਜ ਕੀਤੀ ਗਈ ਸੀ।
ਗਰਪਿੰਦਰ ਸਿੰਘ ਸ਼ੂਗਰ ਦਾ ਪੁਰਾਣਾ ਮਰੀਜ਼ ਸੀ ਅਤੇ ਉਸ ਦੀ ਸਿਹਤ ਖਰਾਬ ਹੋ ਰਹੀ ਸੀ ਜਿਸ ਕਰਕੇ ਉਸ ਨੂੰ 2 ਜੁਲਾਈ, 2019 ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ, ਅੰਮਿ੍ਰਤਸਰ ਵਿਖੇ ਦਾਖਲ ਕਰਵਾਇਆ ਗਿਆ ਸੀ। ਉਸ ਨੂੰ 6 ਜੁਲਾਈ, 2019 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਇਸ ਤੋਂ ਅਗਲੇ ਦਿਨ ਪੁਲੀਸ ਨੇ ਉਸ ਨੂੰ 11 ਜੁਲਾਈ, 2019 ਤੱਕ ਪੁਲੀਸ ਹਿਰਾਸਤ ਵਿੱਚ ਲਿਆ।
12 ਜੁਲਾਈ, 2019 ਨੂੰ ਘਰਿੰਡਾ ਪੁਲੀਸ ਨੇ ਉਸ ਨੂੰ ਪੁਲੀਸ ਹਿਰਾਸਤ ਵਿੱਚ ਲਿਆ ਅਤੇ ਇਸ ਤੋਂ ਬਾਅਦ 18 ਜੁਲਾਈ, 2019 ਨੂੰ ਉਸ ਦਾ ਜੇ.ਬੀ.ਐਮ.ਐਮ. ਸਿਵਲ ਹਸਪਤਾਲ, ਅੰਮਿ੍ਰਤਸਰ ਵਿਖੇ ਡਾਕਟਰੀ ਮੁਆਇਆ ਕਰਨ ਤੋਂ ਬਾਅਦ ਉਸ ਨੂੰ ਵਾਪਸ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।