- ਸਰਕਾਰਾਂ ਦੇ ਏਜੰਡੇ ‘ਤੇ ਜੇ ਲੋਕ ਹੁੰਦੇ ਤਾਂ ਘੱਗਰ ਬਰਬਾਦੀ ਦੀ ਥਾਂ ਵਰਦਾਨ ਹੁੰਦੀ- ਹਰਪਾਲ ਸਿੰਘ ਚੀਮਾ
– ਕਿਹਾ, ਜ਼ਿਲ੍ਹਾ ਪ੍ਰਸ਼ਾਸਨ ਨੂੰ 25 ਲੱਖ ਰੁਪਏ ਦੇ ਫ਼ੰਡ ਵੀ ਨਹੀਂ ਦੇ ਸਕੀ ਕੈਪਟਨ ਸਰਕਾਰ
ਸੰਗਰੂਰ , 19 ਜੁਲਾਈ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਘੱਗਰ ਨਦੀ ਵੱਲੋਂ ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ‘ਚ ਮਚਾਈ ਤਬਾਹੀ ਲਈ ਹੁਣ ਤੱਕ ਕੇਂਦਰ ਅਤੇ ਪੰਜਾਬ ‘ਤੇ ਰਾਜ ਕਰ ਰਹੀਆਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਸਵੇਰੇ ਘੱਗਰ ਦਰਿਆ ਦੀ ਚਪੇਟ ‘ਚ ਆਏ ਚੰਦੂ, ਫੂਲਦ, ਮੰਡਵੀਂ ਅਤੇ ਮਕਰੌੜ ਸਾਹਿਬ (ਖਨੌਰੀ-ਮੂਨਕ ਇਲਾਕਾ) ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਦਰਦ ਕਹਾਣੀ ਸੁਣਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਕੇਂਦਰ ਦੀਆਂ ਐਨਡੀਏ ਅਤੇ ਯੂਪੀਏ ਸਰਕਾਰਾਂ ਨੂੰ ਰੱਜ ਕੇ ਕੋਸਿਆ।
ਚੀਮਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਦੇ ਏਜੰਡੇ ‘ਤੇ ਹੀ ਨਹੀਂ ਹਨ, ਜੇ ਹੁੰਦੇ ਤਾਂ ਹਰ ਸਾਲ ਹੜ੍ਹਾਂ ਨਾਲ ਤਬਾਹੀ ਮਚਾਉਣ ਵਾਲੀ ਇਹੋ ਘੱਗਰ ਨਦੀ ਇਸ ਇਲਾਕੇ ਲਈ ਵਰਦਾਨ ਹੁੰਦੀ। ਚੀਮਾ ਨੇ ਕਿਹਾ ਕਿ ਸੱਤਾਧਾਰੀ ਸਿਆਸੀ ਧਿਰਾਂ ਦੇ ਸਵਾਰਥੀ ਅਤੇ ਸੌੜੇ ਰਵੱਈਏ ਕਾਰਨ ਘੱਗਰ ਨੂੰ ਮਕਰੋੜ ਸਾਹਿਬ ਤੋਂ ਅੱਗੇ 17 ਕਿੱਲੋਮੀਟਰ ਸਿੱਧਾ ਅਤੇ ਚੌੜਾ (ਚੈਨਾਲਾਇਜ) ਕਰਨ ਦਾ ਪ੍ਰੋਜੈਕਟ ਕਦੋਂ ਦਾ ਪੂਰਾ ਹੋ ਗਿਆ ਹੁੰਦਾ, ਜੋ ਦਹਾਕਿਆਂ ਤੋਂ ਲਟਕਿਆ ਪਿਆ ਹੈ। ਇਸ ਲਈ ਹਰਿਆਣਾ, ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਸਮੇਤ ਲਹਿਰਾਗਾਗਾ ਹਲਕੇ ਤੋਂ ਵਾਰ-ਵਾਰ ਜਿੱਤ ਕੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੀ ਬੀਬੀ ਰਜਿੰਦਰ ਕੌਰ ਭੱਠਲ, ਪਟਿਆਲਾ ਤੋਂ ਸੰਸਦ ਮੈਂਬਰ ਮਹਾਰਾਣੀ ਪ੍ਰਨੀਤ ਕੌਰ, ਹਲਕਾ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਚੀਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਗਰੂਰ ਮੁਤਾਬਿਕ ਜ਼ਿਲ੍ਹਾ ਪ੍ਰਸ਼ਾਸਨ ਨੇ ਫੂਲਦ ਆਦਿ ਦੇ ਬੰਨ ਮਜ਼ਬੂਤ ਕਰਨ ਲਈ 25 ਲੱਖ ਰੁਪਏ ਮੰਗੇ ਸਨ ਪਰੰਤੂ ਸਰਕਾਰ ਨੇ 25 ਲੱਖ ਰੁਪਏ ਦਾ ਫ਼ੰਡ ਵੀ ਜਾਰੀ ਨਹੀਂ ਕੀਤਾ। ਘੱਗਰ ‘ਚ ਫੂਲਦ ਵਿਖੇ ਹੀ ਪਏ ਪਾੜ ਨੇ ਕਰੋੜਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਰਜਿੰਦਰ ਕੌਰ ਭੱਠਲ ਦੀ ਸਰਕਾਰੀ ਕੋਠੀ ਦਾ 84 ਲੱਖ ਰੁਪਏ ਜੁਰਮਾਨਾ ਤਾਂ ਮੁਆਫ਼ ਕਰ ਸਕਦੀ ਹੈ, ਪਰੰਤੂ ਲੋਕਾਂ ਨੂੰ ਬਰਬਾਦੀ ਤੋਂ ਬਚਾਉਣ ਲਈ 25 ਲੱਖ ਰੁਪਏ ਦਾ ਪ੍ਰਬੰਧ ਨਹੀਂ ਕਰ ਸਕਦੀ, ਕਿਉਂਕਿ ਇਹ ਇਲਾਕਾ ਅਤੇ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਦਲਾਂ ਵਾਂਗ ਕੈਪਟਨ ਸਰਕਾਰ ਦੇ ਵੀ ਏਜੰਡੇ ‘ਤੇ ਨਹੀਂ ਹਨ।
ਚੀਮਾ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬਰਸਾਤ ਦੇ ਮੌਸਮ ‘ਚ ਘੱਗਰ ਹੜ੍ਹਾਂ ਨਾਲ ਤਬਾਹੀ ਮਚਾਉਂਦੀ ਹੈ ਅਤੇ ਬਾਕੀ ਮਹੀਨੇ ਇਸ ਇਲਾਕੇ ‘ਚ ਕੈਂਸਰ ਅਤੇ ਕਾਲਾ ਪੀਲੀਆ (ਹੈਪੇਟਾਈਟਸ ਸੀ) ਅਤੇ ਹੋਰ ਖ਼ਤਰਨਾਕ ਬਿਮਾਰੀਆਂ ਵੰਡਦੀ ਹੈ ਕਿਉਂਕਿ ਇਸ ‘ਚ ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੀਆਂ ਫ਼ੈਕਟਰੀਆਂ ਆਦਿ ਦਾ ਕੈਮੀਕਲਾਂ ਨਾਲ ਭਰਪੂਰ ਜ਼ਹਿਰੀਲਾ ਪਾਣੀ ਵਹਿੰਦਾ ਹੈ।
ਇਸ ਮੌਕੇ ਚੀਮਾ ਦੇ ਨਾਲ ਪਾਰਟੀ ਦਾ ਹਲਕਾ ਪ੍ਰਧਾਨ ਜਸਵੀਰ ਸਿੰਘ ਕੁਦਨੀ, ਬਲਜੀਤ ਸਿੰਘ ਮੰਡਵੀਂ, ਮੁਨੀਸ਼ ਜੈਨ ਅਤੇ ਹੋਰ ਸਥਾਨਕ ਆਗੂ ਮੌਜੂਦ ਸਨ।