ਬ੍ਰਿਸਬੇਨ ਵਿਖੇ ਕਵੀ ਦਰਬਾਰ ‘ਚ ਪੰਜਾਬੀ ਸ਼ਾਇਰਾਂ ਨੇ ਮਾਹੌਲ ਨੂੰ ਬਣਾਇਆ ਰੰਗੀਨ

32

ਬ੍ਰਿਸਬੇਨ, ਆਸਟਰੇਲੀਆ ਦੀ ਨਾਮਵਰ ਸਾਹਿਤਕ ਸੰਸਥਾ ਇੰਡੋਜ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟਰੇਲੀਆ ਵੱਲੋਂ ਕੱਲ ਬ੍ਰਿਸਬੇਨ ਦੀ ਇੰਡੋਜ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਵਿੱਚ ਪੰਜਾਬ ਤੋਂ ਮਹਿਮਾਨ ਲੇਖਕ/ਡਾਇਰੈਕਟਰ/ਰੰਗਕਰਮੀ ਰੰਜੀਵਨ ਸਿੰਘ ਅਤੇ ਉੱਘੇ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਦਾ ਸਨਮਾਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਦੇ ਨਾਲ ਇਪਸਾ ਦੇ ਪ੍ਰਧਾਨ ਜਰਨੈਲ ਸਿੰਘ ਬਾਸੀ, ਰੁਪਿੰਦਰ ਕੌਰ ਗਿੱਲ, ਮਨਜੀਤ ਬੋਪਾਰਾਏ ਸ਼ੁਸੋਭਿਤ ਹੋਏ।

ਸਮਾਗਮ ਦੀ ਸ਼ੁਰੂਆਤ ਵਿੱਚ ਸਰਬਜੀਤ ਸੋਹੀ ਨੇ ਆਏ ਹੋਏ ਦੋਵਾਂ ਮਹਿਮਾਨਾਂ ਦਾ ਤੁਆਰਫ਼ ਕਰਵਾਉਂਦਿਆ ਦੋਵਾਂ ਹਸਤੀਆਂ ਦੇ ਜੀਵਨ ਅਤੇ ਮਾਣਮੱਤੀਆਂ ਪ੍ਰਾਪਤੀਆਂ ਤੇ ਚਾਨਣਾ ਪਾਇਆ ਗਿਆ। ਇਸ ਉਪਰੰਤ ਲਗਾਤਾਰ ਡੇਢ ਘੰਟਾ ਚਲੇ ਕਵੀ ਦਰਬਾਰ ਵਿੱਚ ਸ਼ਾਇਰ ਜਸਵੰਤ ਵਾਗਲਾ, ਰੁਪਿੰਦਰ ਸੋਜ਼, ਸੁਰਜੀਤ ਸੰਧੂ, ਆਤਮਾ ਹੇਅਰ, ਦਲਵੀਰ ਹਲਵਾਰਵੀ, ਹਰਜੀਤ ਕੌਰ ਸੰਧੂ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਰੰਗੀਨ ਬਣਾ ਦਿੱਤਾ।

ਪ੍ਰੋਗਰਾਮ ਦੇ ਦੂਸਰੇ ਭਾਗ ਵਿੱਚ ਮਨਜੀਤ ਬੋਪਾਰਾਏ ਨੇ ਇਪਸਾ ਦੀਆਂ ਸਰਗਰਮੀਆਂ ਅਤੇ ਪ੍ਰਾਪਤੀਆਂ ਦਾ ਵੇਰਵਾ ਪ੍ਰਦਾਨ ਕਰਦਿਆਂ ਦੋਵਾਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਜਗਰੂਪ ਸਿੰਘ ਜਰਖੜ ਨੇ ਇਸ ਫੇਰੀ ਤੇ ਮਿਲੇ ਪਿਆਰ ਨੂੰ ਅਥਾਹ ਤੇ ਅਭੁੱਲ ਦੱਸਦਿਆੰ ਸਾਰੇ ਪਤਵੰਤੇ ਸੱਜਨਾਂ ਦਾ ਸ਼ੁਕਰਾਨਾ ਕੀਤਾ । ਰੰਜੀਵਨ ਸਿੰਘ ਨੇ ਆਪਣੇ ਥੀਏਟਰ ਅਤੇ ਆਸਟਰੇਲੀਆ ਨਾਲ ਜੁੜੇ ਤਜ਼ਰਬੇ ਸਾਂਝੇ ਕੀਤੇ ਅਤੇ ਕਿਹਾ ਆਸਟਰੇਲੀਅਨ ਪੰਜਾਬੀ ਬਹੁਤ ਦਰਿਆ-ਦਿਲ ਅਤੇ ਮਹਿਮਾਨ ਨਿਵਾਜ਼ ਹਨ । ਪ੍ਰੋਗਰਾਮ ਦੇ ਅੰਤਲੇ ਪਲਾਂ ਵਿੱਚ ਸੰਪਾਦਕ ਸੁਖਵਿੰਦਰ ਪੱਪੀ ਦੀ ਨਿਗਰਾਨੀ ਵਿੱਚ ਪ੍ਰਕਾਸ਼ਿਤ ਹੋ ਰਿਹਾ ਲੋਕ ਹਿਤੈਸ਼ੀ ਧਿਰਾਂ ਦਾ ਮੈਗਜ਼ੀਨ ‘ਸਰੋਕਾਰ’ ਲੋਕ ਅਰਪਣ ਕੀਤਾ ਗਿਆ ।

ਇਸ ਸਮਾਗਮ ਵਿੱਚ ਰੰਜੀਵਨ ਸਿੰਘ ਅਤੇ ਜਗਰੂਪ ਜਰਖੜ ਨੂੰ ਉਨ੍ਹਾਂ ਦੇ ਆਪੋ ਆਪਣੇ ਖੇਤਰ ਵਿੱਚ ਪਾਏ ਯੋਗਦਾਨ ਲਈ ਐਵਾਰਡ ਆਫ਼ ਆਨਰ ਦਿੱਤਾ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਨੇ ਬਾਖੂਬੀ ਨਿਭਾਈ।