ਡੋਪਿੰਗ ਦੀ ਲਾਹਨਤ ਨੂੰ ਜੜ੍ਹੋਂ ਪੁੱਟਣ ਲਈ ਵਿਸਥਾਰਤ ਕਦਮ ਚੁੱਕੇ ਜਾਣਗੇ: ਰਾਣਾ ਸੋਢੀ

11

੍ਹ       ਮੁਹਾਲੀ ਵਿਖੇ ਜੁਲਾਈ ਦੌਰਾਨ ਕੋਚਾਂ/ਫਿਜੀਕਲ ਟਰੇਨਰਾਂ ਦੀ ਕਲੀਨਿਕ ਵੀ ਲਗਾਈ ਜਾਵੇਗੀ

੍ਹ       ‘ਟੀਟੀਟੀ’ – ਟੇਲੈਂਟ, ਟਰੇਨਿੰਗ, ਟਾਰਗੈਟ ਦੀ ਰਣਨੀਤੀ ਅਮਲ ‘ਚ ਲਿਆਂਦੀ ਜਾਵੇਗੀ

੍ਹ       ਫਿਜੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਨੁਮਾਇੰਦਿਆਂ ਵਲੋਂ ਖੇਡ ਮੰਤਰੀ ਨਾਲ ਮੁਲਾਕਾਤ

ਚੰਡੀਗੜ੍ਹ•, 14 ਜੂਨ- ਪੰਜਾਬ ਸਰਕਾਰ ਵਲੋਂ ਖੇਡਾਂ ਦੇ ਖੇਤਰ ਅਤੇ ਨੌਜਵਾਨਾਂ ਨੂੰ ਡੋਪਿੰਗ ਤੋਂ ਦੂਰ ਰੱਖਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ, ਇਸ ਲਈ ਖੇਡ ਵਿਭਾਗ ਵੱਲੋਂ ਵਿਆਪਕ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ। ਇਹ ਖੁਲਾਸਾ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ‘ਫਿਜੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ’ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਉਪਰੰਤ ਕੀਤਾ। ਮੀਟਿੰਗ ਦੌਰਾਨ ਨੁਮਾਇੰਦਿਆਂ ਨੇ ਮੰਤਰੀ ਨੂੰ ਖੇਡਾਂ ਵਿਚ ਡੋਪਿੰਗ ਨਾਲ ਖਿਡਾਰੀਆਂ/ਐਥਲੀਟਾਂ ਦੀ ਸਿਹਤ ‘ਤੇ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਿਸ ਨਾਲ ਉਨ੍ਹਾਂ ਦਾ ਕਰੀਅਰ ਵੀ ਖਰਾਬ ਹੋ ਰਿਹਾ ਹੈ।

ਖੇਡ ਮੰਤਰੀ, ਜੋ ਖੁਦ ਕੌਮਾਂਤਰੀ ਨਿਸ਼ਾਨੇਬਾਜ਼ ਰਹੇ ਹਨ, ਨੇ ਨੁਮਾਇੰਦਿਆਂ ਵਲੋਂ ਇਸ ਸਬੰਧੀ ਪ੍ਰਗਟਾਏ ਵਿਚਾਰਾਂ ਦੀ ਪ੍ਰਸੰਸਾ ਕੀਤੀ ਅਤੇ ਪੰਜਾਬ ਵਿਚ ਇਸ ਲਾਹਨਤ ਨੂੰ ਜੜ•ੋਂ ਪੁੱਟਣ ਲਈ ਦੋ ਧਿਰੀ ਰਣਨੀਤੀ ਪ੍ਰਸਤਾਵਿਤ ਕੀਤੀ। ਇਸ ਰਣਨੀਤੀ ਤਹਿਤ ਇਸ ਸਾਲ ਜੁਲਾਈ ਵਿਚ ਮੁਹਾਲੀ ਵਿਖੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਕੋਚਾਂ/ਫਿਜੀਕਲ ਟਰੇਨਰਾਂ ਲਈ ਦੋ ਰੋਜ਼ਾ ਕਲੀਨਿਕਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਹ ਸਿਖਲਾਈ ਵਿਗਿਆਨਕ ਤਰਜ਼ ‘ਤੇ ਲਾਗੂ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮੱਦੇਨਜ਼ਰ ਇਸ ਦਾ ਪ੍ਰਬੰਧ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਅਤੇ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ਼ ਇੰਡੀਆ (ਪੀ.ਈ.ਐਫ.ਆਈ.) ਦੇ ਮਾਹਿਰਾਂ ਵਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਕੀਤਾ ਜਾਵੇਗਾ। ਇਸ ਸਾਲ ਅਗਸਤ ਵਿੱਚ ਲੋਕਾਂ ਦੀ ਭਾਰੀ ਸ਼ਮੂਲੀਅਤ ਨਾਲ ਬਹੁਤ ਵੱਡੇ ਪੱਧਰ ‘ਤੇ ਇਕ ਸੈਮੀਨਾਰ ਕਰਵਾਇਆ ਜਾਵੇਗਾ ਜਿਸ ਵਿੱਚ ਖਿਡਾਰੀਆਂ ‘ਤੇ ਡੋਪਿੰਗ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾਵੇਗਾ।

ਇਸ ਮੌਕੇ ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਕਿਹਾ ਕਿ ਪੀ.ਈ.ਐਫ.ਆਈ. ਦਾ ਪੰਜਾਬ ਸਰਕਾਰ ਨਾਲ ਇਕ ਸਮਝੌਤਾ ਸਹੀਬੱਧ ਕਰਨਾ ਵੀ ਪ੍ਰਸਤਾਵਿਤ ਹੈ ਤਾਂ ਜੋ ਸੂਬੇ ਵਿਚ ਖੇਡ ਸੱਭਿਆਚਾਰ ਦਾ ਵਿਕਾਸ ਕੀਤਾ ਜਾ ਸਕੇ ਅਤੇ ਪੰਜਾਬ ਦੇ ਨੌਜਵਾਨਾਂ ਦੀ ਜੀਵਨ ਸ਼ੈਲੀ ਨੂੰ ਚੁਸਤ, ਸਿਹਤਮੰਦ ਦੇ ਨਾਲ ਨਾਲ ਦਰੁਸਤ ਬਣਾਇਆ ਜਾ ਸਕੇ।

ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਟੈਲੈਂਟ, ਟ੍ਰੇਨਿੰਗ ਤੇ ਟਾਰਗੇਟ ਦੀ  ‘ਟੀਟੀਟੀ’ ਨੀਤੀ ਅਮਲ ਵਿੱਚ ਲਿਆਏ ਜਾਣ ਦੀ ਗੱਲ ਕਹੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਵਿੱਚ ਮੌਜੂਦ ਅਥਾਹ ਸਮਰੱਥਾ ਅਤੇ ਊਰਜਾ ਨੂੰ ਸਕਾਰਾਤਮਕ ਦਿਸ਼ਾ ਦਿੱਤੀ ਜਾ ਸਕੇ।

ਪੀ.ਈ.ਐਫ.ਆਈ. ਦੇ ਨੁਮਾਇੰਦਿਆਂ ਨੇ ਇਸ ਮੌਕੇ ਖੇਡ ਮੰਤਰੀ ਨੂੰ ਭਰੋਸਾ ਦਵਾਇਆ ਕਿ ਇਸ ਸੰਭਾਵੀ ਉਸਾਰੂ ਪਹਿਲ ਦੇ ਸੁਚੱਜੇ ਨਤੀਜੇ 2024 ਦੀਆਂ ਉਲੰਪਿਕ ਖੇਡਾਂ ਦੇ ਦੌਰਾਨ ਨਜ਼ਰ ਆਉਣਗੇ।

ਇਸ ਮੌਕੇ ਪੀ.ਈ.ਐਫ.ਆਈ. ਦੇ ਮੀਤ ਪ੍ਰਧਾਨ ਅਤੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਦੇ ਸਾਬਕਾ ਸੰਯੁਕਤ ਸਕੱਤਰ ਡਾ. ਗੁਰਦੀਪ ਸਿੰਘ, ਪੀ.ਈ.ਐਫ.ਆਈ. ਦੇ ਸਕੱਤਰ ਸ੍ਰੀ ਪੀਯੂਸ਼ ਜੈਨ ਤੋਂ ਇਲਾਵਾ ਪੀ.ਈ.ਐਫ.ਆਈ. ਦੇ ਹੋਰ ਅਹੁਦੇਦਾਰ ਵੀ ਹਾਜ਼ਿਰ ਸਨ।