ਸਰਕਾਰਾਂ ਦੀ ਲੋਕਾਂ ਪ੍ਰਤੀ ਦੀ ਢਿੱਲ ਮੱਠ ਸੋਚ ਕਾਰਨ ਫ਼ਰਜ਼ੀ ਟ੍ਰੈਵਲ ਏਜੰਟਾਂ ਦੇ ਹੌਸਲੇ ਬੁਲੰਦ-ਸੰਧਵਾਂ
ਚੰਡੀਗੜ੍ਹ 14 ਜੂਨ – ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕਾਂ ਨੇ ਆਸਟ੍ਰੇਲੀਆ ਅਤੇ ਕੁਵੈਤ ਵਿੱਚ ਫਸੀਆਂ ਪੰਜਾਬ ਦੀਆਂ ਦੋ ਧੀਆਂ ਦੀ ਵਤਨ ਵਾਪਸੀ ਲਈ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਗੜ੍ਹਸ਼ੰਕਰ ਤੋਂ ਵਿਧਾਇਕ ਅਤੇ ਐਨਆਰਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕਿਸਨ ਸਿੰਘ ਰੋੜੀ ਨੇ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਧਾਰੀਵਾਲ (ਗੁਰਦਾਸਪੁਰ) ਦੀ ਸੰਯੁਕਤ ਅਰਬ ਅਮੀਰਾਤ ਯੂਏਈ ਵਿੱਚ ਫਸੀ ਮਹਿਲਾ ਅਤੇ ਆਸਟ੍ਰੇਲੀਆ ਵਿੱਚ ਫਸੀ ਮਾਲਵੇ ਦੀ ਇੱਕ ਹੋਰ ਲੜਕੀ ਦੀ ਵਤਨ ਵਾਪਸੀ ਲਈ ਭਾਰਤੀ ਵਿਦੇਸ਼ ਸੇਵਾ (ਆਈ ਐੱਫ ਐੱਸ) ਦੇ ਅਧੀਨ ਸਕੱਤਰ ਡਾਕਟਰ ਜੀ.ਡੀ. ਪਾਡੇ ਸਮੇਤ ਹੋਰ ਅਧਿਕਾਰੀਆਂ ਨੂੰ ਮਿਲੇ।
ਕੁਲਤਾਰ ਸਿੰਘ ਸੰਧਵਾਂ ਅਤੇ ਜੈ ਕਿਸਨ ਸਿੰਘ ਰੋੜੀ ਨੇ ਕਿਹਾ ਕਿ ਸਾਡੇ ਸੂਬੇ ਅਤੇ ਦੇਸ ਦੀਆਂ ਸਰਕਾਰਾਂ ਦੀਆਂ ਗ਼ਲਤ ਅਤੇ ਮਾਰੂ ਨੀਤੀਆਂ ਕਾਰਨ ਅੱਜ ਰੋਜ਼ੀ ਰੋਟੀ ਲਈ ਹਰ ਕੋਈ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਇਸ ਖ਼ਤਰਨਾਕ ਅਤੇ ਚਿੰਤਾਜਨਕ ਰੁਝਾਨ ਲਈ ਹੁਣ ਤੱਕ ਸੱਤਾ ਉੱਤੇ ਕਾਬਜ਼ ਚੱਲਦੀਆਂ ਆ ਰਹੀਆਂ ਸਰਕਾਰਾਂ ਜ਼ਿੰਮੇਵਾਰ ਹਨ। ਜੋ ਘਰ-ਘਰ ਨੌਕਰੀ ਜਾਂ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦੇ ਚੋਣ ਵਾਅਦੇ ਕਰਦੀਆਂ ਹਨ, ਪਰੰਤੂ ਜਿੱਤਣ ਤੋਂ ਬਾਅਦ ਅਜਿਹੇ ਧਰਾਤਲ ਪੱਧਰ ਦੇ ਵਾਅਦੇ ਅਤੇ ਆਮ ਲੋਕਾਂ ਦੀਆਂ ਜਰੂਰਤਾਂ ਦੀ ਪੂਰਤੀ ਇਨ੍ਹਾਂ ਸਰਕਾਰਾਂ ਦੇ ਏਜੰਡੇ ਉੱਤੇ ਹੀ ਨਹੀਂ ਰਹਿੰਦੀ।
ਦੋਵੇਂ ‘ਆਪ’ ਵਿਧਾਇਕਾਂ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਅਤੇ ਢਿੱਲੀ ਪਹੁੰਚ ਕਾਰਨ ਅੱਜ ਹਰ ਸ਼ਹਿਰ ਵਿੱਚ ਫ਼ਰਜ਼ੀ ਟ੍ਰੈਵਲ ਏਜੰਟਾਂ ਦੇ ਗੈਂਗ ਚੱਲ ਰਹੇ ਹਨ। ਜੋ ਭੋਲੇ-ਭਾਲੇ ਜ਼ਰੂਰਤਮੰਦ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਗ਼ਲਤ ਵੀਜ਼ਿਆਂ ਉੱਤੇ ਵਿਦੇਸ਼ੀ ਜਹਾਜ਼ ਭਰ ਰਹੇ ਹਨ,ਪ੍ਰੰਤੂ ਉੱਥੇ ਪਹੁੰਚ ਕੇ ਸਾਡੇ ਲੜਕੇ ਅਤੇ ਲੜਕੀਆਂ ਭਾਰੀ ਮੁਸੀਬਤਾਂ ਵਿੱਚ ਫਸ ਜਾਂਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਗਲਤ ਤਰੀਕੇ ਅਤੇ ਵੀਜਾ ਸ੍ਰੇਣੀ ਪ੍ਰਤੀ ਧੋਖੇ ਵਿੱਚ ਰੱਖ ਕੇ ਵਿਦੇਸ਼ ਭੇਜਣ ਵਾਲੇ ਠੱਗ ਟ੍ਰੈਵਲ ਏਜੰਟਾਂ ਪ੍ਰਤੀ ‘ਜ਼ੀਰੋ ਟੋਲਰੈਂਸ’ ਵਾਲੀ ਨੀਤੀ ਅਪਣਾਈ ਜਾਵੇ। ਅਜਿਹੇ ਕੇਸਾਂ ਵਿੱਚ ਸਰਕਾਰ ਨਾ ਸਿਰਫ ਟਰੈਵਲ ਏਜੰਟਾਂ ਨੂੰ ਅੰਦਰ ਕਰੇ, ਸਗੋਂ ਉਨ੍ਹਾਂ ਦੀ ਦੁਕਾਨ ਬੰਦ ਕਰਕੇ ਉਨ੍ਹਾਂ ਦੀ ਸੰਪਤੀ ਵੀ ਕੁਰਕ ਕਰੇ ਤਾਂ ਕਿ ਸੂਬੇ ਵਿੱਚ ਕੋਈ ਵੀ ਟਰੈਵਲ ਏਜੰਟ ਕਿਸੇ ਜ਼ਰੂਰਤਮੰਦ ਸ਼ਖ਼ਸ ਨੂੰ ਧੋਖਾ ਦੇਣ ਤੋਂ ਪਹਿਲਾਂ ਸੌ ਵਾਰ ਸੋਚੇ।