ਸੇਵਾ ਭੋਜ ਯੋਜਨਾ ਤਹਿਤ ਲੰਗਰ ਦਾ ਨਾਂ ਬਦਲਣਾ ਬੇਹੱਦ ਮੰਦਭਾਗਾ : ਕਰਨੈਲ ਸਿੰਘ ਪੀਰ ਮੁਹੰਮਦ

34

 ਕੇਂਦਰ ਸਰਕਾਰ ਦੇ ਪਿੱਠੂ ਬਾਦਲ ਤੇ ਬਾਦਲਾਂ ਦੇ ਪਿੱਠੂ ਸ਼੍ਰੋਮਣੀ ਕਮੇਟੀ ਵਾਲੇ: ਕਰਨੈਲ ਸਿੰਘ ਪੀਰ ਮੁਹੰਮਦ

 ਬਾਦਲ ਪਰਿਵਾਰ ਪੰਜਾਬਆਰ.ਐੱਸ.ਐੱਸਦਾ ਰਾਜ ਲਿਆਉਣਾ ਚਾਹੁੰਦਾ: ਸ਼੍ਰੋਮਣੀ ਅਕਾਲੀ ਦਲ (ਟਕਸਾਲੀ)

ਚੰਡੀਗੜ੍ਹ 14 ਜੂਨ – ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਅੱਜ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋਂ ਜੋ ਧਾਰਮਿਕ ਸਥਾਨਾਂ ਤੇ ਲੰਗਰ ਉੱਤੇ ਜੀਐਸਟੀ ਬਦਲੇ “ਸੇਵਾ ਭੋਜ ਯੋਜਨਾ” ਤਹਿਤ ਰਾਹਤ ਦਿੱਤੀ ਹੈ ਉਸ ਨਾਲ ਗੁਰੂ ਸਾਹਿਬਾਨਾਂ ਵਲੋਂ ਚਲਾਏ ਗਏ ਲੰਗਰ ਨਾਮ ਦੇ ਸ਼ਬਦ ਦੀ ਘੋਰ ਬੇਅਦਬੀ ਕੀਤੀ ਗਈ ਹੈ ਜੋ ਸਿੱਖ ਕੌਮ ਵਲੋਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਕੇਂਦਰ ਸਰਕਾਰ ਅਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਬਾਦਲਾਂ ਦੀ ਪਿੱਠੂ ਬਣ ਕੇ ਰਹਿ ਚੁੱਕੀ ਹੈ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਵਿਚ ਆਰਐੱਸਐੱਸ ਦਾ ਰਾਜ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਕੁੱਝਕੁ ਉਚੀਆਂ ਕੁਰਸੀਆਂ ਹਾਸਲ ਕਰਨ ਲਈ ਬਾਦਲ ਪਰਿਵਾਰ ਹੁਣ ਗੁਰੂ ਸਾਹਿਬਾਨਾਂ ਵਲੋਂ ਚਲਾਏ ਗਏ ਲੰਗਰ ਨਾਮ ਦੇ ਪਵਿੱਤਰ ਸ਼ਬਦ ਨੂੰ ਸੇਵਾ ਭੋਜ ਯੋਜਨਾਂ ਵਿਚ ਤਬਦੀਲ ਕਰ ਚੁੱਕੇ ਹਨ ਜੋ ਕਿ ਬਹੁਤ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਹ ਜਿਹੇ ਸੰਵੇਦਨਸ਼ੀਲ ਅਤੇ ਗੰਭੀਰ ਮੁੱਦੇ ਜੋ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੋਣ ਉਸ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਲੰਗਰ ਉੱਤੇ ਸੇਵਾ ਭੋਜ ਯੋਜਨਾ ਤਹਿਤ ਜੀਐਸਟੀ ਲੈਣ ਦੀ ਕੀ ਲੋੜ ਹੈ ਜਦ ਕਿ ਲੰਗਰ ਉੱਤੇ ਖਰਚ ਹੋਣ ਵਾਲੀ ਰਾਸ਼ੀ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਖ਼ਰਚ ਕੀਤੀ ਜਾਂਦੀ ਹੈ ਅਤੇ ਅਜਿਹੇ ਵਿਚ ਸਿੱਖ ਸੰਗਤਾਂ ਨੂੰ ਲੰਗਰ ਦਾ ਨਾਮ ਸੇਵਾ ਭੋਜ ਯੋਜਨਾ ਦੀ ਆੜ ਵਿਚ ਭੀਖ਼ ਨਹੀਂ ਚਾਹੀਦੀ ਹੈ।

 

ਉਨ੍ਹਾਂ ਸਮੂਚੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਲੰਗਰ ਦੇ ਨਾਂ ਬਦਲੇ ਸੇਵਾ ਭੋਜ ਯੋਜਨਾ ਤਹਿਤ ਮਿਲਣ ਵਾਲੀ ਜੀਐਸਟੀ ਰਾਹਤ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁਚਾ ਸਕੇ ਅਤੇ ਬਾਦਲ ਪਰਿਵਾਰ ਨੂੰ ਇਸ ਸ਼ਰਮਨਾਕ ਹਰਕਤ ਕਰਨ ਲਈ ਸਿੱਖ ਪੰਥ ਅਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ।