ਆਏ ਸੀ ਖੂਨਦਾਨ ਕਰਨ, ਸਰੀਰਦਾਨ ਤੇ ਅੱਖਾਂ ਦਾਨ ਦਾ ਸੰਕਲਪ ਲੈ ਕੇ ਚਲੇ ਗਏ

12

— ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਇੱਕ ਹੋਰ ਰਿਕਾਰਡ, 3866 ਨੇ ਲਿਆ ਮਰਨ ਉਪਰੰਤ ਅੱਖਾਂ ਤੇ ਸਰੀਰਦਾਨ ਕਰਨ ਦਾ ਸੰਕਲਪ
— ਵਿਸ਼ਵ ਖੂਨਦਾਨ ਦਿਵਸ ਮੌਕੇ 3866 ਨੇ ਕੀਤਾ ਖੂਨਦਾਨ
— ਡੇਰਾ ਸੱਚਾ ਸੌਦਾ ਨੇ ਲਾਇਆ ਚੰਡੀਗੜ੍ਹ ’ਚ ਸੂਬਾ ਪੱਧਰੀ ਖੂਨਦਾਨ ਕੈਂਪ

ਚੰਡੀਗੜ੍ਹ, 14 ਮਈ- ਖੂਨਦਾਨ ਕਰਦੇ ਹੋਏ ਤਾਂ ਬਹੁਤ ਲੋਕਾਂ ਨੂੰ ਵੇਖਿਆ ਸੀ ਪ੍ਰੰਤੂ ਖੂਨਦਾਨ ਕਰਨ ਦੇ ਨਾਲ ਹੀ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਸੰਕਲਪ ਕਰਦਿਆਂ ਪਹਿਲੀ ਵਾਰ ਵੇਖਿਆ ਗਿਆ ਹੈ। ਚੰਡੀਗੜ੍ਹ ’ਚ ਡੇਰਾ ਸੱਚਾ ਸੌਦਾ ਵੱਲੋਂ ਲਗਾਏ ਗਏ ਖੂਨਦਾਨ ਕੈਂਪ ’ਚ ਕੁੱਝ ਅਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਿੱਥੇ ਖੂਨਦਾਨ ਕਰਨ ਦੇ ਲਈ ਆਏ ਡੇਰਾ ਪ੍ਰੇਮੀਆਂ ਨੇ ਮੌਕੇ ’ਤੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਵੀ ਭਰ ਦਿੱਤੇ। ਸ਼ੁੱਕਰਵਾਰ ਨੂੰ ਭਾਰਤੀ ਫੌਜ ਲਈ ਲੱਖਾਂ ਯੂਨਿਟ ਖੂਨ ਮੁਹੱਈਆ ਕਰਵਾਉਣ ਵਾਲੇ ਡੇਰਾ ਸੱਚਾ ਸੌਦਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਚੰਡੀਗੜ੍ਹ ’ਚ ਲਾਇਆ ਸੀ।
ਇਸ ਮੌਕੇ ਵੱਖ-ਵੱਖ ਸ਼ਹਿਰਾਂ ਤੋਂ ਆਏ ਬਲੱਡ ਬੈਂਕਾਂ ਦੀਆਂ ਟੀਮਾਂ ਵੱਲੋਂ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੂਨਦਾਨ ਕੈਂਪ ਲਾਇਆ ਗਿਆ। ਬਲੱਡ ਬੈਂਕਾਂ ਦੇ ਪ੍ਰਬੰਧਕਾਂ ਵੱਲੋਂ ਇੱਥੇ ਕਰੀਬ 3000 ਖੂਨਦਾਨੀਆਂ ਦੇ ਲਈ ਪ੍ਰਬੰਧ ਕੀਤਾ ਗਿਆ ਸੀ ਪਰ 4800 ਤੋਂ ਜ਼ਿਆਦਾ ਲੋਕਾਂ ਵੱਲੋਂ ਖੂਨਦਾਨ ਦੇ ਲਈ ਰਜਿਸਟ੍ਰੇਸ਼ਨ ਕਰਵਾਉਣ ਕਾਰਨ ਪ੍ਰਬੰਧ ਛੋਟੇ ਰਹਿ ਗਏ। ਇਸ ਕਾਰਨ ਵੱਡੀ ਗਿਣਤੀ ਖੂਨਦਾਨੀ ਖੂਨਦਾਨ ਕੀਤੇ ਬਿਨਾਂ ਹੀ ਆਪਣੇ ਘਰਾਂ ਨੂੰ ਵਾਪਿਸ ਚਲੇ ਗਏ। ਇਸ ਖੂਨਦਾਨ ਕੈਂਪ ’ਚ 3866 ਡੇਰਾ ਪ੍ਰੇਮੀਆਂ ਵੱਲੋਂ ਖੂਨਦਾਨ ਕੀਤਾ ਗਿਆ ਅਤੇ ਲਗਭਗ ਸਾਰਿਆਂ ਨੇ ਹੀ ਸਰੀਰਦਾਨ ਤੇ ਅੱਖਾਂ ਦਾਨ ਦੇ ਫਾਰਮ ਭਰਕੇ ਵੀ ਸੰਕਲਪ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜੋ 1 ਹਜ਼ਾਰ ਦੇ ਕਰੀਬ ਡੇਰਾ ਪ੍ਰੇਮੀ ਖੂਨਦਾਨ ਨਹੀਂ ਕਰ ਸਕੇ, ਉਨ੍ਹਾਂ ਨੇ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਸੰਕਲਪ ਪੱਤਰ ਜ਼ਰੂਰ ਭਰਿਆ ਹੈ।
ਇਸ ਮੌਕੇ ’ਤੇ ਡੇਰਾ ਸੱਚਾ ਸੌਦਾ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾਂ ਨੇ ਦੱਸਿਆ ਕਿ ਡਾ. ਗੁਰਮੀਤ ਰਾਮ ਰਹੀਮ ਇੰਸਾਂ ਦੇ ਮਾਰਗਦਰਸ਼ਨ ’ਚ ਡੇਰਾ ਸੱਚਾ ਸੌਦਾ ਹਮੇਸ਼ਾ ਭਾਰਤੀ ਫੌਜ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਾਉਂਦਾ ਰਿਹਾ ਹੈ। ਪਿਛਲੇ ਕਰੀਬ ਡੇਢ ਦਹਾਕੇ ਤੋਂ ਭਾਰਤੀ ਫੌਜ ਦੇ ਲਈ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿੰਨਾਂ ’ਚ ਲੱਖਾਂ ਯੂਨਿਟ ਖੂਨ ਇਕੱਠਾ ਕਰਕੇ ਭਾਰਤੀ ਫੌਜ ਨੂੰ ਦਿੱਤਾ ਜਾ ਚੁੱਕਾ ਹੈ। ਖੂਨਦਾਨ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਤਿੰਨ ਗਿੰਨੀਜ ਆਫ ਵਰਲਡ ਰਿਕਾਰਡ, ਦੋ ਏਸ਼ੀਆ ਬੁੱਕ ਆਫ ਰਿਕਾਰਡ, ਦੋ ਲਿਮਕਾ ਬੁੱਕ ਆਫ ਰਿਕਾਰਡ ਅਤੇ ਇੱਕ ਇੰਡੀਆ ਬੁੱਕ ਆਫ ਰਿਕਾਰਡ ਵੀ ਦਰਜ਼ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਭਵਿੱਖ ’ਚ ਵੀ ਭਾਰਤੀ ਫੌਜ ਦੀ ਸਹਾਇਤਾ ਲਈ ਦੇਸ਼ ਭਰ ’ਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਕੈਂਪ ’ਚੋਂ ਖੂਨ ਇਕੱਤਰ ਕਰਨ ਵਾਲੀਆਂ ਟੀਮਾਂ ’ਚ ਸਾਮਾਨਿਆ ਹਸਪਤਾਲ ਪਟਿਆਲਾ, ਬਲੱਡ ਬੈਕ ਅੋਜਸ ਹਸਪਤਾਲ ਪੰਚਕੂਲਾ, ਲਾਈਫ ਲਾਈਨ ਬਲੱਡ ਸੈਂਟਰ ਪਟਿਆਲਾ, ਬਲੱਡ ਬੈਂਕ ਮੈਕਸ ਹਸਪਤਾਲ ਮੋਹਾਲੀ, ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ, ਫਰੀਡਮ ਬਲੱਡ ਬੈਂਕ ਭਿਵਾਨੀ, ਲਾਈਫ ਲਾਈਨ ਬਲੱਡ ਬੈਂਕ ਨਾਗਪੁਰ, ਪੀਤਮਪੁਰਾ ਬਲੱਡ ਬੈਂਕ ਨਵੀਂ ਦਿੱਲੀ ਆਦਿ ਮੁੱਖ ਤੌਰ ’ਤੇ ਪੁੱਜੇ।

—-ਬਾਕਸ—
ਅੱਜ ਤੱਕ ਡੇਰਾ ਸੱਚਾ ਸੌਦਾ ਵੱਲੋਂ 189 ਖੂਨਦਾਨ ਕੈਂਪ ਲਾਏ ਜਾ ਚੁੱਕੇ ਹਨ ਜਿੰਨਾਂ ’ਚ 513136 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ। ਪੁਰੋਹਿਤ ਬਲੱਡ ਬੈਂਕ ਸ੍ਰੀ ਗੰਗਾਨਗਰ ਦੇ ਡਾ. ਵਿਸ਼ਣੂ ਪੁਰੋਹਿਤ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਇੱਕ ਅਜਿਹੀ ਸੰਸਥਾ ਹੈ ਜਿਸ ਦੇ ਜਜਬੇ ਦੀ ਕਿਤੇ ਕੋਈ ਮਿਸਾਲ ਨਹੀਂ। ਉਨ੍ਹਾਂ ਕਿਹਾ ਕਿ ਜੇਕਰ ਇਹ ਸੰਸਥਾ ਖੂਨਦਾਨ ਕਰਨਾ ਬੰਦ ਕਰ ਦੇਵੇ ਤਾਂ ਸਾਰੇ ਬਲੱਡ ਬੈਂਕਾਂ ’ਚ ਖੂਨ ਦਾ ਅਕਾਲ ਪੈ ਜਾਵੇਗਾ। ਡਾ. ਵਿਸ਼ਣੂ ਪੁਰੋਹਿਤ ਬਾਂਸਲ ਨਰਸਿੰਗ ਕਾਲਜ ਤੇ ਬੰਬੇ ਇੰਸਟੀਚਿਊਟ ਆਫ ਫਾਰਮੇਸੀ ਦੇ ਚੇਅਰਮੈਨ ਵੀ ਹਨ।

—-ਬਾਕਸ—

ਕਿਸ ਜ਼ਿਲ੍ਹੇ ਤੋਂ ਆਏ ਕਿੰਨ ਖੂਨਦਾਨੀ

ਸੰਗਰੂਰ 1220
ਪਟਿਆਲਾ 790
ਮੋਗਾ 210
ਬਠਿੰਡਾ 480
ਮੋਹਾਲੀ 370
ਚੰਡੀਗੜ੍ਹ 265
ਪੰਚਕੂਲਾ 230
ਇਸਲੇਮਾਬਾਦ 145
ਪੇਹਵਾ 156

ਕੁੱਲ 3866