ਕੈਪਟਨ ਅਮਰਿੰਦਰ ਸਿੰਘ ਵੱਲੋਂ ਫਤਹਿਵੀਰ ਦੀ ਮੌਤ ਤੋਂ ਬਾਅਦ ਸਾਰੇ ਖੁਲ੍ਹੇ ਬੋਰਾਂ ਨੂੰ ਬੰਦ ਕਰਨ ਦੇ ਨਿਰਦੇਸ਼

37

ਮੁੱਖ ਮੰਤਰੀ ਵੱਲੋਂ ਅਜਿਹੀਆਂ ਘਟਨਾਵਾਂ ਰੋਕਣ ਲਈ ਐਸ.ਓ.ਪੀਜ਼ ਤਿਆਰ ਕਰਨ ਲਈ ਆਫਤ ਪ੍ਰਬੰਧਨ ਗਰੁੱਪ ਨੂੰ ਵੀ ਹੁਕਮ

ਚੰਡੀਗੜ੍ਹ, 11 ਜੂਨ – ਸੰਗਰੂਰ ਜ਼ਿਲ੍ਹੇ ਦੇ ਸੁਨਾਮ ਇਲਾਕੇ ਦੇ ਪਿੰਡ ਭਗਵਾਨਪੁਰ ਵਿਖੇ ਬੋਰ ਵਿਚ ਡਿੱਗਕੇ 2 ਸਾਲਾਂ ਦੇ ਫਤਹਿਵੀਰ ਸਿੰਘ ਦੀ ਹੋਈ ਦਰਦਨਾਕ ਮੌਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਵਿਚ ਖੁਲ੍ਹੇ ਪਏ ਸਾਰੇ ਬੋਰਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਫਤਹਿਵੀਰ ਸਿੰਘ ਨੂੰ 108 ਘੰਟੇ ਦੀ ਸਖਤ ਜਦੋ-ਜਹਿਦ ਦੇ ਬਾਵਜੂਦ ਬਚਾਇਆ ਨਾ ਜਾ ਸਕਿਆ।

ਮੁੱਖ ਮੰਤਰੀ ਨੇ ਸੂਬੇ ਭਰ ਵਿੱਚ ਖੁਲ੍ਹੇ ਪਏ ਬੋਰਾਂ ਬਾਰੇ ਡਿਪਟੀ ਕਮਿਸ਼ਨਰਾਂ ਤੋਂ ਜਾਣਕਾਰੀ ਮੰਗੀ ਹੈ ਅਤੇ ਉਨ੍ਹਾਂ ਨੇ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਤੋਂ ਬਚਣ ਲਈ ਇਨ੍ਹਾਂ ਦੇ ਸਬੰਧ ਵਿੱਚ ਤੁਰੰਤ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਹਨ।

ਇਸ ਘਟਨਾ ‘ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਦੀ ਅਗਵਾਈ ਵਾਲੇ ਆਫਤ ਪ੍ਰਬੰਧਨ ਗਰੁੱਪ ਨੂੰ ਅਜਿਹਿਆਂ ਘਟਨਾਵਾਂ ਤੋਂ ਬਚਣ ਅਤੇ ਰੋਕਣ ਲਈ ਐਸ.ਪੀ.ਓਜ (ਸਟੈਂਡਰਡ ਆਪਰੇਟਿੰਗ ਪ੍ਰਾਸੀਜ਼ਰ) ਨੂੰ ਅੰਤਿਮ ਰੂਪ ਦੇਣ ਲਈ ਅਖਿਆ ਹੈ। ਮੁੱਖ ਮੰਤਰੀ ਫਤਹਿਵੀਰ ਨੂੰ ਬਚਾਉਣ ਲਈ ਬਚਾਉ ਕਾਰਜਾਂ ਦੀ ਲਗਾਤਾਰ ਨਿਗਰਾਨੀ ਕਰਦੇ ਰਹੇ। ਕੁਦਰਤੀ ਆਫਤਾਂ ਨਾਲ ਨਿਪਟਣ ਲਈ ਗਠਿਤ ਕੀਤੇ ਗਰੁੱਪ ਨੂੰ ਰਾਹਤ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਘਾਟ ਦਾ ਅਧਿਐਨ ਕਰਨ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਿਸੇ ਵੀ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਨੂੰ ਯਕੀਨੀ ਬਣਾਉਣ ਲਈ ਆਪਣੀਆਂ ਸਿਫਾਰਸ਼ਾਂ ਦੇਣ ਲਈ ਆਖਿਆ ਹੈ।

ਇਸ ਗਰੁੱਪ ਵਿੱਚ ਹੋਰਨਾਂ ਮੈਂਬਰਾਂ ਵਿਚ ਪ੍ਰਿੰਸੀਪਲ ਸਕੱਤਰ ਵਿੱਤ (ਪੀ.ਐਸ.ਐਫ), ਵਿੱਤ ਕਮਿਸ਼ਨਰ ਦੇਹਾਤੀ ਵਿਕਾਸ ਅਤੇ ਪੰਚਾਇਤ (ਐਫ.ਸੀ.ਆਰ.ਡੀ.ਪੀ) ਅਤੇ ਵਿੱਤ ਕਮਿਸ਼ਨਰ ਵਿਕਾਸ( ਐਫ.ਸੀ.ਡੀ) ਸ਼ਾਮਲ ਹਨ।

ਫਤਹਿਵੀਰ ਸਿੰਘ ਦੀ ਮੌਤ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ, ” ਫਤਹਿਵੀਰ ਸਿੰਘ ਦੀ ਦੁਖਦਾਈ ਮੌਤ ਬਾਰੇ ਸੁਣਕੇ ਮਨ ਬਹੁਤ ਉਦਾਸ ਹੋਇਆ ਹੈ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਭਾਰੀ ਘਾਟੇ ਨੂੰ ਸਹਿਣ ਕਰਨ ਲਈ ਪ੍ਰਮਾਤਮਾਂ ਉਸਦੇ ਪਰਿਵਾਰ ਨੂੰ ਬਲ ਬਖਸ਼ੇ। ਖੁਲ੍ਹੇ ਬੋਰਾਂ ਦੇ ਸਬੰਧ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟਾਂ ਮੰਗੀਆਂ ਗਈ ਤਾਂ ਜੋ ਭਵਿੱਖ ਵਿਚ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਅੱਗੇ ਲਿਖਿਆ ਹੈ, ” ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਕਿਸੇ ਵੀ ਜ਼ਿਲ੍ਹੇ ਵਿੱਚ ਕੋਈ ਵੀ ਖੁਲ੍ਹਾਂ ਬੋਰ ਨਾ ਹੋਣ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੂੰ 24 ਘੰਟਿਆਂ ਵਿੱਚ ਇਸ ਸਬੰਧੀ ਰਿਪੋਰਟ ਪੇਸ਼ ਕਰਨ ਲਈ ਆਖਿਆ ਗਿਆ ਹੈ। ਜੇ ਤੁਹਾਡੇ ਇਲਾਕੇ ਵਿੱਚ ਕੋਈ ਵੀ ਖੁਲ੍ਹਾ ਬੋਰ ਹੈ ਤਾਂ ਤੁਸੀਂ ਸਾਡੀ ਹੈਲਪਲਾਈਨ ਨੰਬਰ 0172-2740397 ‘ਤੇ ਫੋਨ ਕਰ ਸਕਦੇ ਹਨ।

ਬੱਚੇ ਅਤੇ ਉਸ ਦੇ ਪਰਿਵਾਰ ਲਈ ਅਰਦਾਸ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 6 ਜੂਨ ਨੂੰ ਸ਼ਾਮ 4:15 ਵਜੇ ਬੱਚੇ ਦੇ 125 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਜਾਣ ਬਾਰੇ ਸੂਚਨਾ ਮਿਲਣ ਦੇ ਕੁੱਝ ਮਿੰਟਾਂ ਅੰਦਰ ਹੀ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਬਚਾਅ ਕਾਰਜ ਆਰੰਭ ਦਿੱਤੇ ਗਏ। ਐਨ.ਡੀ.ਆਰ.ਐਫ. ਬਚਾਅ ਕਾਰਜਾਂ ਵਿੱਚ ਜੁਟ ਗਈ ਅਤੇ ਪਟਿਆਲਾ, ਸੰਗਰੂਰ ਅਤੇ ਚੰਡੀਮੰਦਰ ਕਮਾਂਡ ਦੀਆਂ ਫੌਜ ਦੀਆਂ ਅਥਾਰਟੀਆਂ ਨੂੰ ਵੀ ਉਸੇ ਵੇਲੇ ਸੂਚਿਤ ਕਰ ਦਿੱਤਾ ਗਿਆ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਵੱਲੋਂ ਹੁਣ ਤੱਕ ਹਾਸਲ ਕੀਤੀਆਂ ਰਿਪੋਰਟਾਂ ਮੁਤਾਬਕ ਐਨ.ਡੀ.ਆਰ.ਐਫ. ਦੇ ਜਵਾਨਾਂ ਨੇ ਭਾਵੇਂ ਪਹੁੰਚਣ ਦੇ 10 ਘੰਟਿਆਂ ਦੇ ਅੰਦਰ ਹੀ ਬੱਚੇ ਦੇ ਦੋਵਾਂ ਗੁੱਟਾਂ ਦੁਆਲੇ ਰੱਸੀ ਬੰਨ੍ਹ ਲਈ ਸੀ ਪਰ ਪਾਈਪ ਦਾ ਘੇਰਾ ਤੰਗ ਸੀ ਜੋ ਬੱਚੇ ਦੇ ਫਸ ਜਾਣ ਦਾ ਕਾਰਨ ਬਣ ਗਿਆ ਜਿਸ ਕਰਕੇ ਮਜ਼ਬੂਰਨ ਉਨ੍ਹਾਂ ਨੂੰ ਆਪਣਾ ਇਹ ਤਰੀਕਾ ਤਿਆਗਣਾ ਪਿਆ। ਇਸੇ ਦੌਰਾਨ ਜੇ.ਸੀ.ਬੀ. ਅਤੇ ਹੋਰ ਮਸ਼ੀਨਾਂ ਨੇ ਡੂੰਘਾਈ ਨੂੰ ਘਟਾਉਣ ਲਈ ਮੌਕੇ ‘ਤੇ ਉਸ ਥਾਂ ਉੱਪਰ ਮਿੱਟੀ ਪੁੱਟਣ ਦਾ ਕੰਮ ਕੀਤਾ ਜਿੱਥੇ ਇਹ ਕਾਰਜ ਕੀਤੇ ਜਾ ਰਹੇ ਸਨ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸੰਭਵ ਤਕਨੀਕੀ ਸਹਿਯੋਗ ਮੁਹੱਈਆ ਕਰਵਾਇਆ ਗਿਆ ਪਰ ਕਿਸੇ ਵੀ ਢਿੱਗ ਨੂੰ ਡਿੱਗਣ ਤੋਂ ਰੋਕਣ ਲਈ ਸਮਾਨਾਂਤਰ ਮਿੱਟੀ ਪੁੱਟਣ ਅਤੇ ਉਸ ਦੇ ਬਰਾਬਰ ਪਾਈਪਾਂ ਪਾਉਣ ਵਿੱਚ 46 ਘੰਟਿਆਂ ਦਾ ਸਮਾਂ ਲੱਗਾ। ਇਸੇ ਦੌਰਾਨ ਜਿੱਥੇ ਪਾਈਪ ਪਾਈ ਜਾ ਰਹੀ ਸੀ, ਉੱਥੇ ਦਿਸ਼ਾ ਦੀ ਸਮੱਸਿਆ ਹੋਣ ਕਾਰਨ ਕਾਰਵਾਈ ਵਿੱਚ ਵਿਘਨ ਪਿਆ ਜਿਸ ਕਰਕੇ ਕੁੱਝ ਸਮਤਲ ਪਟਾਈ ਕਰਨ ਦੀ ਵੀ ਲੋੜ ਪੈਦਾ ਹੋਈ।

ਐਨ.ਡੀ.ਆਰ.ਐਫ. ਦੇ ਅਧਿਕਾਰੀਆਂ ਜੋ ਪੂਰੇ ਓਪਰੇਸ਼ਨ ਦੌਰਾਨ ਫੌਜ ਨਾਲ ਲਗਾਤਾਰ ਸੰਪਰਕ ਵਿੱਚ ਸਨ, ਦੇ ਮੁਤਾਬਿਕ ਬੱਚੇ ਨੂੰ ਕੱਢਣ ਦੀ ਪ੍ਰਕਿਰਿਆ ਦੌਰਾਨ ਉਸ ਨੂੰ ਸਰੀਰਕ ਤੌਰ ‘ਤੇ ਕੋਈ ਹਾਨੀ ਨਹੀਂ ਪਹੁੰਚੀ। ਇਹ ਪ੍ਰਕਿਰਿਆ ਹੱਥੀਂ ਕੀਤੀ ਗਈ ਕਿਉਂਕਿ ਮਸ਼ੀਨਰੀ ਦੀ ਵਰਤੋਂ ਨਾਲ ਬੱਚੇ ਦਾ ਨੁਕਸਾਨ ਹੋਣ ਦੀ ਸੰਭਾਵਨਾ ਸੀ ਕਿਉਂਜੋ ਅਜਿਹੀ ਮਸ਼ੀਨਰੀ ਲਈ ਖਾਸਤੌਰ ‘ਤੇ ਪਾਣੀ ਦੀ ਲੋੜ ਹੁੰਦੀ ਹੈ।