– ਫਗਵਾੜਾ ਦੇ ਵਿਧਾਇਕ ਸੋਮ ਪ੍ਰਕਾਸ਼ ਵੀ ਚੜ੍ਹੇ ਸੰਸਦ ਦੀਆਂ ਪੌੜੀਆਂ
– ਚਾਰ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵੇਖਣਾ ਪਿਆ ਹਾਰ ਦਾ ਮੂੰਹ
ਮਾਨਸਾ, 24 ਮਈ (ਵਿਸ਼ਵ ਵਾਰਤਾ) – ਲੋਕ ਸਭਾ ਚੋਣਾਂ ਵਿਚ ਭਾਵੇਂ ਮਾਲਵੇ ਦੇ 7 ਵਿਧਾਇਕ ਸਮੇਤ ਕੁੱਲ 9 ਵਿਧਾਇਕ ਚੋਣ ਮੈਦਾਨ ਵਿਚ ਉਤਰੇ ਹੋਏ ਸਨ, ਪਰ ਇਨ੍ਹਾਂ ਵਿਚੋਂ ਸਿਰਫ ਸੁਖਬੀਰ ਸਿੰਘ ਬਾਦਲ, ਮਾਲਵਾ ਖੇਤਰ *ਚੋਂ ਅਤੇ ਹੁਸ਼ਿਆਰਪੁਰ ਤੋਂ ਸੋਮ ਪ੍ਰਕਾਸ਼, ਹੁਣ ਪੰਜਾਬ ਵਿਧਾਨ ਸਭਾ ਦੀਆਂ ਬਰੂਹਾਂ ਛੱਡਕੇ ਸੰਸਦ ਦੀਆਂ ਪੌੜੀਆਂ ਜਾ ਚੜ੍ਹੇ ਹਨ। ਇਨ੍ਹਾਂ ਦੋਨੇ ਉਮੀਦਵਾਰਾਂ *ਚੋਂ ਇਕ ਸ੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਇਕ ਭਾਜਪਾ ਦੇ ਫਗਵਾੜਾ ਤੋਂ ਵਿਧਾਇਕ ਹਨ। ਲੋਕ ਸਭਾ ਚੋਣਾਂ ਵਿਚ ਸਭ ਤੋਂ ਜਿਆਦੇ ਵਿਧਾਇਕ ਬਠਿੰਡਾ ਤੋਂ ਹੀ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਚੋਣ ਮੈਦਾਨ ਵਿਚ ਉਤਰੇ ਹੋਏ ਸਨ। ਲੋਕ ਸਭਾ ਚੋਣਾਂ ਦੇ ਕੱਲ੍ਹ ਨਿੱਕਲੇ ਨਤੀਜਿਆਂ ਵਿਚ ਚਾਰ ਰਾਜਸੀ ਪਾਰਟੀ ਦੇ ਪ੍ਰਧਾਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ, ਜਿੰਨ੍ਹਾਂ ਦਾ ਸਬੰਧ ਮਾਲਵਾ ਖੇਤਰ ਨਾਲ ਦੱਸਿਆ ਜਾਂਦਾ ਹੈ।
ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜੇ ਸੁਖਪਾਲ ਸਿੰਘ ਖਹਿਰਾ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਹਨ, ਜਦੋਂ ਕਿ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਵਿਧਾਇਕ ਹਨ ਅਤੇ ਬਠਿੰਡਾ ਲੋਕ ਸਭਾ ਹਲਕੇ ਅਧੀਨ ਆਉਂਦੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਚੋਣ ਮੈਦਾਨ ਵਿਚ ਡਟੇ ਹੋਏ ਸਨ। ਇਨ੍ਹਾਂ ਸਾਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਇਸੇ ਤਰ੍ਹਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ (ਅਕਾਲੀ ਵਿਧਾਇਕ ਲਹਿਰਾਗਾਗਾ), ਲੋਕ ਸਭਾ ਹਲਕੇ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ (‘ਆਪ* ਦੇ ਜੈਤੋ ਤੋਂ ਵਿਧਾਇਕ), ਮਾਲਵਾ ਖੇਤਰ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡਾ. ਰਾਜ ਕੁਮਾਰ ਚੱਬੇਵਾਲ ਆਪਣੀ ਚੋਣ ਹਾਰ ਗਏ ਹਨ।
ਵੇਰਵਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਾਲਵਾ ਖੇਤਰ ਨਾਲ ਜੁੜੇ ਇਕ ਵੱਡੇ ਆਗੂ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਸੰਸਦੀ ਹਲਕਾ ਗੁਰਦਾਸਪੁਰ, ਨਵਾਂ ਪੰਜਾਬ ਪਾਰਟੀ ਦੇ ਪ੍ਰਧਾਨ ਡਾ. ਧਰਮਵੀਰ ਗਾਂਧੀ ਸੰਸਦੀ ਹਲਕਾ ਪਟਿਆਲਾ, ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਲੁਧਿਆਣਾ ਸੰਸਦੀ ਹਲਕੇ ਤੋਂ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਬਠਿੰਡਾ ਹਲਕੇ ਤੋਂ ਚੋਣ ਹਾਰ ਗਏ ਹਨ।
ਦਿਲਚਸਪ ਗੱਲ ਹੈ ਕਿ ਮਾਲਵਾ ਖੇਤਰ *ਚੋਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਚੋਣ ਜਿੱਤਣ ਵਿਚ ਕਾਮਯਾਬ ਹੋਏ ਹਨ।