ਚੰਡੀਗੜ੍ਹ 24 ਮਈ – 2019 ਦੀਆਂ ਲੋਕ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ ਪਰ ਪੰਜਾਬ ਵਿਚ ਪੰਥਕ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਹੀ ਨਮੋਸ਼ੀ ਭਰੀ ਅਤੇ ਅਪਮਾਨਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਲਈ ਸਿਰਫ਼ ਬਾਦਲ ਪਰਿਵਾਰ ਜ਼ਿੰਮੇਵਾਰ ਹੈ।
ਇੱਥੇ ਅੱਜ ਪਾਰਟੀ ਮੁੱਖ ਦਫ਼ਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੂਬੇ ਭਰ ਵਿਚ ਸਮੂਚੇ ਸ਼੍ਰੋਮਣੀ ਅਕਾਲੀ ਦਲ ਦੀ ਨਿਮੋਸ਼ੀ ਭਰੀ ਅਤੇ ਅਪਮਾਨਜਨਕ ਹਾਰ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦੋਸ਼ ਲਾਉਂਦਿਆ ਕਿਹਾ ਕਿ ਫ਼ਿਰੋਜ਼ਪੁਰ ਅਤੇ ਬਠਿੰਡਾ ਤੋਂ ਇਹ ਦੋਵੇਂ (2) ਸੰਸਦੀ ਸੀਟਾਂ ਕੇਵਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਨਾਲ ਹੀ ਬਾਦਲ ਪਰਿਵਾਰ ਦੀ ਝੋਲੀ ਪਈਆਂ ਹਨ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਦੋਵੇਂ ਪਰਿਵਾਰ ਆਪਣੇ ਨਿੱਜੀ ਸਵਾਰਥਾਂ ਲਈ ਸੂਬੇ ਦੇ ਲੋਕਾਂ ਨੂੰ ਮੂਰਖ਼ ਬਣਾਉਂਦੇ ਆ ਰਹੇ ਹਨ ਜੋ ਕਿ ਬਹੁਤ ਮੰਦਭਾਗੀ ਗੱਲ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਨੀਂਹ ਸ਼ਹੀਦਾਂ ਦੇ ਖੂਨ ਪਸੀਨੇ ਨਾਲ ਸੀਚੀ ਗਈ ਸੀ ਜੋ ਧਾਰਮਿਕ ਅਤੇ ਸਮਾਜਿਕ ਜਮਾਤ ਤੇ ਸਿੱਖ ਪੰਥ ਲਈ ਪਹਿਰਾ ਦਿੰਦੀ ਸੀ ਅੱਜ ਉਸ ਪੰਥਕ ਪਾਰਟੀ ਨੂੰ ਬਾਦਲਕਿਆਂ ਨੇ ਆਪਣੇ ਨਿੱਜੀ ਮੁਫਾਦਾਂ ਅਤੇ ਧੰਨ ਦੌਲਤ ਲਈ ਪੂਰੀ ਤਰ੍ਹਾਂ ਨਾਲ ਕਲੰਕਿਤ ਕਰ ਕੇ ਰੱਖ ਦਿੱਤਾ ਹੈ ਜੋ ਕਿ ਬਹੁਤ ਸ਼ਰਮ ਵਾਲੀ ਗੱਲ ਹੈ।
ਸ੍ਰ. ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਦੀ ਤਿੱਖੇ ਸ਼ਬਦਾਂ ਵਿਚ ਅਲੋਚਨਾ ਕਰਦੇ ਹੋਏ ਕਿਹਾ ਕਿ ਇਹਨਾਂ ਦੋਹਾਂ ਲਈ ਸ਼ਰਮ ਵਾਲੀ ਗੱਲ ਹੈ ਕਿ ਅੱਜ ਪੂਰੀ ਪਾਰਟੀ ਨੂੰ ਸੂਬੇ ਭਰ ਵਿਚ ਬਹੁਤ ਅਪਮਾਨਜਨਕ ਅਤੇ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਬਾਦਲ ਪਰਿਵਾਰ ਇਸ ਹਾਰ ਲਈ ਚਿੰਤਨ ਕਰਨ ਦੀ ਬਜਾਏ ਭੰਗੜਾ, ਗਿੱਧਾ ਅਤੇ ਕਿੱਕਲੀਆਂ ਪਾ ਰਹੇ ਹੈ ਜੋ ਕਿ ਬਾਦਲ ਪਰਿਵਾਰ ਨੂੰ ਪਾਰਟੀ ਦੀ ਸ਼ਰਮਨਾਕ ਹਾਰ ਲਈ ਚੱਪਣੀ ‘ਚ ਪਾਣੀ ਪਾ ਕੇ ਡੁੱਬ ਮਰਨਾ ਚਾਹੀਦਾ ਹੈ ਪਰ ਅਫ਼ਸੋਸ ਬਾਦਲ ਪਰਿਵਾਰ ਨੂੰ ਆਪਣੇ ਕੀਤੇ ਗੁਨਾਹਾਂ ਦਾ ਕੋਈ ਰੋਸ ਨਹੀਂ ਹੈ।
ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇਸ ਸ਼ਰਮਨਾਕ ਹਾਰ ਲਈ ਸਮੂਚੇ ਸਿੱਖ ਪੰਥ ਅਤੇ ਪਾਰਟੀ ਵਰਕਰਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।