ਪਟਿਆਲਾ, 13 ਮਈ- ਮੋਦੀ ਸਰਕਾਰ ਨੇ ਦੇਸ਼ ਦੇ ਅੰਨਦਾਤਾ ਕਿਸਾਨਾਂ ਨਾਲ ਵੱਡਾ ਧਰੋਹ ਕਮਾਇਆ। ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਦੀ ਆਮਦਨ ਪੰਜਾਂ ਸਾਲਾਂ ਵਿੱਚ ਦੁਗਣੀ ਕਰਨ ਅਤੇ ਸੁਆਮੀ ਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਤਾਂ ਪੂਰਾ ਕੀ ਕਰਨਾ ਸੀ ਸਗੋਂ ਕਿਸਾਨਾਂ ਨੂੰ ਇਸ ਮੁਦੇ ਤੇ ਲਗਾਤਾਰ ਪੰਜ ਸਾਲ ਗੁੰਮਰਾਹ ਕਰਦੇ ਰਹੇ। ਇਹ ਵਿਚਾਰ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਨੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕੀਤੇ। ਉਹਨਾਂ ਆਖਿਆ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਵੱਡੇ ਉਦਯੋਪਤੀਆ ਦਾ ਕਰਜ ਮੁਆਫ ਕਰਨ ਨੂੰ ਤਰਜ਼ੀਹ ਦਿੱਤੀ ਅਤੇ ਕਿਸਾਨਾਂ ਨੂੰ ਕਰਜੇ ਦੀ ਦਲ ਦਲ ਵਿੱਚ ਲਵਾਰਸ ਛੱਡ ਦਿੱਤਾ ਅਤੇ ਕਿਸਾਨ ਆਰਥਿਕ ਬੋਝ ਨਾ ਝੱਲਦੇ ਹੋਏ ਖੁਦਕਸ਼ੀਆਂ ਕਰਨ ਨੂੰ ਮਜਬੂਰ ਹੋਏ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕਰਜੇ ਦੇ ਬੋਝ ਹੇਠੋ ਕੱਢਣ ਲਈ ਉਹਨਾਂ ਦੇ ਕਰਜਾ ਮੁਆਫੀ ਦਾ ਮਸਲਾ ਕਈ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਵਿੱਚ ਲਿਆਂਦਾ ਪ੍ਰੰਤੂ ਉਹਨਾਂ ਵਲੋਂ ਕੋਈ ਹੁੰਗਾਰਾ ਨਾ ਦਿੱਤਾ ਗਿਆ।
ਪਰਨੀਤ ਕੌਰ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਬਾਵਜੂਦ ਪੰਜਾਬ ਦੇ ਛੋਟੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜਾ ਮੁਆਫ ਕਰਨ ਦਾ ਵੱਡਾ ਹੰਭਲਾ ਮਾਰਿਆ ਤਾਂ ਜੋ ਇਹਨਾਂ ਕਿਸਾਨਾਂ ਨੂੰ ਕਰਜੇ ਦੇ ਬੋਝ ਹੇਠੋਂ ਕੱਢਿਆ ਜਾ ਸਕੇ। ਉਹਨਾਂ ਹੋਰ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ, ੳਦੋਂ ਤੋਂ ਹੀ ਕਣਕ ਅਤੇ ਝੋਨੇ ਦੇ ਸੀਜਨ ਵਿੱਚ ਮੰਡੀਆਂ ਵਿੱਚ ਬਿਨਾਂ ਕਿਸੇ ਰੁਕਾਵਟ ਤੋਂ ਕਿਸਾਨਾਂ ਦੀ ਸਾਰੀ ਜਿਣਸ ਸਰਕਾਰੀ ਖਰੀਦ ਏਜੰਸੀਆਂ ਵਲੋਂ ਨਿਸ਼ਚਤ ਭਾਅ ਤੇ ਖਰੀਦੀ ਗਈ ਹੈ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਲਈ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਭਾਜਪਾ ਸਰਕਾਰ ਨੇ ਪਟਿਆਲਾ ਲੋਕ ਸਭਾ ਹਲਕੇ ਨੂੰ ਵਿਕਾਸ ਪੱਖੋਂ ਪੂਰੀ ਤਰਾਂ ਅਣਗੌਲਿਆ ਕੀਤਾ। ਜਦੋਂ ਕਿ ਇਸ ਹਲਕੇ ਦਾ ਵਿਕਾਸ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਅਤੇ ਹੁਣ ਪਿਛਲ ਦੋ ਸਾਲਾਂ ਤੋਂ ਇਸ ਹਲਕੇ ਦੀ ਵਿਕਾਸ ਪੱਖੋਂ ਕਾਇਆ ਕਲਪ ਕਰਨ ਲਈ ਵੱਡੀ ਪੱਧਰ ਤੇ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ । ਜਿਹਨਾਂ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਦੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਪਟਿਆਲਾ ਲੋਕ ਸਭਾ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਵਾਸਤੇ ਉਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਲੋਕ ਸਭਾ ਵਿੱਚ ਭੇਜਣ।