ਐਸ.ਏ.ਐਸ. ਨਗਰ, 11 ਅਪ੍ਰੈਲ-ਐਸ.ਏ.ਐਸ. ਨਗਰ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਵਾਹਨ ਚੋਰ ਗਿਰੋਹ ਦੇ ਤਿੰਨ ਮੈਂਬਰਾਂ ਦੀ ਪੁੱਛ-ਪੜਤਾਲ ਅਤੇ ਨਿਸ਼ਾਨਦੇਹੀ ‘ਤੇ ਚੋਰੀ ਦੀਆਂ 12 ਹੋਰ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐਸ.ਏ.ਐਸ. ਨਗਰ ਸ਼ਹਿਰ ਵਿੱਚ ਪਿਛਲੇ ਮਹੀਨਿਆਂ ਦੌਰਾਨ ਇਕ ਕਾਰ ਚੋਰ ਗਿਰੋਹ ਕਾਫੀ ਸਰਗਰਮ ਸੀ। ਉਨ੍ਹਾਂ ਜ਼ਿਲ੍ਹੇ ਵਿੱਚ ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਕੰਟਰੋਲ ਕਰਨ ਅਤੇ ਚੋਰੀ ਹੋਏ ਵਾਹਨਾਂ ਨੂੰ ਟਰੇਸ ਕਰਵਾਉਣ ਲਈ ਐਸ.ਪੀ. (ਜਾਂਚ) ਐਸ.ਏ.ਐਸ. ਨਗਰ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. (ਜਾਂਚ) ਐਸ.ਏ.ਐਸ. ਨਗਰ ਸ੍ਰੀ ਗੁਰਦੇਵ ਸਿੰਘ ਧਾਲੀਵਾਲ ਅਤੇ ਇੰਚਾਰਜ ਸੀ.ਆਈ.ਏ. ਸਟਾਫ ਐਸ.ਏ.ਐਸ. ਨਗਰ ਇੰਸਪੈਕਟਰ ਸਤਵੰਤ ਸਿੰਘ ਦੀ ਡਿਊਟੀ ਲਾਈ ਸੀ। ਇਸ ਟੀਮ ਨੇ ਖ਼ੁਫ਼ੀਆ ਇਤਲਾਹ ‘ਤੇ 4 ਅਪ੍ਰੈਲ ਨੂੰ ਵਰਨਾ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਸੁਰਜੀਤ ਸਿੰਘ ਵਾਸੀ ਸਰੂਪ ਨਗਰ ਦਿੱਲੀ, ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਮਾਡਲ ਟਾਊਨ ਹੁਸ਼ਿਆਰਪੁਰ ਅਤੇ ਬਲਜਿੰਦਰ ਸਿੰਘ ਉਰਫ ਬਿੰਦਾ ਵਾਸੀ ਪਿੰਡ ਭੂਰਾ ਕੋਨਾ, ਜ਼ਿਲ੍ਹਾ ਤਰਨ ਤਾਰਨઠਨੂੰ ਚੈਕਿੰਗ ਮਗਰੋਂ ਕਾਬੂ ਕੀਤਾ ਸੀ ਅਤੇ ਕਾਰਾਂ ਦੇ ਤਾਲੇ ਖੋਲ੍ਹਣ ਲਈ ਵਰਤੇ ਜਾਂਦੇ ਔਜ਼ਾਰ ਬਰਾਮਦ ਕੀਤੇ ਸਨ। ਇਸ ਸਬੰਧੀ ਥਾਣਾ ਸੋਹਾਣਾ ਵਿੱਚ 18 ਮਾਰਚ ਨੂੰ ਭਾਰਤੀ ਦੰਡਾਵਲੀ ਦੀ ਧਾਰਾ 379 ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਮਗਰੋਂ ਵੱਖ ਵੱਖ ਕਿਸਮ ਦੀਆਂ 8 ਗੱਡੀਆਂ ਅਤੇ 1 ਸਕੂਟਰੀ, ਗੱਡੀਆਂ ਚੋਰੀਆਂ ਕਰਨ ਸਮੇਂ ਵਰਤੇ ਜਾਂਦੇ 28 ਕਿਸਮ ਦੇ ਔਜ਼ਾਰ ਅਤੇ 9 ਗੱਡੀਆਂ ਦੀਆਂ ਆਰ.ਸੀਜ਼ ਬਰਾਮਦ ਕਰਵਾਈਆਂ ਗਈਆਂ ਸਨ।ઠ
ઠ ਸ. ਭੁੱਲਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਗਈ। ਪੁੱਛ-ਪੜਤਾਲ ਦੌਰਾਨ ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਵੱਖ ਵੱਖ ਕਿਸਮ ਦੀਆਂ 12 ਹੋਰ ਕਾਰਾਂ (5 ਆਲਟੋ, 3 ਸਵਿੱਫਟ, 1 ਇੰਡੀਗੋ, 1 ਸ਼ੈਵਰਲੇ ਓਪਟਰਾ, 1 ਇਟੀਓਸ ਲੀਵਾ ਅਤੇ 1 ਜ਼ੈੱਨ ) ਵੱਖ ਵੱਖ ਥਾਵਾਂ ਤੋਂ ਬਰਾਮਦ ਕੀਤੀਆਂ ਗਈਆਂ ਸਨ। ਹੁਣ ਬਰਾਮਦ ਕੀਤੀਆਂ 12 ਵਿੱਚੋਂ 10 ਕਾਰਾਂ ਐਸ.ਏ.ਐਸ. ਨਗਰ ਦੀਆਂ ਵੱਖ ਵੱਖ ਥਾਵਾਂ ਤੋਂ ਚੋਰੀ ਕੀਤੀਆਂ ਗਈਆਂ ਸਨ। ਮੁਲਜ਼ਮਾਂ ਨੇ ਚੋਰੀ ਕੀਤੀਆਂ ਗੱਡੀਆਂ ਉਤੇ ਹਾਦਸਿਆਂ ਵਿੱਚ ਪੂਰੀ ਤਰ੍ਹਾਂ ਨੁਕਸਾਨੀਆਂ ਗੱਡੀਆਂ ਦਾ ਚੈਸੀ ਅਤੇ ਇੰਜਣ ਨੰਬਰ ਲਾ ਕੇ ਅੱਗੇ ਵੇਚਣ ਲਈ ਵੱਖ ਵੱਖ ਥਾਵਾਂ ‘ਤੇ ਖੜ੍ਹੀਆਂ ਕੀਤੀਆਂ ਹੋਈਆਂ ਸਨ। ਮੁਲਜ਼ਮ 12 ਅਪ੍ਰੈਲ ਤੱਕ ਪੁਲਿਸ ਰਿਮਾਂਡ ‘ਤੇ ਹਨ, ਜਿਨ੍ਹਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਚੋਰੀ ਹੋਈ ਮਰਸੀਡੀਜ਼ ਫ਼ੇਜ਼-7 ਦੀ ਮਾਰਕੀਟ ‘ਚੋਂ ਮਿਲੀ
ਜ਼ਿਲ੍ਹਾ ਪੁਲੀਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਫ਼ੇਜ਼-5 ਦੀ ਮਾਰਕੀਟ ਵਿੱਚੋਂ ਚੋਰੀ ਹੋਈ ਮਰਸੀਡੀਜ਼ ਕਾਰ ਫ਼ੇਜ਼-7 ਦੀ ਮਾਰਕੀਟ ਵਿੱਚੋਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ 10 ਅਪ੍ਰੈਲ ਨੂੰ ਕਰਨਵੀਰ ਸਿੰਘ ਵਾਸੀ ਮਕਾਨ ਨੰਬਰ 2733/ਬੀ ਐਮ ਆਈ ਜੀ ਫਲੈਟ ਸੈਕਟਰ-70 ਨੇ ਪੁਲਿਸ ਥਾਣਾ ਫ਼ੇਜ਼-1 ਨੂੰ ਇਤਲਾਹ ਦਿੱਤੀ ਸੀ ਕਿ ਉਸ ਨੇ ਆਪਣੀ ਚਿੱਟੇ ਰੰਗ ਦੀ ਕਾਲੀ ਛੱਤ ਵਾਲੀ ਮਰਸੀਡੀਜ਼ ਕਾਰ (ਪੀ.ਬੀ. 30 ਐਸ 0003), ਕਲਿਆਣ ਜਿਊਲਰਜ਼ ਮਾਰਕੀਟ ਫੇਜ਼-5, ਐਸ.ਏ.ਐਸ. ਨਗਰ ਵਿਖੇ ਖੜ੍ਹੀ ਕੀਤੀ ਸੀ, ਜੋ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 10 ਅਪ੍ਰੈਲ ਨੂੰ ਥਾਣਾ ਫ਼ੇਜ਼-1 ਐਸ.ਏ.ਐਸ. ਨਗਰ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਇਤਲਾਹ ਮਿਲਣ ‘ਤੇ ਉਨ੍ਹਾਂ ਤੁਰੰਤ ਸਮੂਹ ਥਾਣਿਆਂ ਨੂੰ ਚੌਕਸ ਕਰ ਕੇ ਨਾਕਾਬੰਦੀਆਂ ਕਰਵਾ ਕੇ ਚੈਕਿੰਗ ਸ਼ੁਰੂ ਕਰਵਾਈ ਤਾਂ ਐਸ.ਏ.ਐਸ. ਨਗਰ ਪੁਲਿਸ ਨੇ ਇਹ ਕਾਰ ਰਾਤ ਤਕਰੀਬਨ 9.30 ਵਜੇ ਫ਼ੇਜ਼-7 ਦੀ ਮਾਰਕੀਟ ਦੀ ਪਾਰਕਿੰਗ ਵਿੱਚੋਂ ਬਰਾਮਦ ਕਰ ਲਈ।
ਕੈਪਸ਼ਨ: ਐਸ.ਏ.ਐਸ. ਨਗਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਾਹਨ ਚੋਰ ਗਿਰੋਹ ਦੇ ਮੈਂਬਰਾਂ ਦੀ ਨਿਸ਼ਾਨਦੇਹੀ ਉਤੇ ਹੋਰ ਕਾਰਾਂ ਬਰਾਮਦ ਹੋਣ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ।