ਪੰਜਾਬ ਸਰਕਾਰ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਤਬਾਦਲੇ ਦੇ ਫੈਸਲੇ ਨੂੰ ਮੁੜ ਵਿਚਾਰਨ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਕੋਲ ਪਹੁੰਚ ਕਰੇਗੀ
ਕੈਪਟਨ ਅਮਰਿੰਦਰ ਸਿੰਘ ਨੇ ਤਬਾਦਲੇ ਦੇ ਹੁਕਮ ਨੂੰ ਅਕਾਲੀ-ਭਾਜਪਾ ਦੇ ਇਸ਼ਾਰੇ ’ਤੇ ਪੱਖਪਾਤੀ ਫੈਸਲਾ ਲੈਣ ਅਤੇ ਦਖਲਅੰਦਾਜ਼ੀ ਕਰਾਰ ਦਿੱਤਾ
ਚੰਡੀਗੜ, 9 ਅਪ੍ਰੈਲ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਤੋਂ ਖਫ਼ਾ ਹੁੰਦਿਆਂ ਇਸ ਨੂੰ ‘ਪੱਖਪਾਤੀ ਹੁਕਮ’ ਕਰਾਰ ਦਿੱਤਾ ਹੈ। ਪੰਜਾਬ ਸਰਕਾਰ ਨੇ ਆਈ.ਜੀ. ਦੇ ਤਬਾਦਲੇ ਦੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਭਾਰਤੀ ਚੋਣ ਕਮਿਸ਼ਨ ਤੱਕ ਪਹੁੰਚ ਕਰਨ ਦਾ ਵੀ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਮੁਤਾਬਕ ਅਕਾਲੀ ਦਲ ਦੇ ਇਕ ਲੀਡਰ ਦੀ ਸ਼ਿਕਾਇਤ ’ਤੇ ਭਾਰਤੀ ਚੋਣ ਕਮਿਸ਼ਨ ਦਾ ਇਹ ਹੁਕਮ ਬਰਗਾੜੀ ਗੋਲੀ ਕਾਂਡ ਦੀ ਜਾਂਚ ਵਿੱਚ ਸਿੱਧੀ ਦਖਲਅੰਦਾਜ਼ੀ ਕੀਤਾ ਜਾਣਾ ਜਾਪਦਾ ਹੈ ਜਿਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਨਿਆਂ ਅਤੇ ਸੰਵਿਧਾਨਿਕ ਮਰਿਆਦਾ ਦੇ ਹਿੱਤ ਵਿੱਚ ਭਾਰਤੀ ਚੋਣ ਕਮਿਸ਼ਨ ਨੂੰ ਆਪਣੇ ਫੈਸਲੇ ’ਤੇ ਮੁੜ ਗੌਰ ਕਰਨ ਲਈ ਆਖਿਆ ਜਾਵੇ।