ਮਾਨਸਾ ਜ਼ਿਲ੍ਹੇ *ਚੋਂ ਉਮੀਦਵਾਰ ਬਣਨ ਲਈ ਦਰਜਨਾਂ ਹੋਏ ਤਿਆਰ
ਮਾਨਸਾ, 19 ਮਾਰਚ- ਬਾਦਲ ਪਰਿਵਾਰ ਦੇ ਨਿੱਜੀ ਸਮਝੇ ਜਾਂਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਨਾ ਲੜਨ ਦੇ ਪੇਂਡੂ ਖੁੰਢ ਚਰਚਿਆਂ ਦੌਰਾਨ ਰਾਜ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਇਸ ਹਲਕੇ ਵਿਚਲੇ ਆਗੂਆਂ ਅੱਜ ਕੱਲ੍ਹ ਹੌਸਲੇ ਬੁਲੰਦ ਹੋਏ ਜਾਪਦੇ ਹਨ ਅਤੇ ਉਨ੍ਹਾਂ ਵੱਲੋਂ ਹੁਣ ਟਿਕਟ ਹਾਸਲ ਕਰਨ ਲਈ ਦਿੱਲੀ ਦਰਬਾਰ ਦੇ ਗੇੜੇ ਮਾਰਨੇ ਆਰੰਭ ਕਰ ਦਿੱਤੇ ਹਨ। ਇਨ੍ਹਾਂ ਆਗੂਆਂ ਵੱਲੋਂ ਬਹੁਤੇ ਉਹ ਵੀ ਹਨ, ਜਿਹੜੇ ਦੋ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਟਿਕਟ *ਤੇ ਚੋਣ ਹਾਰ ਗਏ ਸਨ। ਮਾਨਸਾ ਜ਼ਿਲ੍ਹੇ ਦੇ ਬਹੁਤੇ ਕਾਂਗਰਸੀ ਆਗੂਆਂ ਨੇ ਹੁਣ ਟਿਕਟ ਹਾਸਲ ਕਰਨ ਲਈ ਉਸ ਵੇਲੇ ਹੱਥ—ਪੈਰ ਮਾਰਨੇ ਆਰੰਭ ਕਰ ਦਿੱਤੇ ਹਨ, ਜਦੋਂ ਨਵਜੋਤ ਕੌਰ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਰਣਇੰਦਰ ਸਿੰਘ ਟਿੱਕੂ ਸਮੇਤ ਹੋਰ ਵੱਡੇ ਕਾਂਗਰਸੀ ਨੇਤਾਵਾਂ ਨੇ ਚੋਣ ਲੜਨ ਤੋਂ ਫਿਲਹਾਲ ਚੁੱਪ ਧਾਰੀ ਹੋਈ ਹੈ।
ਦੱਸਣਯੋਗ ਹੈ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਪਿਛਲੇ 10 ਸਾਲਾਂ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਮੈਂਬਰ ਵੱਜੋ ਕੰਮ ਕਰਦੇ ਆ ਰਹੇ ਹਨ, ਬੇਸ਼ੱਕ ਬਾਦਲ ਪਰਿਵਾਰ ਵੱਲੋਂ ਇਸ ਹਲਕੇ ਵਿਚ ਵੱਡੀ ਪੱਧਰ ਉਪਰ ਵਿਕਾਸ ਕਾਰਜ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਅਕਾਲੀ ਸਿਰਫ ਦੋ ਹਲਕਿਆਂ ਉਪਰ ਹੀ ਜਿੱਤ ਦਰਜ ਕਰਵਾਉਣ ਵਿਚ ਕਾਮਯਾਬ ਰਿਹਾ ਹੈ, ਜਦੋਂ ਕਿ ਬਾਕੀ ਸੱਤ ਹਲਕਿਆਂ ਉਤੇ ਕਾਂਗਰਸ ਅਤੇ ‘ਆਪ* ਦੇ ਵਿਧਾਇਕਾਂ ਨੂੰ ਜਿੱਤ ਪ੍ਰਾਪਤ ਹੋਈ ਸੀ, ਪਰ ਹੁਣ ਆਮ ਆਦਮੀ ਪਾਰਟੀ ਵਿਚਲੀ ਪਾਟੋ—ਧਾੜ ਨੇ ਬਠਿੰਡਾ ਲੋਕ ਸਭਾ ਹਲਕੇ ਵਿਚ ਪਾਰਟੀ ਦੀ ਪੁਜੀਸ਼ਨ ਨੂੰ ਕਸੂਤੀ ਸਥਿਤੀ ਵਿਚ ਪਾਇਆ ਹੋਇਆ ਹੈ। ਕਾਂਗਰਸੀਆਂ ਦੇ ਵਧੇ ਹੌਸਲਿਆਂ ਲਈ ‘ਆਪ* ਦੀ ਇਹ ਫੁੱਟ ਵੀ ਇਕ ਟੋਨਿਕਰੂਪੀ ਕੰਮ ਕਰਨ ਲੱਗੀ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ਼ ਬਾਲਾ, ਸਾਬਕਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਿਕਰਮ ਸਿੰਘ ਮੋਫਰ ਸਮੇਤ ਤਿੰਨ ਵਾਰ ਦੇ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਵੀ ਮੁੱਖ ਰੂਪ ਵਿਚ ਇਸ ਜ਼ਿਲ੍ਹੇ *ਚੋਂ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਵਿਚ ਹਨ, ਜਦੋਂ ਕਿ ਜ਼ਿਲ੍ਹਾ ਪਰਿਸ਼ਦ ਦੀ ਚੋਣ ਜਿੱਤਣ ਵਾਲੀ ਪੀ.ਐਚ.ਡੀ. ਕਰ ਰਹੀ ਅਤੇ ਮਰਹੂਮ ਲੋਭ ਸਭਾ ਮੈਂਬਰ ਹਾਕਮ ਸਿੰਘ ਮੀਆਂ ਦੀ ਪੋਤੀ ਜਸਪਿੰਦਰ ਕੌਰ ਮੀਆਂ ਦਾ ਨਾਮ ਵੀ ਚਮਕਣ ਲੱਗਿਆ ਹੈ, ਜਦੋਂ ਕਿ ਇਨ੍ਹਾਂ ਤੋਂ ਬਿਨਾਂ ਕਈ ਹੋਰ ਆਗੂ ਬਾਦਲਾਂ ਦੀ ਚੁੱਪ ਦਾ ਲਾਹਾ ਲੈਕੇ ਟਿਕਟ ਹਾਸਲ ਕਰਨ ਲਈ ਯਤਨਸ਼ੀਲ ਹਨ।
ਬਠਿੰਡਾ ਹਲਕੇ ਵਿਚ ਵੱਡੇ ਸ਼ਹਿਰਾਂ ਸਮੇਤ ਕਈ ਵੱਡੇ ਕਸਬੇ ਵੀ ਜੁੜੇ ਹੋਏ ਹਨ। ਬੇਸ਼ੱਕ ਪਿੰਡਾਂ ਵਿਚ ਅਕਾਲੀ ਦਲ ਆਪਣੇ ਆਪ ਨੂੰ ਤਾਕਤਵਰ ਮਹਿਸੂਸ ਕਰ ਰਿਹਾ ਹੈ, ਪਰ ਸ਼ਹਿਰਾਂ ਅਤੇ ਕਸਬਿਆਂ ਵਿਚ ਅਕਾਲੀ ਦਲ ਦਾ ਗਣਿਤ ਵਿਗੜਦਾ ਵਿਖਾਈ ਦੇਣ ਲੱਗਾ ਹੈ, ਜਿਸ ਨੂੰ ਵੇਖਦੇ ਹੋਏ ਅਕਾਲੀ ਦਲ ਨੇ ਪਿਛਲੇ ਇਕ ਹਫਤੇ ਤੋਂ ਬਠਿੰਡਾ ਵਿਚ ਆਪਣੀਆਂ ਸਰਗਰਮੀਆਂ ਉਤੇ ਰੋਕ ਲਾਈ ਹੋਈ ਹੈ।
ਉਧਰ ਦੂਜੇ ਪਾਸੇ ਕਾਂਗਰਸੀ ਆਗੂਆਂ ਵੱਲੋਂ ਬਾਦਲ ਪਰਿਵਾਰ ਦੇ ਇਸ ਹਲਕੇ ਤੋਂ ਚੋਣ ਨਾ ਲੜਨ ਦੇ ਚਰਚਿਆਂ ਨੂੰ ਲੈਕੇ ਆਪਣੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ, ਜਦੋਂ ਕਿ ਇਕ ਦਰਜਨ ਦੇ ਕਰੀਬ ਕਾਂਗਰਸੀ ਆਗੂ ਇਸ ਹਲਕੇ ਤੋਂ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਦੱਸ ਰਹੇ ਹਨ। ਇਨ੍ਹਾਂ ਆਗੂਆਂ ਨੂੰ ਲੱਗ ਰਿਹਾ ਹੈ ਕਿ ਜੇਕਰ ਬਾਦਲ ਪਰਿਵਾਰ ਇਸ ਲੋਕ ਸਭਾ ਹਲਕੇ ਤੋਂ ਚੋਣ ਨਹੀਂ ਲੜਦਾ ਤਾਂ ਇਹ ਹਲਕਾ ਕਾਗਰਸ ਦੀ ਝੋਲੀ ਵਿਚ ਜਾ ਸਕਦਾ ਹੈ, ਕਿਉਂਕਿ ਪਿਛਲੇ ਵਾਰੀ ਇਸ ਲੋਕ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ, ਸਿਰਫ 18 ਹਜਾਰ ਵੋਟ *ਤੇ ਚੋਣ ਹਾਰੇ ਸਨ, ਜਦੋਂ ਕਿ ਹੁਣ ਕਾਂਗਰਸ ਦੀ ਸਰਕਾਰ ਹੋਣ ਕਾਰਨ ਕਾਂਗਰਸੀਆਂ ਨੂੰ ਬਦਲੇ ਹਲਾਤਾਂ ਵਿਚ ਟਿਕਟ ਹਾਸਲ ਕਰਨ ਲਈ ਉਪਰਲੇ ਆਗੂਆਂ ਤੱਕ ਅਪਰੋਚ ਕੀਤੀ ਜਾਣ ਲੱਗੀ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਥੋੜਾ ਸਮਾਂ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਵਿਚ ਛੋਟੇ ਪਿੰਡਾਂ ਤੋਂ ਬਿਨਾਂ ਵੱਡੇ ਪਿੰਡਾਂ ਵਿਚ ਵੀ ਸ੍ਰੋਮਣੀ ਅਕਾਲੀ ਦਲ ਅਤੇ ‘ਆਪ* ਤੋਂ ਆਪਣੇ ਉਮੀਦਵਾਰ ਖੜ੍ਹੇ ਹੀ ਨਹੀਂ ਕੀਤੇ ਗਏ ਸੀ, ਜਿਸ ਕਾਰਨ ਸਾਰੀਆਂ ਪੰਚਾਇਤਾਂ ਕਾਂਗਰਸੀ ਦੀ ਝੋਲੀ ਪੈ ਗਈਆਂ ਅਤੇ ਜਿਥੇ ਕਿਤੇ ਕਾਂਗਰਸੀਆਂ ਦੀ ਆਪਸੀ ਮੁਕਾਬਲੇਬਾਜੀ ਹੋਈ ਸੀ, ਉਥੇ ਵੀ ਹੁਣ ਸੁਲਾਹ—ਸਫਾਈਆਂ ਹੋ ਚੁੱਕੀਆਂ ਹਨ।